Punjab

ਇਹ ਕਦਮ ਚੁੱਕਣ ਤੋਂ ਪਹਿਲਾਂ ਮਾਪਿਆਂ ਤੋਂ ਪੁੱਛੋ ਆਪਣੀ ਜਾਨ ਦੀ ਕੀਮਤ

‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕ ਤਲ ਦੀ ਵਾਰਦਾਤ ਤੋਂ ਬਾਅਦ ਹਰ ਕਿਸੇ ਦਾ ਰੋਇਆ ਦਿਲ ਤੇ ਭਰੀਆਂ ਅੱਖਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਸਿੱਧੂ ਮੂਸੇਵਾਲਾ ਨੇ ਸਿਰਫ ਪੈਸੇ ਨਹੀਂ ਦਿਲਾਂ ਦੀ ਕਮਾਈ ਵੀ ਕੀਤੀ। ਮੂਸੇਵਾਲਾ ਦੀ ਆਖਰੀ ਵਿਦਾਈ ਮੌਕੇ ਲੋਕਾਂ ਦਾ ਇਕੱਠ ਗਵਾਹ ਹੈ ਕਿ ਲੋਕ ਉਸਨੂੰ ਕਿੰਨਾ ਚਾਹੁੰਦੇ ਸੀ। ਜਿਸ ਭਿਆਨਕ ਤਰੀਕੇ ਨਾਲ ਮੂਸੇਵਾਲੇ ਨੂੰ ਖਤਮ ਕੀਤਾ ਗਿਆ, ਕ ਤਲ ਕੀਤਾ ਗਿਆ, ਦੁਨੀਆ ਵਿੱਚ ਵੱਸਦੇ ਹਰ ਪੰਜਾਬੀ ਦੇ ਦਿਲਾਂ ਨੂੰ ਧੂਹ ਪੈ ਗਈ।

ਮੂਸੇਵਾਲਾ ਦੀ ਮੌ ਤ ਦਾ ਕਿਸੇ ਨੂੰ ਵੀ ਯਕੀਨ ਨਹੀਂ ਹੋ ਰਿਹਾ। ਇਸੇ ਦੇ ਹੀ ਚੱਲਦਿਆਂ ਮੁਹਾਲੀ ਵਿੱਚ ਮੂਸੇਵਾਲਾ ਦੇ ਫੈਨ ਇੱਕ ਨਾਬਾਲਗ ਵੱਲੋਂ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਨਾਬਾਲਗ ਬੱਚੇ ਨੇ ਮੂਸੇਵਾਲਾ ਦੇ ਗਮ ਵਿੱਚ ਦੋ ਵਾਰ ਫਿਨਾਈਲ ਪੀ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਘਰਵਾਲਿਆਂ ਨੂੰ ਜਦੋਂ ਇਸ ਗੱਲ ਦਾ ਪਤਾ ਚੱਲਿਆ ਤਾਂ ਉਨ੍ਹਾਂ ਤੁਰੰਤ ਉਸਨੂੰ ਮੁਹਾਲੀ ਦੇ ਸੈਕਟਰ-6 ਸਥਿਤ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਸਿਵਲ ਸਰਜਨ ਡਾ. ਆਦਰਸ਼ ਪਾਲ ਕੌਰ ਮੁਤਾਬਕ ਲੜਕਾ ਹੁਣ ਬਿਲਕੁਲ ਠੀਕ-ਠਾਕ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਮਾਪਿਆਂ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੀ ਮੌ ਤ ਤੋਂ ਬਾਅਦ ਨੌਜਵਾਨ ਮਾਨਸਿਕ ਤੌਰ ‘ਤੇ ਪਰੇਸ਼ਾਨ ਹੋ ਗਿਆ ਸੀ। ਉਹ ਉਸ ਨੂੰ ਯਾਦ ਕਰ ਕੇ ਰੋਂਦਾ ਰਹਿੰਦਾ ਸੀ ਤੇ ਕਹਿ ਰਿਹਾ ਸੀ ਕਿ ਉਹ ਉਸ ਦੇ ਨਾਲ ਹੀ ਜਾਵੇਗਾ। ਬੱਚੇ ਦੇ ਮਾਤਾ-ਪਿਤਾ ਮਜ਼ਦੂਰੀ ਕਰਦੇ ਹਨ। ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸਿੱਧੂ ਮੂਸੇਵਾਲਾ ਦਾ ਬਹੁਤ ਵੱਡਾ ਫੈਨ ਹੈ। ਹਮੇਸ਼ਾ ਮੂਸੇਵਾਲਾ ਦੀ ਟੀ-ਸ਼ਰਟ ਪਹਿਨ ਕੇ ਰੱਖਦਾ ਸੀ ਤੇ ਉਸ ਦੇ ਗਾਣੇ ਮੋਬਾਈਲ ਤੇ ਟੀਵੀ ‘ਤੇ ਸੁਣਦਾ ਰਹਿੰਦਾ ਸੀ। ਉਸ ਨੇ 10ਵੀਂ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ।

ਉਨ੍ਹਾਂ ਦੱਸਿਆ ਕਿ ਜਦੋਂ ਤੋਂ ਸਿੱਧੂ ਮੂਸੇਵਾਲਾ ਦੀ ਹੱ ਤਿਆ ਹੋਈ ਹੈ, ਉਦੋਂ ਤੋਂ ਉਹ ਕੁਝ ਬੋਲਿਆ ਨਹੀਂ ਤੇ ਖਾਣਾ ਵੀ ਨਹੀਂ ਖਾ ਰਿਹਾ ਸੀ। ਅੱਜ ਸਵੇਰੇ ਖੇਤਾਂ ‘ਚ ਗਿਆ ਸੀ ਤੇ ਜਦੋਂ ਘਰ ਆਇਆ ਤਾਂ ਬੇਹੋਸ਼ ਹੋ ਕੇ ਡਿੱਗ ਪਿਆ। ਘਰਵਾਲੇ ਉਸ ਨੂੰ ਤੁਰੰਤ ਹਸਪਤਾਲ ਲੈ ਆਏ ਤਾਂ ਡਾਕਟਰਾਂ ਨੇ ਦੱਸਿਆ ਕਿ ਉਸ ਨੇ ਫਿਨਾਈਲ ਪੀ ਲਈ ਸੀ।