Punjab Religion

ਸਿੱਖ ਰਾਜ ਦੇ ਪਹਿਲੇ ਬਾਦਸ਼ਾਹ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ, ਪੁੱਤਰ ਅਜੇ ਸਿੰਘ ਅਤੇ ਹੋਰ ਸਿੰਘਾਂ ਦਾ ਸ਼ਹੀਦੀ ਸਾਕਾ

ਦ ਖਾਲਸ ਬਿਊਰੋ:-  ਸਿੱਖ ਇਤਿਹਾਸ ਨੂੰ ਸਿੱਖ ਗੁਰੂ ਸਾਹਿਬਾਨਾਂ,ਮਹਾਨ ਸੂਰਬੀਰ ਯੋਧਿਆਂ ਨੇ ਆਪਣੀਆਂ ਲਾਸਾਨੀ ਸ਼ਹਾਦਤਾਂ ਦੇ ਕੇ ਆਪਣੇ ਖੂਨ ਨਾਲ ਸਿੰਜਿਆ ਹੈ। ਪੰਜਾਬ ਦੀ ਧਰਤੀ ਸਦੀਆਂ ਤੋਂ ਵਿਦੇਸ਼ੀ ਹਮਲਾਵਰਾਂ ਦੇ ਪੈਰਾਂ ਥੱਲੇ ਲਤਾੜੀ ਜਾਂਦੀ ਰਹੀ ਹੈ। ਗੁਰੂ ਸਾਹਿਬਾਨ ਇੱਥੋਂ ਦੀ ਦੱਬੀ-ਕੁਚਲੀ, ਸਾਹਸਹੀਣ ਤੇ ਨਿਰਾਸ਼ਤਾ ਵਿੱਚ ਘਿਰੀ ਲੋਕਾਈ ਲਈ ਅਧਿਆਤਮਕ ਗਿਆਨ, ਉੱਦਮ, ਸੂਰਬੀਰਤਾ, ਆਤਮ-ਸਨਮਾਨ, ਆਤਮਵਿਸ਼ਵਾਸ,ਫਤਿਹ ਅਤੇ ਚੜ੍ਹਦੀ ਕਲਾ ਵਾਲੇ ਜੀਵਨ ਦਾ ਸੁਨੇਹਾ ਲੈ ਕੇ ਆਏ ਸਨ। ਉਨ੍ਹਾਂ ਨੇ ਆਪਣੇ ਮਹਾਨ ਜੀਵਨ, ਸੱਚੀ-ਸੁੱਚੀ ਕਹਿਣੀ ਤੇ ਕਰਨੀ ਅਤੇ ਅੰਮ੍ਰਿਤ ਬਾਣੀ ਨਾਲ ਪੰਜਾਬ ਦੇ ਲੋਕਾਂ ਵਿੱਚ ਇੱਕ ਨਵੇਂ ਜੀਵਨ ਦਾ ਸੰਚਾਰ ਕਰ ਦਿੱਤਾ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭਗਤੀ ਤੇ ਸ਼ਕਤੀ ਦੇ ਧਾਰਨੀ, ਸੰਤ-ਸਿਪਾਹੀ ਅਤੇ ਇੱਕ ਸੁਤੰਤਰ ਤੇ ਸੰਪੂਰਨ ਖਾਲਸਾ ਪੰਥ ਦੀ ਸਾਜਨਾ ਕਰਕੇ ਪੰਜਾਬ ਦੇ ਦ੍ਰੜੇ ਹੋਏ ਲੋਕਾਂ ਅੰਦਰ ਇੱਕ ਨਵੀਂ ਰੂਹ ਪੈਦਾ ਕਰ ਦਿੱਤੀ ਜਿਸ ਤੋਂ ਬਾਅਦ ਇੱਕ-ਇੱਕ ਸਿੰਘ ਆਪਣੇ-ਆਪ ਨੂੰ ਸਵਾ ਲੱਖ ਦੇ ਬਰਾਬਰ ਸਮਝਣ ਲੱਗ ਪਿਆ। ਮੁਗ਼ਲ ਹਕੂਮਤ ਅਤੇ ਸਥਾਨਕ ਰਜਵਾੜਿਆਂ ਨੇ ਇਸ ਨਵੀਂ ਪੈਦਾ ਹੋਈ ਰੌਸ਼ਨੀ ਨੂੰ ਖ਼ਤਮ ਕਰਨ ਦਾ ਯਤਨ ਕੀਤਾ। ਇਸ ਸੰਘਰਸ਼ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ, ਚਾਰ ਸਾਹਿਬਜ਼ਾਦੇ, ਮਾਤਾ ਗੁਜਰੀ ਜੀ ਅਤੇ ਅਨੇਕਾਂ ਸਿੰਘ-ਸਿੰਘਣੀਆਂ ਅਤੇ ਭੁਝੰਗੀ ਸ਼ਹੀਦ ਹੋ ਗਏ। ਥੋੜ੍ਹੀ ਗਿਣਤੀ ਵਿੱਚ ਹੋਣ ’ਤੇ ਵੀ ਚਮਕੌਰ ਦੀ ਗੜ੍ਹੀ ਅਤੇ ਮੁਕਤਸਰ ਦੇ ਸਥਾਨ ’ਤੇ ਸਿੰਘਾਂ ਨੇ ਸ਼ਾਹੀ ਫੌਜ ਦਾ ਮੂੰਹ ਤੋੜ ਜਵਾਬ ਦਿੱਤਾ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾਂਦੇੜ ਵਿਖੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਸਿੰਘ ਸਜਾਇਆ ਅਤੇ ਖਾਲਸੇ ਦਾ ਆਗੂ ਥਾਪ ਕੇ ਜ਼ਾਲਮਾਂ ਦੀ ਸੋਧ ਕਰਨ ਹਿੱਤ ਪੰਜਾਬ ਵੱਲ ਤੋਰ ਦਿੱਤਾ। ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਅਗਵਾਈ ਵਿੱਚ ਖਾਲਸੇ ਨੇ ਪੰਜਾਬ ਵਿੱਚ ਇਕ ਅਜਿਹਾ ਸਿੰਘ ਨਾਦ ਪੈਦਾ ਕੀਤਾ ਕਿ, ਜ਼ੁਲਮੀ ਮੁਗ਼ਲ ਰਾਜ ਦੇ ਮਹਿਲ ਢਹਿ-ਢੇਰੀ ਹੋਣ ਲੱਗੇ। ਡਰਾਉਣੇ ਅਤੇ ਜ਼ਾਲਮ ਸੂਬੇਦਾਰ ਅਤੇ ਵੱਡੇ-ਵੱਡੇ ਫੌਜ਼ਦਾਰ ਖ਼ੁਦ ਡਰ ਨਾਲ ਕੰਬਣ ਲੱਗ ਪਏ।

ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਨਮ 16 ਅਕਤੂਬਰ, 1670 ਈ. ਨੂੰ ਪੁਣਛ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਰਾਜੌਰੀ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਰਾਮਦੇਵ ਸੀ, ਜੋ ਇੱਕ ਸਾਧਾਰਨ ਕਿਸਾਨ ਸੀ। ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਪਹਿਲਾ ਨਾਮ ਲਛਮਣ ਦੇਵ ਸੀ। ਉਨ੍ਹਾਂ ਨੂੰ ਸ਼ਿਕਾਰ ਖੇਡਣ ਦਾ ਬਹੁਤ ਸ਼ੌਕ ਸੀ। ਇੱਕ ਦਿਨ ਉਨ੍ਹਾਂ ਨੇ ਇੱਕ ਹਿਰਨੀ ਦਾ ਸ਼ਿਕਾਰ ਕੀਤਾ। ਹਿਰਨੀ ਦੇ ਪੇਟ ਵਿੱਚ ਦੋ ਬੱਚੇ ਸਨ ਜੋ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਤੜਫ਼-ਤੜਫ਼ ਕੇ ਮਰ ਗਏ। ਲਛਮਣ ਦੇਵ ਨੂੰ ਇਸ ਘਟਨਾ ਨੇ ਝੰਜੋੜ ਕੇ ਰੱਖ ਦਿੱਤਾ ਅਤੇ ਉਨ੍ਹਾਂ ਨੇ ਅੱਗੇ ਤੋਂ ਕਦੇ ਸ਼ਿਕਾਰ ਨਾ ਖੇਡਣ ਦੀ ਸਹੁੰ ਖਾਧੀ। ਹਿਰਨੀ ਦੇ ਸ਼ਿਕਾਰ ਤੋਂ ਬਾਅਦ ਉਨ੍ਹਾਂ ਦੇ ਮਨ ਵਿੱਚ ਉਦਾਸੀਨਤਾ ਦੀ ਭਾਵਨਾ ਜਾਗ ਉੱਠੀ ਤੇ ਆਪ ਜੀ ਦਾ ਨਾਮ ਮਾਧੋ ਦਾਸ ਬੈਰਾਗੀ ਪੈ ਗਿਆ। ਉਹ ਸਾਧੂਆਂ ਦੇ ਇੱਕ ਟੋਲੇ ਨਾਲ ਮਿਲ ਕੇ ਭਾਰਤ ਵਿੱਚ ਤੀਰਥਾਂ ’ਤੇ ਘੁੰਮਣ ਫਿਰਨ ਲੱਗੇ। ਕੁੱਝ ਸਮੇਂ  ਬਾਅਦ ਨਾਸਿਕ ਵਿਖੇ ਪਹੁੰਚਣ ’ਤੇ ਉਨ੍ਹਾਂ ਦਾ ਮੇਲ ਇੱਕ ਜੋਗੀ ਔਘੜ ਨਾਥ ਨਾਲ ਹੋਇਆ। ਔਘੜ ਨਾਥ ਇਕ ਤਾਂਤਰਿਕ ਸੀ, ਜੋ ਜੰਤਰ-ਮੰਤਰ ਵਿਚ ਨਿਪੁੰਨ ਸੀ। ਲਛਮਣ ਦੇਵ ਉਨ੍ਹਾਂ ਦੇ ਚੇਲਾ ਬਣ ਗਏ ਅਤੇ ਉਨ੍ਹਾਂ ਕੋਲ ਹੀ ਰਹਿਣ ਲੱਗੇ। ਉਨ੍ਹਾਂ ਨੇ ਔਘੜ ਨਾਥ ਦੀ ਤਨੋ-ਮਨੋ ਸੇਵਾ ਕੀਤੀ। ਔਘੜ ਨਾਥ ਨੇ ਆਪਣਾ ਗ੍ਰੰਥ ‘ਸਿਧ ਅਨੂਨੀਆ’ ਵੀ ਲਛਮਣ ਦੇਵ ਦੇ ਹਵਾਲੇ ਕਰ ਦਿੱਤਾ ਸੀ। ਲਛਮਣ ਦੇਵ ਨੇ ਆਪਣਾ ਸੁਤੰਤਰ ਡੇਰਾ ਗੋਦਾਵਰੀ ਦੇ ਕੰਢੇ ਨਾਂਦੇੜ ਦੇ ਸਥਾਨ ’ਤੇ ਬਣਾ ਲਿਆ ਸੀ। ਉਸ ਇਲਾਕੇ ਦੇ ਲੋਕਾਂ ਵਿੱਚ ਉਨ੍ਹਾਂ ਦੀ ਬੜੀ ਪ੍ਰਸਿੱਧੀ ਹੋ ਗਈ ਸੀ।

ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਦੱਖਣ ਦੀ ਯਾਤਰਾ ਸਮੇਂ 1708 ਈ. ਵਿੱਚ ਨਾਂਦੇੜ ਪਹੁੰਚੇ। ਗੁਰੂ ਜੀ ਨੂੰ ਮਾਧੋ ਦਾਸ ਦੀ ਪ੍ਰਸਿੱਧੀ ਦੀ ਜਾਣਕਾਰੀ ਮਿਲ ਚੁੱਕੀ ਸੀ। ਇੱਕ ਦਿਨ ਉਹ ਸਿੰਘਾਂ ਸਮੇਤ ਮਾਧੋ ਦਾਸ ਦੇ ਡੇਰੇ ਜਾ ਬਿਰਾਜਮਾਨ ਹੋਏ। ਮਾਧੋ ਦਾਸ ਸਤਿਗੁਰਾਂ ਨੂੰ ਆਪਣੇ ਆਸਣ ਉੱਤੇ ਬਿਰਾਜਮਾਨ ਵੇਖ ਕੇ ਬਹੁਤ ਕ੍ਰੋਧਵਾਨ ਹੋਇਆ। ਪਰ ਉਨ੍ਹਾਂ ਦੇ ਸਾਰੇ ਜੰਤਰ-ਮੰਤਰ ਫੇਲ੍ਹ ਹੋ ਗਏ। ਮਾਧੋ ਦਾਸ ਗੁਰੂ ਜੀ ਦੀ ਅਗੰਮੀ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਦੇ ਮਨ ਵਿੱਚ ਪੂਰਨ ਬ੍ਰਹਮਗਿਆਨ ਦੀ ਅਭਿਲਾਖਾ ਸੀ। ਇਸ ਦੀ ਪੂਰਤੀ ਲਈ ਉਹ ਗੁਰੂ ਜੀ ਦਾ ਬੰਦਾ, ਉਨ੍ਹਾਂ ਦਾ ਸੇਵਕ ਬਣ ਗਏ। ਗੁਰੂ ਜੀ ਨੇ ਉਨ੍ਹਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਅਤੇ ਉਨ੍ਹਾਂ ਦਾ ਨਵਾਂ ਨਾਮ ਗੁਰਬਖ਼ਸ਼ ਸਿੰਘ ਅਤੇ ਬੰਦਾ ਸਿੰਘ ਬਹਾਦਰ ਰੱਖ ਦਿੱਤਾ। ਬੰਦਾ ਸਿੰਘ ਜੀ ਇੱਕ ਤਪੱਸਵੀ ਸਨ। ਗੁਰੂ ਸਾਹਿਬ ਜੀ ਦਾ ਪ੍ਰਤੱਖ ਰੂਪ ਵਿੱਚ ਆਸ਼ੀਰਵਾਦ ਅਤੇ ਛੋਹ ਪ੍ਰਾਪਤ ਕਰਕੇ ਉਨ੍ਹਾਂ ਨੇ ਥੋੜ੍ਹੇ ਦਿਨਾਂ ਵਿੱਚ ਹੀ ਗੁਰਮਤਿ ਦਾ ਗਿਆਨ ਅਤੇ ਖਾਲਸੇ ਦੀ ਰਹਿਤ ਦ੍ਰਿੜ੍ਹ ਕਰ ਲਈ ਸੀ। ਗੁਰੂ ਜੀ ਦੀ ਚਰਨ-ਛੋਹ ਪ੍ਰਾਪਤ ਕਰ ਕੇ ਉਨ੍ਹਾਂ ਨੇ ਜੰਤਰ-ਮੰਤਰ ਤਿਆਗ ਕੇ ਧੁਰ ਕੀ ਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਸੀ। ਉਹ ਇਸ ਤਰ੍ਹਾਂ ਪੂਰਨ ਗੁਰਸਿੱਖ ਤੇ ਗੁਰੂਘਰ ਦਾ ਪੱਕਾ ਸੇਵਕ ਬਣ ਚੁੱਕੇ ਸੀ।

ਗੁਰੂ ਜੀ ਨੇ ਉਨ੍ਹਾਂ ਦਾ ਨਿਸ਼ਚਾ, ਦ੍ਰਿੜ੍ਹਤਾ ਅਤੇ ਯੋਗਤਾ ਵੇਖ ਕੇ ਹੀ ਉਨ੍ਹਾਂ ਨੂੰ ਖਾਲਸੇ ਦਾ ਆਗੂ ਥਾਪਿਆ। ਬਾਬਾ ਬੰਦਾ ਸਿੰਘ ਜੀ ਬਹਾਦਰ ਆਪਣੇ ਸਮੇਂ ਦੇ ਇੱਕ ਉੱਤਮ ਦਰਜੇ ਦੇ ਸਿੱਖ ਯੋਧਾ ਅਤੇ ਪਹਿਲੇ ਸਿੱਖ ਹੁਕਮਰਾਨ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਆਦੇਸ਼ ਅਨੁਸਾਰ ਸਿੰਘਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਹੇਠ ਪੰਜਾਬ ਵਿੱਚ ਜੋ ਇਨਕਲਾਬ ਲਿਆਂਦਾ, ਉਹ ਇੱਕ ਹੈਰਾਨੀਕੁੰਨ ਇਤਿਹਾਸਕ ਹਕੀਕਤ ਹੈ।

