Punjab

ਭਾਜਪਾ ਨੂੰ ਟੁਕੜੇ-ਟੁਕੜੇ ਗੈਂਗ ਦੱਸਣ ਵਾਲੇ ਬਾਦਲ ਖੁਦ ਵੀ ਇਸ ਗੈਂਗ ਦਾ ਹਿੱਸਾ : ਅਮਨ ਅਰੋੜਾ

‘ਦ ਖ਼ਾਲਸ ਬਿਊਰੋ :- ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਟਿੱਪਣੀ ‘ਤੇ ਆਮ ਆਦਮੀ ਪਾਰਟੀ ਪੰਜਾਬ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਭਾਜਪਾ ਨੂੰ ਟੁਕੜੇ – ਟੁਕੜੇ ਗੈਂਗ ਕਹਿ ਰਹੇ ਹਨ, ਅਸਲ ਵਿੱਚ ਅਕਾਲੀ ਦਲ ਖ਼ੁਦ ਵੀ ਉਸੇ ਟੁਕੜੇ-ਟੁਕੜੇ ਗੈਂਗ ਦਾ ਹਿੱਸਾ ਹਨ।
‘ਆਪ ਆਗੂ ਅਮਨ ਅਰੋੜਾ ਨੇ ਕਿਹਾ ਕਿ ਜਨਤਾ ਦਾ ਗ਼ੁੱਸਾ ਦੇਖ ਕੇ ਇਹ ਆਪਣੇ ਆਪ ਨੂੰ ਭਾਜਪਾ ਤੋਂ ਵੱਖ ਕਰਨ ਦਾ ਦਿਖਾਵਾਂ ਕਰ ਰਹੇ ਹਨ, ਅਤੇ ਆਪਣੇ ਚੋਣਾਵੀਂ ਲਾਭ ਲਈ ਫਿਰ ਤੋਂ ਮਿਲ ਜਾਣਗੇ। ਕਿਉਂਕਿ ਬਾਦਲ ਦਲ ਹੁਣ ਤੱਕ ਭਾਜਪਾ ਦੇ ਟੁਕੜਿਆਂ ਉੱਤੇ ਹੀ ਪਲਦਾ ਰਿਹਾ ਹੈ ਅਤੇ ਇਸ ਟੁਕੜੇ – ਟੁਕੜੇ ਗੈਂਗ ਦੀ ਸਰਕਾਰ ਵਿੱਚ ਹਰਸਿਮਰਤ ਕੌਰ ਬਾਦਲ ਮੰਤਰੀ ਰਹੀ ਸੀ। ਕੇਂਦਰੀ ਖੇਤੀ ਕਾਨੂੰਨ ਲਾਗੂ ਕਰਨ ਵਿੱਚ ਅਕਾਲੀ ਦਲ ਬਾ੍ਦਲ ਦੇ ਯੋਗਦਾਨ ਉੱਤੇ ਟਿੱਪਣੀ ਕਰਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਬਾਦਲ ਦਲ ਨੇ ਇਸ ਟੁਕੜੇ-ਟੁਕੜੇ ਗੈਂਗ ਨਾਲ ਮਿਲ ਕੇ ਖੇਤੀ ਕਾਨੂੰਨ ਬਣਾਇਆ ਅਤੇ ਅੱਜ ਜਨਤਾ ਦਾ ਗ਼ੁੱਸਾ ਦੇਖ ਕੇ ਨਾਟਕ ਕਰ ਰਹੇ ਹਨ।

ਬਾਦਲ ਦਲ ਦੇ ਦੋਗਲੇਪਣ ਉੱਤੇ ਅਮਨ ਅਰੋੜਾ ਨੇ ਕਿ ਬਾਦਲ ਦਲ ਇੱਕ ਮਹੀਨੇ ਪਹਿਲਾਂ ਤੱਕ ਟੁਕੜੇ-ਟੁਕੜੇ ਗੈਂਗ ਦੀ ਸਰਕਾਰ ਦਾ ਹਿੱਸਾ ਸੀ ਅਤੇ ਦਿਨ-ਰਾਤ ਉਸ ਦਾ ਹੀ ਗੁਣਗਾਨ ਕਰਦਾ ਰਹਿੰਦਾ ਸੀ। ਅਕਾਲੀ ਦਲ ਲੋਕਾਂ ਨੂੰ ਗੁਮਰਾਹ ਕਰਨ ਲਈ ਪਾਖੰਡ ਕਰ ਰਿਹਾ ਹੈ ਅਤੇ ਚੋਣਾਂ ਬਾਦ ਬਾਦਲ-ਭਾਜਪਾ ਫਿਰ ਇਕੱਠੇ ਹੋ ਜਾਣਗੇ।

ਅੱਜ ਕਿਸਾਨ ਇਸ ਕੜਾਕੇ ਦੀ ਠੰਢ ਵਿੱਚ ਆਪਣੀ ਹੋਂਦ ਤੇ ਜ਼ਮੀਨ ਬਚਾਉਣ ਲਈ ਦਿੱਲੀ ਦੀ ਸਰਹੱਦ ਉੱਤੇ ਬੈਠਕੇ ਲੜਾਈ ਲੜ ਰਿਹਾ ਹੈ, ਉੱਥੇ ਦੂਜੇ ਪਾਸੇ ਲੋਕਾਂ ਵੱਲੋਂ ਨਕਾਰਿਆ ਬਾਦਲ ਦਲ ਹੁਣ ਆਪਣੀ ਸਿਆਸੀ ਜ਼ਮੀਨ ਲੱਭ ਰਿਹਾ ਹੈ। ਬਾਦਲ ਦਲ ਆਪਣੇ ਰਾਜਨੀਤਿਕ ਲਾਭ ਲਈ ਕਿਸੇ ਵੀ ਹੱਦ ਤੱਕ ਡਿਗ ਸਕਦਾ ਹੈ। ਪੰਜਾਬ ਵਿੱਚ ਭਾਜਪਾ ਤੇ ਬਾਦਲਾਂ ਨੇ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਅਤੇ ਦੋਸ਼ੀਆਂ ਨੂੰ ਬਚਾਉਣ ਵਾਸਤੇ ਬਹੁਤ ਮਾੜਾ ਕੰਮ ਕੀਤਾ ਹੈ। ਸ਼ਾਂਤਮਈ ਤਰੀਕੇ ਨਾਲ ਇਨਸਾਫ਼ ਦੀ ਮੰਗ ਕਰ ਰਹੇ ਸਿੱਖਾਂ ਉੱਤੇ ਗੋਲੀ ਚਲਾਉਣ ਦੇ ਮਾਮਲੇ ‘ਚ ਭਾਜਪਾ ਅਤੇ ਅਕਾਲੀ ਦਲ ਦੋਵੇਂ ਹੀ ਬਰਾਬਰ ਦੇ ਜ਼ਿੰਮੇਵਾਰ ਹਨ।

ਅਮਨ ਅਰੋੜਾ ਨੇ ਕਿਹਾ ਕਿ ਧਰਮ ਦੇ ਨਾਂ ਉੱਤੇ ਵੰਡਣ ਦੇ ਮਾਮਲੇ ਵਿਚ ਬਾਦਲ ਦਲ ਅਤੇ ਭਾਜਪਾ ਦੋਵੇਂ ਇੱਕੋ ਜਿਹੇ ਹਨ। ਦੋਵਾਂ ਦਾ ਕੰਮ ਲੋਕਾਂ ਨੂੰ ਵੰਡ ਕੇ ਰਾਜਨੀਤਿਕ ਲਾਭ ਲੈਣਾ ਹੈ। ਬਾਦਲਾਂ ਦੀ ਨੀਅਤ ਉੱਤੇ ਸਵਾਲ ਉਠਾਉਂਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਖੇਤੀ ਬਿੱਲਾਂ ਕਿਸਾਨਾਂ ਲਈ ਫ਼ਾਇਦੇਮੰਦ ਦੱਸਣ ਵਾਲਾ ਬਾਦਲ ਹੁਣ ਕਿਸ ਮੂੰਹ ਨਾਲ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ। ਪ੍ਰਕਾਸ਼ ਸਿੰਘ ਬਾਦਲ ਨੂੰ 5 ਵਾਰ ਮੁੱਖ ਮੰਤਰੀ ਕੁਰਸੀ ”ਤੇ ਬਿਠਾਉਣ ਵਾਲੇ ਕਿਸਾਨਾਂ ਲਈ ਇੱਕ ਵੀ ਸ਼ਬਦ ਨਹੀਂ ਬੋਲ ਰਹੇ ਹਨ।