India Punjab

ਕੇਜਰੀਵਾਲ ਨੇ ਭਗਵੰਤ ਨੂੰ ਪਲੋਸ ਕੇ ਸੀਐੱਮ ਦੀ ਕੁਰਸੀ ਖਿੱਚ ਲਈ ਹੋਰ ਪਰ੍ਹੇ !

‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਸਿੰਘ ਮਾਨ ਚਾਹੇ ਮੁੱਖ ਮੰਤਰੀ ਦੀ ਕੁਰਸੀ ‘ਤੇ ਬੈਠਣ ਲਈ ਪੂਰੀ ਟਿੱਲ ਲਾ ਰਹੇ ਹਨ ਪਰ ਉਨ੍ਹਾਂ ਦਾ ਹੱਥ ਪੈਂਦਾ ਨਜ਼ਰ ਨਹੀਂ ਆ ਰਿਹਾ। ਪਾਰਟੀ ਹਾਈਕਮਾਂਡ ਨੇ ਇਸ ਮਾਮਲੇ ਨੂੰ ਲੈ ਕੇ ਚੁੱਪ ਧਾਰੀ ਹੋਈ ਹੈ ਪਰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ 12 ਸਤੰਬਰ ਨੂੰ ਕੌਮੀ ਕਾਰਜਕਾਰਨੀ ਦਾ ਸੰਬੋਧਨ ਕਈ ਕੁੱਝ ਕਹਿ ਗਿਆ ਹੈ। ਪਾਰਟੀ ਹਾਈਕਮਾਂਡ ਕਿਸੇ ਅਜਿਹੇ ਚਿਹਰੇ ਨੂੰ ਸੂਬੇ ਦਾ ਮੁੱਖ ਮੰਤਰੀ ਵਜੋਂ ਉਭਾਰਣ ਦੀ ਤਾਬ ਵਿੱਚ ਹੈ ਜਿਸਦੇ ਨਾਂ ਉੱਤੇ ਪੰਜਾਬ ਨੂੰ ਮਾਣ ਹੋਵੇ।

ਪਾਰਟੀ ਅੰਦਰਲੇ ਉੱਚ ਭਰੋਸੇਯੋਗ ਸੂਤਰਾਂ ਦਾ ਦੱਸਣਾ ਹੈ ਕਿ ਭਗਵੰਤ ਮਾਨ ਦੇ ਹਮਾਇਤੀ ਵਿਧਾਇਕਾਂ ਨੂੰ ਕਾਰਜਕਾਰਨੀ ਤੋਂ ਪਰ੍ਹੇ ਰੱਖ ਕੇ ਪਹਿਲਾ ਝਟਕਾ ਤਾਂ ਦੇ ਹੀ ਚੁੱਕੇ ਹਨ ਪਰ ਪਤਾ ਇਹ ਵੀ ਲੱਗਾ ਹੈ ਕਿ ਪਾਰਟੀ ਸੁਪਰੀਮੋ ਨੇ ਮਾਨ ਨੂੰ ਸੀਐੱਮ ਦੀ ਝਾਕ ਛੱਡਣ ਲਈ ਮਨਾ ਲਿਆ ਹੈ। ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀਆਂ ਦਲੀਲਾਂ ਨਾਲ ਭਗਵੰਤ ਰਾਜ਼ੀ ਵੀ ਹੋ ਗਏ ਹਨ। ਉਨ੍ਹਾਂ ਨੇ ਭਗਵੰਤ ਮਾਨ ਨੂੰ ਅਗਲੀਆਂ ਚੋਣਾਂ ਦੌਰਾਨ ਸਟਾਰ ਪ੍ਰਚਾਰਕ ਵਜੋਂ ਕੰਮ ਕਰਨ ਦੀ ਪੇਸ਼ਕਸ਼ ਕੀਤੀ ਹੈ। ਨਾਲ ਹੀ ਇਹ ਵੀ ਕਿਹਾ ਹੈ ਕਿ ਉਸਦੇ ਵਿਧਾਇਕ ਵਜੋਂ ਚੋਣ ਜਿੱਤ ਜਾਣ ਦੀ ਸੂਰਤ ਵਿੱਚ ਆਮ ਆਦਮੀ ਪਾਰਟੀ ਵੀ ਪਾਰਲੀਮੈਂਟ ਵਿੱਚ ਨੁਮਾਇੰਦਗੀ ਖ਼ਤਮ ਹੋ ਜਾਵੇਗੀ ਜਦੋਂਕਿ ਲੋਕ ਸਭਾ ਚੋਣਾਂ ਲਈ ਹਾਲੇ ਦੋ ਸਾਲ ਦਾ ਸਮਾਂ ਬਚਿਆ ਹੈ। ਸੂਤਰਾਂ ਨੇ ਤਾਂ ਇਹ ਵੀ ਦਾਅਵਾ ਕੀਤਾ ਹੈ ਕਿ ਭਗਵੰਤ ਮਾਨ ਕੇਜਰੀਵਾਲ ਨਾਲ ਮੁੜ ਨੇੜਤਾ ਬਣਾਉਣ ਲਈ ਤੁਰ ਪਏ ਹਨ। ਭਾਵੇਂ ਕਿ ਉਨ੍ਹਾਂ ਵੱਲੋਂ ਹਾਲੇ ਪੰਜਾਬ ਵਿੱਚ ਸਰਗਰਮੀਆਂ ਸ਼ੁਰੂ ਨਹੀਂ ਕੀਤੀਆਂ ਗਈਆਂ। ਅਰਵਿੰਦ ਕੇਜਰੀਵਾਲ ਦੀ ਪਿੰਡ ਸੇਖਵਾਂ ਫੇਰੀ ਵੇਲੇ ਭਗਵੰਤ ਮਾਨ ਵੱਲੋਂ ਸਟੇਜ ਉੱਤੇ ਨਾ ਬੋਲਣ ਜਾਂ ਉਨ੍ਹਾਂ ਨੂੰ ਮੌਕਾ ਨਾ ਦੇਣ ਤੋਂ ਬਾਅਦ ਦੋਹਾਂ ਵਿੱਚ ਦੂਰੀਆਂ ਕਾਫ਼ੀ ਵੱਧ ਗਈਆਂ ਸਨ।

ਇਹ ਵੀ ਨਹੀਂ ਕਿ ਆਪ ਦੇ ਸੁਪਰੀਮੋ, ਭਗਵੰਤ ਮਾਨ ਨੂੰ ਪੂਰੀ ਤਰ੍ਹਾਂ ਖੂੰਝੇ ਲਾਉਣ ਦਾ ਹੀਆ ਵੀ ਨਹੀਂ ਰੱਖਦੇ। ਭਗਵੰਤ ਮਾਨ ਪੂਰੇ ਦੇਸ਼ ਵਿੱਚੋਂ ਪਾਰਲੀਮੈਂਟ ਵਿੱਚ ਪਾਰਟੀ ਦੀ ਪ੍ਰਤੀਨਿੱਧਤਾ ਕਰਨ ਵਾਲਾ ਇੱਕੋ-ਇੱਕ ਸ਼ਖ਼ਸ ਹੈ। ਇਸ ਤੋਂ ਪਹਿਲਾਂ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਝੋਲੀ ਵਿੱਚ ਚਾਰ ਸੀਟਾਂ ਪਾਉਣ ਵੇਲੇ ਭਗਵੰਤ ਮਾਨ ਦਾ ਭਰਵਾਂ ਯੋਗਦਾਨ ਰਿਹਾ ਹੈ। ਭਗਵੰਤ ਮਾਨ ਇਕੱਠ ਕਰਨ ਦੀ ਸਮਰੱਥਾ ਵੀ ਰੱਖਦੇ ਹਨ। ਇਹ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਭਗਵੰਤ ਮਾਨ ਨੂੰ ਛੱਡ ਕੇ ਦੂਜੇ ਕਈ ਸਿਰਕੱਢ ਸਿਆਸੀ ਲੀਡਰ ਕੁੱਝ ਸਮੇਂ ਬਾਅਦ ਹੀ ਪਾਰਟੀ ਨੂੰ ਅਲਵਿਦਾ ਕਹਿ ਜਾਂਦੇ ਰਹੇ ਹਨ। ਹਾਂ, ਪੰਜਾਬ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਪ ਨੂੰ ਜਿਹੜਾ ਧੱਕਾ ਲੱਗਾ, ਉਹ ਹਾਲੇ ਵੀ ਕੇਜਰੀਵਾਲ ਨੂੰ ਲਗਾਤਾਰ ਸਤਾ ਰਿਹਾ ਹੈ। 100 ਤੋਂ ਵੱਧ ਸੀਟਾਂ ਲੈਣ ਦੀ ਦਾਅਵਾ ਕਰਨ ਵਾਲੀ ਆਪ ਨੂੰ 20 ਨਾਲ ਸਬਰ ਕਰਨਾ ਪਿਆ ਸੀ। ਸਮਝਿਆ ਜਾ ਰਿਹਾ ਹੈ ਕਿ ਪਿਛਲੀਆਂ ਚੋਣਾਂ ਵਿੱਚ ਵੀ ਕਿਸੇ ਵੱਡੇ ਚਿਹਰੇ ਦੀ ਘਾਟ ਕਰਕੇ ਹੀ ਪਾਰਟੀ ਨੂੰ ਖੋਰਾ ਲੱਗਾ ਸੀ।

ਆਪ ਸੁਪਰੀਮੋ ਵੱਲੋਂ ਮੁੱਖ ਮੰਤਰੀ ਲਈ ਚਿਹਰੇ ਦੀ ਭਾਲ ਹੁਣ ਨਹੀਂ, ਡੇਢ-ਦੋ ਸਾਲ ਪਹਿਲਾਂ ਸ਼ੁਰੂ ਕਰ ਦਿੱਤੀ ਗਈ ਸੀ। ਕਦੇ ਨਵਜੋਤ ਸਿੰਘ ਸਿੱਧੂ, ਫੇਰ ਵਿਧਾਇਕ ਪਰਗਟ ਸਿੰਘ ਅਤੇ ਕਿਸੇ ਵੇਲੇ ਐੱਸਪੀਐੱਸ ਓਬਰਾਏ ਉੱਤੇ ਡੋਰੇ ਪਾਏ ਜਾਂਦੇ ਰਹੇ ਹਨ। ਪਾਰਟੀ ਹਾਈਕਮਾਂਡ ਨੂੰ ਬਲਬੀਰ ਸਿੰਘ ਸੀਚੇਵਾਲ ਵੱਲੋਂ ਹੱਥ ਨਾ ਫੜਾਉਣ ਕਾਰਨ ਵੱਡਾ ਧੱਕਾ ਲੱਗਾ ਸੀ। ਹੋਰ ਕਈਆਂ ਨਾਲ ਸੰਪਰਕ ਸਾਧਣ ਤੋਂ ਬਾਅਦ ਪਾਰਟੀ ਹਾਲੇ ਵੀ ਕਿਸੇ ਅਜਿਹੇ ਸਿੱਖ ਚਿਹਰੇ ਦੀ ਭਾਲ ਵਿੱਚ ਹੈ, ਜਿਸ ‘ਤੇ ਪੰਜਾਬ ਨੂੰ ਫ਼ਖ਼ਰ ਹੋਵੇ। ਉਂਝ, ਅਰਵਿੰਦ ਕੇਜਰੀਵਾਲ ਦਾ ਇਹ ਟਵੀਟ ਹਾਲੇ ਵੀ ਭਗਵੰਤ ਮਾਨ ਦੇ ਪ੍ਰਸੰਗ ਵਿੱਚ ਤਰਕਸੰਗਤ ਹੈ ਜਦੋਂ ਉਨ੍ਹਾਂ ਨੇ ਅਸਿੱਧੇ ਤੌਰ ‘ਤੇ ਕਹਿ ਦਿੱਤਾ ਸੀ ਕਿ ਅਹੁਦਿਆਂ ਲਈ ਕੰਮ ਕਰਨ ਵਾਲੇ ਉਨ੍ਹਾਂ ਨੂੰ ਪਸੰਦ ਨਹੀਂ। ਕੰਮ ਏਨਾ ਕਰੋ ਕਿ ਪਾਰਟੀ ਤੁਹਾਡੇ ਮਗਰ ਅਹੁਦੇ ਲੈ ਕੇ ਫਿਰੇ। ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਜੋ ਅਹੁਦਿਆਂ ਦੀ ਮੰਗ ਕਰਦਾ ਹੈ, ਉਹ ਪ੍ਰਵਾਨ ਨਹੀਂ। ਇੱਕ ਗੱਲ ਇੱਥੇ ਕਰਨੀ ਇਹ ਵੀ ਬਣਦੀ ਹੈ ਕਿ ਕੌਮੀ ਕਾਰਜਕਾਰਨੀ ਦੇ ਗਠਨ ਵੇਲੇ ਅਰਵਿੰਦ ਕੇਜਰੀਵਾਲ ਤੀਜੀ ਵਾਰ ਪਾਰਟੀ ਦੇ ਕਨਵੀਨਰ ਚੁਣੇ ਗਏ ਹਨ। ਅਹੁਦੇ ਦੀ ਮਿਆਦ ਵੀ ਵਧਾ ਕੇ ਪੰਜ ਸਾਲ ਕਰ ਦਿੱਤੀ ਗਈ ਹੈ। ਪਾਰਟੀ ਦੇ ਵਰਕਰਾਂ ਨੂੰ ਅੰਦਰਖਾਤੇ ਇਹ ਚੁਭ ਤਾਂ ਰਿਹਾ ਹੈ ਪਰ ਕਿਸੇ ਦੀ ਮੂੰਹ ਖੋਲ੍ਹਣ ਦੀ ਹਿੰਮਤ ਨਹੀਂ ਪਈ। ਕੁੱਲ ਮਿਲਾ ਕੇ ਕਹਿਣਾ ਪਵੇਗਾ ਕਿ ਅਰਵਿੰਦ ਕੇਜਰੀਵਾਲ ਦੀ ਤੱਕੜੀ ਵਿੱਚ ਭਗਵੰਤ ਮਾਨ ਦੇ ਗੁਣਾਂ ਦਾ ਪੱਲੜਾ ਔਗੁਣਾਂ ਨਾਲੋਂ ਹਲਕਾ ਪੈ ਗਿਆ ਹੈ। ਪਾਰਟੀ ਹਾਈਕਮਾਂਡ ਹਾਲੇ ਵੀ ਪੰਜਾਬ ਲਈ ਅਜਿਹੇ ਸਿੱਖ ਚਿਹਰੇ ਦੀ ਭਾਲ ਹੈ, ਜਿਸ ‘ਤੇ ਫ਼ਖ਼ਰ ਹੋਵੇ।