ਬਾਬਾ ਬੰਦਾ ਸਿੰਘ ਬਹਾਦਰ ਜੀ ਜਦ 1708 ਈ: ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਲੈਣ ਉਪਰੰਤ ਪੰਜਾਬ ਨੂੰ ਤੁਰੇ ਤਾਂ ਉਨ੍ਹਾਂ ਦੇ ਸਾਹਮਣੇ ਮੁੱਖ ਉਦੇਸ਼ ਜ਼ੁਲਮ ਅਤੇ ਜ਼ਾਲਮਾਂ ਦੀ ਸਮਾਪਤੀ ਤੇ ਪੰਜਾਬ ਦੀ ਉਸ ਸੁਤੰਤਰਤਾ ਨੂੰ ਬਹਾਲ ਕਰਨਾ ਸੀ, ਜੋ ਸੱਤ ਸੌ ਸਾਲ ਪਹਿਲਾਂ ਗਜ਼ਨੀ ਦੇ ਤੁਰਕਾਂ ਨੇ ਮਹਿਮੂਦ ਗਜ਼ਨਵੀ ਦੇ ਅਧੀਨ ਪੰਜਾਬ ਦੇ ਲੋਕਾਂ ਤੋਂ ਖੋਹੀ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ ਦਾ ਪਾਲਣ ਕਰਨ ਲਈ ਜਦੋ ਬਾਬਾ ਬੰਦਾ ਸਿੰਘ ਬਹਾਦਰ ਜੀ ਪੰਜਾਬ ਆਏ ਤਾਂ ਉਨ੍ਹਾਂ ਕੋਲ ਗੁਰੂ ਜੀ ਵੱਲੋਂ ਮਿਲੇ ਪੰਜ ਤੀਰ, ਖੰਡਾ ਤੇ ਨਗਾਰਾ ਸੀ। ਸਲਾਹ-ਮਸ਼ਵਰਾ ਕਰਨ ਲਈ ਗੁਰੂ ਸਾਹਿਬ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਪੰਜ ਪਿਆਰੇ ਭਾਈ ਬਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਬਾਜ ਸਿੰਘ, ਭਾਈ ਦਇਆ ਸਿੰਘ ਤੇ ਭਾਈ ਰਣ ਸਿੰਘ ਜੀ ਨੂੰ ਤੋਰਿਆ। ਇਨ੍ਹਾਂ ਤੋਂ ਇਲਾਵਾ 20 ਸਿੰਘ ਹੋਰ ਸੰਭਾਵੀ ਸੰਘਰਸ਼ ਵਿੱਚ ਬਾਬਾ ਬੰਦਾ ਸਿੰਘ ਜੀ ਦਾ ਸਾਥ ਦੇਣ ਲਈ ਨਾਲ ਤੋਰੇ। ਇਨ੍ਹਾਂ 25 ਸਿੰਘਾਂ ਦੇ ਕਾਫਲੇ ਨੇ ਪੰਜਾਬ ਵੱਲ ਕੂਚ ਕੀਤਾ। ਦਿੱਲੀ ਪਾਰ ਕਰਦਿਆਂ ਹੀ ਸਿੱਖ ਸੰਗਤਾਂ ਨੂੰ ਹੁਕਮਨਾਮੇ ਭੇਜੇ ਗਏ। ਹੁਕਮ ਦਾ ਪਾਲਣ ਕਰਦਿਆਂ ਸਿੱਖ ਸੰਗਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸੁਆਗਤ ਲਈ ਅੱਗੇ ਆ ਗਈਆਂ। ਗੁਰੂ ਸਾਹਿਬ ਜੀ ਦੇ ਪਰਿਵਾਰ ਦੀਆਂ ਸ਼ਹੀਦੀਆਂ ਦੇ ਜ਼ਖਮ ਸਿੱਖ ਸੰਗਤਾਂ ਵਿੱਚ ਅਜੇ ਤਾਜ਼ਾ ਸਨ। ਉਹ ਕੁੱਝ ਸਮੇਂ ਦੇ ਅੰਦਰ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਵਿੱਚ ਕੇਸਰੀ-ਖਾਲਸਾਈ ਝੰਡੇ ਥੱਲੇ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਰਣ-ਭੂਮੀ ਵਿੱਚ ਆਪਣਾ ਨਾਹਰਾ ‘ਰਾਜ ਕਰੇਗਾ ਖਾਲਸਾ’ ਨਿਸ਼ਚਿਤ ਕਰ ਦਿੱਤਾ।

ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਮਹਾਨਤਾ ਇਹ ਹੈ ਕਿ ਉਨ੍ਹਾਂ ਨੇ ਫੌਜ ਸੰਗਠਨ, ਸੰਘਰਸ਼ ਅਤੇ ਜਿੱਤਾਂ ਨਾਲੋਂ-ਨਾਲ ਪ੍ਰਾਪਤ ਕੀਤੀਆਂ। ਉਨ੍ਹਾਂ ਦੀ ਫੌਜ ਵਿੱਚ ਕੇਵਲ ਸਿੱਖ ਹੀ ਨਹੀਂ ਸਨ ਬਲਕਿ ਘੱਟੋ-ਘੱਟ ਪੰਜ ਹਜ਼ਾਰ ਮੁਸਲਮਾਨ ਵੀ ਮੁਗ਼ਲਾਂ ਵਿਰੁੱਧ ਲੜਨ ਲਈ ਉਨ੍ਹਾਂ ਦਾ ਸਾਥ ਦੇ ਰਹੇ ਸਨ। ਈਰਾਨ, ਤੁਰਕ, ਕਾਬਲ, ਕੰਧਾਰ ਤੇ ਮੁਲਤਾਨ ਦੇ ਹਿੰਦੂ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਨਾਲ ਆ ਰਲੇ। ਉਦਾਸੀ ਸੰਪਰਦਾ ਦੇ ਲੋਕ ਵੀ ਅੰਮ੍ਰਿਤ ਛਕ ਕੇ ਬਾਬਾ ਬੰਦਾ ਸਿੰਘ ਜੀ ਦੀ ਫੌਜ ਵਿਚ ਸ਼ਾਮਲ ਹੋ ਗਏ।

ਪੰਜਾਬ ਦੀ ਸਿਆਸਤ ਵਿੱਚ ਬਾਬਾ ਬੰਦਾ ਸਿੰਘ ਜੀ ਨੇ ਅਜਿਹੀ ਹਲਚਲ ਮਚਾਈ ਕਿ ਮੁਗ਼ਲਾਂ ਦੇ ਰੌਂਗਟੇ ਖੜ੍ਹੇ ਹੋ ਗਏ। ਆਰਥਿਕ ਲੋੜਾਂ ਦੀ ਪੂਰਤੀ ਹੁੰਦਿਆਂ ਹੀ ਉਨ੍ਹਾਂ ਨੇ ਪੰਜਾਬ ‘ਤੇ ਹਮਲਾ ਕਰ ਦਿੱਤਾ ਤੇ ਜਿੱਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ।

ਨਵੰਬਰ 11, 1709 ਈ: ਨੂੰ ਸਮਾਣਾ ‘ਤੇ ਜਿੱਤ ਪ੍ਰਾਪਤ ਕੀਤੀ। ਇਸ ਤੋਂ ਬਾਅਦ ਸੋਨੀਪਤ, ਕੈਂਥਲ,  ਘੁੜਾਮ, ਠਸਕਾ, ਸ਼ਾਹਬਾਦ, ਕਪੂਰੀ ਤੇ ਸਢੌਰਾ ‘ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਉਹਨਾਂ ਦਿਨਾਂ ਵਿੱਚ ਇਹ ਸ਼ਹਿਰ ਮੁਗ਼ਲ ਰਾਜ ਦੇ ਗੜ੍ਹ ਮੰਨੇ ਜਾਂਦੇ ਸਨ। ਹੁਣ ਸਿੱਖ ਆਪਣੇ ਮੁੱਖ ਨਿਸ਼ਾਨੇ ਸਰਹਿੰਦ ‘ਤੇ ਜ਼ੋਰਦਾਰ ਹੱਲਾ ਬੋਲਣ ਲਈ ਕਚੀਚੀਆਂ ਲੈਣ ਲੱਗੇ। ਸੂਬੇਦਾਰ ਵਜ਼ੀਰ ਖਾਂ ਨੂੰ ਸਬਕ ਸਿਖਾਉਣ ਲਈ ਸਿੱਖਾਂ ਨੇ ਚੱਪੜਚਿੜੀ ਦਾ ਮੈਦਾਨ ਆ ਮੱਲਿਆ। ਸੂਬੇਦਾਰ ਵਜ਼ੀਰ ਖਾਂ ਦੀਆਂ ਫੌਜਾਂ ਸਿੱਖਾਂ ਨੂੰ ਰੋਕਣ ਲਈ ਅੱਗੇ ਵਧੀਆਂ। ਸਿੰਘਾਂ ਨੇ ਸਰਹਿੰਦ ‘ਤੇ ਹਮਲੇ ਲਈ ਪਹਿਲਾਂ ਹੀ ਜ਼ੋਰਦਾਰ ਤਿਆਰੀਆਂ ਕੀਤੀਆਂ ਹੋਈਆਂ ਸਨ। 12 ਮਈ, 1710 ਈ: ਨੂੰ ਚੱਪੜਚਿੜੀ ਦੇ ਮੈਦਾਨ ਵਿੱਚ ਜ਼ੋਰਦਾਰ ਖੂਨ-ਡੋਲ੍ਹਵਾਂ ਮੁਕਾਬਲਾ ਹੋਇਆ। ਇਸ ਭਿਆਨਕ ਲੜਾਈ ਵਿੱਚ ਵਜ਼ੀਰ ਖਾਂ ਮਾਰਿਆ ਗਿਆ। ਵਜ਼ੀਰ ਖਾਂ ਦੇ ਮਰਨ ਨਾਲ ਬਾਕੀ ਮੁਸਲਮਾਨ ਫੌਜਾਂ ਮੈਦਾਨ ਛੱਡ ਕੇ ਦੌੜ ਗਈਆਂ ਅਤੇ ਸਰਹੰਦ ਫਤਹਿ ਹੋ ਗਈ। ਅਗਲੇ ਦਿਨ ਸਿੱਖ ਫੌਜਾਂ 13 ਮਈ, 1710 ਈ. ਨੂੰ ਸਰਹਿੰਦ ਵਿੱਚ ਦਾਖਲ ਹੋਈਆਂ ਅਤੇ  ਸਰਹਿੰਦ ਨੂੰ ਇੱਟਾਂ ਦੇ ਢੇਰ ਵਿੱਚ ਬਦਲ ਦਿੱਤਾ। ਵੱਸਦਾ-ਰੱਸਦਾ ਸਰਹਿੰਦ ਸ਼ਹਿਰ ਖੰਡਰ ਵਿਚ ਤਬਦੀਲ ਹੋ ਗਿਆ। ਸ਼ਾਹੀ ਅਮੀਰਾਂ ਤੋਂ ਧਨ ਵਸੂਲਿਆ ਗਿਆ ਤੇ ਦੋਸ਼ੀਆਂ ਨੂੰ ਚੁਣ-ਚੁਣ ਕੇ ਸਜ਼ਾਵਾਂ ਦਿੱਤੀਆਂ ਗਈਆਂ। ਵਜ਼ੀਰ ਖਾਂ ਦੇ ਮਹੱਲਾਂ ਵਿੱਚੋਂ ਬਹੁਤ ਸਾਰਾ ਧਨ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥ ਲੱਗਾ।

ਅਗਲੇ ਦਿਨ 14 ਮਈ 1710 ਨੂੰ ਬਾਬਾ ਬਾਜ ਸਿੰਘ ਨੂੰ ਸਰਹਿੰਦ ਦਾ ਗਵਰਨਰ ਅਤੇ ਬਾਬਾ ਆਲੀ ਸਿੰਘ ਸਲੌਦੀ ਨੂੰ ਡਿਪਟੀ ਗਵਰਨਰ ਥਾਪਿਆ ਗਿਆ। ਸਮਾਣੇ ਦਾ ਗਵਰਨਰ ਸ. ਫਤਹਿ ਸਿੰਘ ਨੂੰ ਨਿਯੁਕਤ ਕੀਤਾ ਗਿਆ। ਸਰਹਿੰਦ ‘ਤੇ ਮੁਕੰਮਲ ਕਬਜ਼ਾ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਮਾਲੇਰਕੋਟਲੇ ਵੱਲ ਵਧੇ। ਨਵਾਬ ਦੇ ਬਾਬਾ ਜੀ ਦਾ ਮੁਕਾਬਲਾ ਨਾ ਕਰਨ ਕਾਰਨ ਇਸ ਸ਼ਹਿਰ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਬਜਾਏ ਮੁਖਲਿਸਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ ਤੇ ਆਪਣੀਆਂ ਅਗਲੀਆਂ ਮੁਹਿੰਮਾਂ ਦਾ ਅਧਾਰ ਕੇਂਦਰ ਬਣਾਇਆ। ਮੁਖਲਿਸਗੜ੍ਹ ਦਾ ਕਿਲ੍ਹਾ ਸ਼ਾਹ ਜਹਾਨ ਦੀ ਆਗਿਆ ਅਨੁਸਾਰ ਮੁਖਲਿਸ ਖਾਨ ਨੇ ਬਣਵਾਇਆ ਸੀ। ਇਸ ਕਿਲ੍ਹੇ ਦੀ ਮੁਰੰਮਤ ਕਰਨ ਤੋਂ ਬਾਅਦ ਇਸ ਦਾ ਨਾਂ ‘ਲੋਹਗੜ੍ਹ’ ਰੱਖਿਆ ਗਿਆ। ਸਰਹਿੰਦ ਦਾ ਖ਼ਜ਼ਾਨਾ, ਸਾਰੀਆਂ ਮੁਹਿੰਮਾਂ ਵਿੱਚ ਪ੍ਰਾਪਤ ਹੋਇਆ ਮਾਲ ਤੇ ਜੰਗੀ ਸਾਮਾਨ ਅਤੇ ਕਬਜ਼ੇ ਹੇਠ ਆਏ ਇਲਾਕਿਆਂ ਤੋਂ ਉਗਰਾਹਿਆ ਹੋਇਆ ਮਾਮਲਾ ਸਭ ਇੱਥੇ ਇਕੱਠੇ ਕੀਤੇ ਗਏ। ਇਸ ਨਾਲ ਲੋਹਗੜ੍ਹ ਸਿੰਘਾਂ ਦੇ ਨਵੇਂ ਬਣ ਰਹੇ ਰਾਜ ਦੀ ਰਾਜਧਾਨੀ ਬਣ ਗਿਆ।

ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਰਾਜ ਦੀ ਸਦੀਵੀ ਪੱਕੀ ਨਿਸ਼ਾਨੀ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ,ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦਾ ਸਿੱਕਾ ਵੀ ਜਾਰੀ ਕਰ ਦਿੱਤਾ, ਜਿਸ ‘ਤੇ ਫ਼ਾਰਸੀ ਦੇ ਹੇਠ ਲਿਖੇ ਸ਼ਬਦ ਉੱਕਰੇ ਹੋਏ ਸਨ: ‘ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ਼ਿ ਨਾਨਕ ਵਾਹਿਬ ਅਸਤ’ ਫ਼ਤਹਿ ਗੋਬਿੰਦ ਸਿੰਘ ਸ਼ਾਹਿ-ਸ਼ਾਹਾਨ ਫ਼ਜਲਿ ਸੱਚਾ ਸਾਹਿਬ ਅਸਤ’ ਜਿਸ ਦਾ ਅਰਥ ਹੈ: ਸਿੱਕਾ ਮਾਰਿਆ ਦੋ ਜਹਾਨ ਉੱਤੇ, ਬਖ਼ਸ਼ਾਂ ਬਖ਼ਸ਼ੀਆਂ ਨਾਨਕ ਦੀ ਤੇਗ ਨੇ ਜੀ। ਫਤਹਿ ਸ਼ਾਹਿ ਸ਼ਾਹਾਨ ਗੋਬਿੰਦ ਸਿੰਘ ਦੀ, ਮਿਹਰਾਂ ਕੀਤੀਆਂ ਸੱਚੇ ਰੱਬ ਏਕ ਨੇ ਜੀ। ਬਾਦਸ਼ਾਹੀ ਸਿੱਕਿਆਂ ਦੀ ਤਰ੍ਹਾਂ ਇਸ ਦੇ ਪਿਛਲੇ ਪਾਸੇ ਰਾਜਧਾਨੀ ਦੀ ਉਸਤਤਿ ਦੇ ਇਹ ਸ਼ਬਦ ਸਨ: ਜ਼ਰਬ ਬ-ਅਮਾਨੁ-ਦਹਿਰ, ਮੁਸੱਵਰਤ ਸ਼ਹਿਰ, ਜੀਨਤੁ-ਤਖ਼ਤੁ, ਮੁਬਾਰਕ ਬਖ਼ਤ। ਅਰਥਾਤ ਇਹ ਸੰਸਾਰ ਦੇ ਸ਼ਾਂਤੀ-ਅਸਥਾਨ, ਸ਼ਹਿਰਾਂ ਦੀ ਮੂਰਤਿ, ਧੰਨਭਾਗੀ ਰਾਜਧਾਨੀ ਤੋਂ ਜਾਰੀ ਹੋਇਆ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਕਾਰੀ ਦਸਤਾਵੇਜ਼, ਪ੍ਰਵਾਨਿਆਂ ਆਦਿ ਲਈ ਮੋਹਰ ਬਣਵਾਈ, ਜਿੱਥੇ-ਜਿੱਥੇ ਮੋਹਰ ਲੱਗੀ, ਮੋਹਰ ਦੇ ਸ਼ਬਦ ਇਹ ਸਨ:- ਦੇਗੋ ਤੇਗ਼ੋ ਫ਼ਤਹਿ ਓ ਨੁਸਰਤਿ ਬੇ-ਦਿਰੰਗ ਯਾਫ਼ਤ ਅਜ ਨਾਨਕ ਗੁਰੂ ਗੋਬਿੰਦ ਸਿੰਘ।

ਜਿੱਤਾਂ ਦਾ ਸਿਲਸਿਲਾ ਜਾਰੀ ਰੱਖਦਿਆਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜੁਲਾਈ 1710 ਵਿੱਚ ਗੰਗਾ ਤੇ ਜਮਨਾ ਦੇ ਮੈਦਾਨੀ ਇਲਾਕਿਆਂ ‘ਤੇ ਕਬਜ਼ਾ ਕਰ ਲਿਆ। ਮਾਝੇ ਤੇ ਦੁਆਬੇ ਦੇ ਸਿੱਖ ਉੱਠ ਖੜ੍ਹੇ ਹੋਏ। ਅਕਤੂਬਰ 1710 ਤੱਕ ਕਿਲ੍ਹਾ ਭਗਵੰਤ ਰਾਏ ਤੇ ਭੀਲੋਵਾਲ ਵੀ ਸਿੱਖ ਫੌਜਾਂ ਦੇ ਕਬਜ਼ੇ ਵਿੱਚ ਆ ਗਏ। ਸਿੱਖਾਂ ਦੀ ਚੜ੍ਹਤ ਨੇ ਹਿੰਦੁਸਤਾਨ ਦੇ ਬਾਦਸ਼ਾਹ ਬਹਾਦਰ ਸ਼ਾਹ ਨੂੰ ਭੈ-ਭੀਤ ਕਰ ਦਿੱਤਾ। ਉਸ ਨੇ ਸਿੱਖਾਂ ਕੋਲੋਂ ਜਿੱਤਿਆ ਹੋਇਆ ਇਲਾਕਾ ਲੈਣ ਲਈ ਆਪ ਪੰਜਾਬ ਵੱਲ ਕੂਚ ਕੀਤਾ। ਹਾਲਾਤ ਅਨੁਸਾਰ ਸਿੱਖਾਂ ਨੂੰ ਪਿੱਛੇ ਹਟਣਾ ਪਿਆ। ਬਾਬਾ ਬੰਦਾ ਸਿੰਘ ਬਹਾਦਰ ਸਮੇਤ ਸਿੱਖ ਲੋਹਗੜ੍ਹ ਦੇ ਕਿਲ੍ਹੇ ਆ ਟਿਕੇ। ਸ਼ਾਹੀ ਸੈਨਾ ਨੇ ਕਿਲ੍ਹੇ ਨੂੰ ਘੇਰ ਲਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਪਿੱਛੇ ਹਟ ਕੇ ਪਹਾੜਾਂ ਵੱਲ ਚਲੇ ਗਏ। ਇਸੇ ਦੌਰਾਨ ਪੰਥ-ਦੋਖੀ ਪਹਾੜੀ ਰਾਜੇ ਭੀਮ ਚੰਦ ਨੂੰ ਜਾ ਸੋਧਿਆ।

ਬੰਦਾ ਸਿੰਘ ਬਹਾਦਰ ਨੂੰ ਲਗਭਗ 737 ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਫਿਰ ਪਿੰਜਰੇ ਵਿੱਚ ਬੰਦ ਕਰ ਕੇ ਦਿੱਲੀ ਲਿਜਾਇਆ ਗਿਆ। 5 ਮਾਰਚ, 1716 ਨੂੰ ਸਿੱਖ ਕੈਦੀਆਂ ਦਾ ਕਤਲੇਆਮ ਸ਼ੁਰੂ ਹੋਇਆ। ਤਕਰੀਬਨ 100 ਸਿੱਖਾਂ ਨੂੰ ਰੋਜ਼ ਕਤਲ ਕੀਤਾ ਜਾਂਦਾ ਪਰ ਸਿੱਖ ਅਜਿੱਤ ਭਾਵਨਾ ਨਾਲ ਮੌਤ ਨੂੰ ਜੀ ਆਇਆਂ ਕਹਿੰਦੇ, ਖਿੜੇ ਚਿਹਰੇ ਨਾਲ ਸ਼ਹੀਦ ਹੁੰਦੇ ਰਹੇ। ਤਕਰੀਬਨ ਤਿੰਨ ਮਹੀਨੇ ਤੱਕ ਅੰਤਾਂ ਦਾ ਜਬਰ, ਜ਼ੁਲਮ, ਤਸ਼ੱਦਦ ਅਤੇ ਤਸੀਹੇ ਦੇਣ ਤੋਂ ਬਾਅਦ 9 ਜੂਨ, 1716 ਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਤੇ ਉਨ੍ਹਾਂ ਦੇ ਸਾਥੀਆਂ ਨੂੰ ਕਿਲ੍ਹੇ ਤੋਂ ਬਾਹਰ ਲਿਆਂਦਾ ਗਿਆ ਤੇ ਜਲੂਸ ਦੀ ਸ਼ਕਲ ਵਿੱਚ ਕੁਤਬ ਮੀਨਾਰ ਦੇ ਨੇੜੇ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਦੇ ਰੋਜ਼ੇ ਪਾਸ ਪਹੁੰਚਾਇਆ ਗਿਆ।

ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਸ਼ਹੀਦੀ ਜਾਮ ਪਿਲਾਉਣ ਤੋਂ ਪਹਿਲਾਂ ਉਨ੍ਹਾਂ ਦੇ ਪੌਣੇ ਚਾਰ ਸਾਲ ਦੇ ਪੁੱਤਰ ਅਜੈ ਸਿੰਘ ਨੂੰ ਕਤਲ ਕਰ ਕੇ ਉਸ ਦਾ ਧੜਕਦਾ ਦਿਲ ਬਾਬਾ ਜੀ ਦੇ ਮੂੰਹ ਵਿਚ ਪਾਇਆ ਗਿਆ। ਉਨ੍ਹਾਂ ਦੇ ਪੁੱਤਰ ਦੀਆਂ ਆਂਦਰਾਂ ਕੱਢ ਕੇ ਉਨ੍ਹਾਂ ਦਾ ਹਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਗਲ ਵਿੱਚ ਪਾਇਆ ਗਿਆ। ਫਿਰ ਜਲਾਦ ਨੇ ਉਨ੍ਹਾਂ ਦੀਆਂ ਅੱਖਾਂ ਕੱਢੀਆਂ, ਹੱਥ ਪੈਰ ਕੱਟੇ ਗਏ, ਲਾਲ ਭਖਦੇ ਜੰਬੂਰਾਂ ਨਾਲ ਸਰੀਰ ਤੋਂ ਮਾਸ ਨੋਚਿਆ ਗਿਆ ਅਤੇ ਅੰਤ ਵਿੱਚ ਸਿਰ ਤੇ ਧੜ ਨੂੰ ਅਲੱਗ ਕਰ ਕੇ ਟੁਕੜੇ-ਟੁਕੜੇ ਕਰ ਦਿੱਤੇ ਗਏ। ਸਿੱਖਾਂ ਦਾ ਪਹਿਲਾ ਹੁਕਮਰਾਨ ਇਸ ਤਰ੍ਹਾਂ ਸ਼ਹੀਦ ਹੋ ਗਿਆ। ਇਹ ਸ਼ਹੀਦੀ ਆਪਣੇ-ਆਪ ਵਿੱਚ ਅਦੁੱਤੀ ਤੇ ਲਾਸਾਨੀ ਸੀ।

ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਪੰਜਾਬ ਖਾਸ ਕਰਕੇ ਸਿੱਖਾਂ ਨੂੰ ਬਹੁਤ ਵੱਡੀ ਦੇਣ ਹੈ। ਕੁੱਝ ਖੇਤਰਾਂ ਵਿੱਚ ਉਨ੍ਹਾਂ ਦੇ ਪਾਏ ਹੋਏ ਪੂਰਨੇ ਅੱਜ ਤੱਕ ਅਪਣਾਏ ਜਾ ਰਹੇ ਹਨ। ਬਾਬਾ ਜੀ ਦਾ ਪਹਿਲਾ ਕੰਮ ਸਿਰਲੱਥ ਖਾਲਸਾ ਨੂੰ ਦਰਪੇਸ਼ ਹਾਲਾਤ ਦੇ ਮੱਦੇ-ਨਜ਼ਰ ਹੋਰ ਚੰਗੀ ਤਰ੍ਹਾਂ ਸੰਗਠਿਤ ਕਰਨਾ ਸੀ। ਫੌਜੀ ਜਰਨੈਲ ਦੇ ਤੌਰ ‘ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਕੋਈ ਵੀ ਟਾਕਰਾ ਨਹੀਂ ਸੀ। ਬੰਦਾ ਸਿੰਘ ਬਹਾਦਰ ਜੀ ਜਰਨੈਲਾਂ ਵਿਚ ਉੱਚੀ ਥਾਂ ਰੱਖਦੇ ਹਨ ਅਤੇ ਉਨ੍ਹਾਂ ਦਾ ਨਾਮ ਪੰਜਾਬ ਤੇ ਪੰਜਾਬ ਤੋਂ ਬਾਹਰ ਮੁਗਲਾਂ ਵਿੱਚ ਦਹਿਸ਼ਤ ਫੈਲਾਉਣ ਲਈ ਕਾਫ਼ੀ ਸੀ। ਗੋਕਲ ਚੰਦ ਨਾਰੰਗ ਅਨੁਸਾਰ, “ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਦੇ ਅਜਿੱਤ ਹੋਣ ਦਾ ਭਰਮ ਤੋੜਿਆ ਤੇ ਬਾਬਾ ਬੰਦਾ ਸਿੰਘ ਨੇ ਮੁਗ਼ਲਾਂ ਨੂੰ ਪੰਜਾਬ ਦੀ ਧਰਤੀ ‘ਤੇ ਮਾਰ ਮੁਕਾਇਆ।”

ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਜ਼ਾਦ ਲੋਕ-ਰਾਜ ਦੀ ਸਥਾਪਨਾ ਕੀਤੀ। ਹਰ ਇਲਾਕੇ ਦਾ ਪ੍ਰਬੰਧਕ ਨਿਯੁਕਤ ਕੀਤਾ। ਉਹ ਪ੍ਰਬੰਧਕ ਬਹੁਤ ਦੱਬੇ-ਕੁਚਲੇ ਲੋਕਾਂ ਵਿੱਚੋਂ ਹੀ ਹੁੰਦਾ ਸੀ। ਇਹ ਪਹਿਲੀ ਵਾਰ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਰਹਿਨੁਮਾਈ ਹੇਠ ਪੰਜਾਬ ਦੇ ਦੱਬੇ-ਕੁਚਲੇ ਲੋਕਾਂ ਨੇ ਆਜ਼ਾਦੀ ਦਾ ਅਨੰਦ ਮਾਣਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਪਾਏ ਪੂਰਨਿਆਂ ਨੇ ਆਉਣ ਵਾਲੇ ਸਮੇਂ ਵਿੱਚ ਸਿੱਖ ਕੌਮ ਲਈ ਚਾਨਣਮੁਨਾਰੇ ਦਾ ਕੰਮ ਕੀਤਾ। ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਤਕਰੀਬਨ 6 ਸਾਲ ਯਮਨਾ ਤੋਂ ਰਾਵੀ ਤੱਕ ਦੇ ਵਿਸ਼ਾਲ ਇਲਾਕੇ ਉੱਤੇ ਰਾਜ ਕੀਤਾ। 1716 ਵਿੱਚ ਭਾਵੇਂ ਉਹ ਸ਼ਹੀਦ ਹੋ ਗਏ ਪਰ ਉਹ ਪੰਜਾਬ ਵਿਚ ਸਿੱਖ ਰਾਜ ਦੀ ਬੁਨਿਆਦ ਡੂੰਘੀ ਕਾਇਮ ਕਰ ਗਏ ਸਨ।