India

ਆਪਣੇ ਮੁਲਕ ‘ਚ ਸਿੱਖਾਂ ਨਾਲ ਇੱਕ ਹੋਰ ਧੱਕਾ, ਅੰਮ੍ਰਿਤਧਾਰੀ ਵਿਦਿਆਰਥੀ ਦੀ ