Punjab

ਭਾਰਤ ਵਿੱਚ ਹੋ ਰਹੀਆਂ ਗ੍ਰਿਫਤਾਰੀਆਂ ਲੋਕਤੰਤਰ ਦੀ ਮਰਯਾਦਾ ਦੇ ਉਲਟ – ਜਥੇਦਾਰ ਹਰਪ੍ਰੀਤ ਸਿੰਘ

‘ਦ ਖ਼ਾਲਸ ਬਿਊਰੋ :- ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਸਾਨੀ ਅੰਦੋਲਨ ਦੌਰਾਨ ਸਰਕਾਰ ਦੇ ਨਾਲ ਨਾ-ਇਤਫਾਕ ਰੱਖਣ ਵਾਲੇ ਅਤੇ ਵਿਰੋਧੀ ਵਿਚਾਰਾਂ ਵਾਲੇ ਲੋਕਾਂ ਅਤੇ ਕਿਸਾਨਾਂ ਦੀ ਹੋ ਰਹੀ ਗ੍ਰਿਫਤਾਰ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਲੋਕਤੰਤਰ ਦਾ ਅਹਿਮ ਅੰਗ ਹੁੰਦੀ ਹੈ ਪਰ ਦੇਸ਼ ਵਿੱਚ ਹੋ ਰਹੀਆਂ ਗ੍ਰਿਫਤਾਰੀਆਂ ਲੋਕਤੰਤਰ ਦੀ ਮਰਿਯਾਦਾ ਦੇ ਉਲਟ ਹੈ।

ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਬੇਹੱਦ ਸ਼ਰਮਨਾਕ ਹੈ ਸਰਕਾਰ ਵਿਰੁੱਧ ਬੋਲਣ ਵਾਲੇ ਲੋਕਾਂ ‘ਤੇ ਦੇਸ਼ ਧ੍ਰੋਹੀ, ਯੂ.ਪੀ.ਏ. ਵਰਗੇ ਸੰਗੀਨ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ। ਅਜਿਹਾ ਰੁਝਾਨ ਕਿਸੇ ਵੀ ਜਮਹੂਰੀਅਤ ਲਈ ਬੇਹੱਦ ਘਾਤਕ ਸਿੱਧ ਹੁੰਦਾ ਹੈ।

ਜਿੱਥੇ ਵਿਰੋਧੀ ਵਿਚਾਰਾਂ ਨੂੰ ਦਬਾਉਣ ਲਈ ਜਬਰ ਦਾ ਤਰੀਕਾ ਅਣਮਨੁੱਖੀ ਹੈ, ਉੱਥੇ ਕਿਸੇ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਤੋਂ ਰੋਕਣ ਲਈ ਅਸੱਭਿਅਕ ਅਤੇ ਹਿੰਸਕ ਤਰੀਕੇ ਵਰਤਣੇ ਵੀ ਗਲਤ ਹਨ। ਹਰੇਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਪਰ ਵਿਚਾਰਾਂ ਦੇ ਪ੍ਰਗਟਾਵੇ ਦਾ ਤਰੀਕਾ ਜਾਇਜ਼, ਸੱਭਿਅਕ ਅਤੇ ਅਰਥ ਭਰਪੂਰ ਹੋਵੇ। ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਖੋਹਣ ਦਾ ਸਿੱਧਾ ਮਤਲਬ ਲੋਕਤੰਤਰ ਦਾ ਗਲਾ ਘੁੱਟਣਾ ਹੈ।

ਜਥੇਦਾਰ ਹਰਪ੍ਰੀਤ ਸਿੰਘ ਨੇ ਦੇਸ਼ ਦੇ ਜਮਹੂਰੀਅਤ ਪਸੰਦ ਲੋਕਾਂ ਅਤੇ ਸੰਸਥਾਵਾਂ ਨੂੰ ਜਮਹੂਰੀਅਤ ਦੀ ਮਰਯਾਦਾ ਨੂੰ ਬਚਾਉਣ ਲਈ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਇਸ ਵੇਲੇ ਧਾਰਨ ਕੀਤੀ ਚੁੱਪ ਆਤਮਘਾਤੀ ਸਿੱਧ ਹੋਵੇਗੀ, ਜਿਸਦੇ ਨਤੀਜੇ ਆਉਣ ਵਾਲੇ ਸਮੇਂ ਵਿੱਚ ਬਹੁਤ ਖਤਰਨਾਕ ਸਾਬਤ ਹੋਣਗੇ।