Punjab

ਬਾਜਵਾ ਦੀ ਦੂਜੀ ਵਾਰ ਕੋਰੋਨਾ ਰਿਪੋਰਟ ਆਈ ਪਾਜ਼ਿਟਿਵ, ਮੁੱਖ ਮੰਤਰੀ ਸਮੇਤ ਸਾਰੇ ਮੰਤਰੀ ਕਰਵਾਉਣਗੇ ਆਪਣਾ ਕੋਰੋਨਾ ਟੈਸਟ

‘ਦ ਖ਼ਾਲਸ ਬਿਊਰੋ :- ਬੀਤੀ ਰਾਤ ਪੰਜਾਬ ਦੇ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਉਣ ਮਗਰੋਂ ਅੱਜ ਮੁੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਮੰਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣਾ ਕੋਰੋਨਾ ਟੈਸਟ ਕਰਵਾਉਣ। ਮੁੱਖ ਮੰਤਰੀ ਦੇ ਇਸ ਫ਼ੈਸਲੇ ਨਾਲ ਸਾਰੇ ਮੰਤਰੀਆਂ ਨੇ ਕੋਰੋਨਾ ਟੈਸਟ ਕਰਵਾਉਣ ਦੀ ਸਹਿਮਤੀ ਭਰੀ ਹੈ। ਕੈਪਟਨ ਨੇ ਇਸ ਫ਼ੈਸਲੇ ਨੂੰ ਖੁੱਦ ‘ਤੇ ਵੀ ਲਾਗੂ ਕਰਦਿਆਂ ਆਪਣਾ ਕੋਰੋਨਾ ਟੈਸਟ ਕਰਵਾਉਣ ਦੀ ਹਾਮੀ ਭਰੀ ਹੈ।

ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਦੂਜੀ ਵਾਰ ਕੋਰੋਨਾ ਰਿਪੋਰਟ ਪਾਜ਼ਿਟਿਵ ਆਉਣ ‘ਤੇ ਮੁੱਖ ਮੰਤਰੀ ਨੇ ਸਾਰੇ ਮੰਤਰੀਆਂ ਨੂੰ ਆਪਣੀ ਕੋਰੋਨਾ ਜਾਂਚ ਕਰਵਾਉਣ ਦੀ ਹਿਦਾਇਤ ਕੀਤੀ ਹੈ। ਬਾਜਵਾ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ (Fortis Hospital) ‘ਚ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ 10 ਜੁਲਾਈ ਨੂੰ ਬਾਜਵਾ ਦਾ ਕੋਰੋਨਾ ਟੈਸਟ ਕਰਾਇਆ ਗਿਆ ਸੀ, ਜੋ ਕਿ 11 ਜੁਲਾਈ ਨੂੰ ਰਿਪੋਰਟ ਆਉਣ ‘ਤੇ ਪਾਜ਼ਿਟਿਵ ਪਾਇਆ ਗਿਆ ਸੀ। ਇਸ ਤੋਂ ਬਾਅਦ ਕੱਲ੍ਹ ਦੁਬਾਰਾ ਉਨ੍ਹਾਂ ਦਾ ਟੈਸਟ ਲਿਆ ਗਿਆ ਸੀ ਜੋ ਕਿ ਪਾਜ਼ਿਟਿਵ ਆਇਆ ਹੈ।

ਜਾਣਕਾਰੀ ਮੁਤਾਬਿਕ ਤ੍ਰਿਪਤ ਬਾਜਵਾ ਦੇ ਘਰ ਨੂੰ ਸੈਨੇਟਾਇਜ਼ ਕਰਵਾਇਆ ਜਾ ਰਿਹਾ ਹੈ ਤੇ ਉਨ੍ਹਾਂ ਨਾਲ ਕੰਮ ਕਰਨ ਵਾਲਿਆਂ ਦਾ ਵੀ ਕੋਰੋਨਾ ਟੈਸਟ ਕਰਵਾਇਆ ਜਾਵੇਗਾ ਤੇ ਜਿਨ੍ਹਾਂ ਨਾਲ ਉਨ੍ਹਾਂ ਦਾ ਸੰਪਰਕ ਹੋਇਆ ਉਨ੍ਹਾਂ ਲੋਕਾਂ ਦਾ ਵੀ ਟੈਸਟ ਹੋਵੇਗਾ। ਉਨ੍ਹਾਂ ਦੀ ਹਾਲਤ ਸਥਿਰ ਹੈ ਤੇ ਇੱਕ ਦੋ ਦਿਨਾਂ ਲਈ ਨਿਗਰਾਨੀ ‘ਚ ਰੱਖਣ ਤੋਂ ਬਾਅਦ ਘਰ ਵਿੱਚ ਹੀ ਅਲਗ ਰਹਿਣ ਲਈ ਭੇਜਿਆ ਜਾ ਸਕਦਾ ਹੈ।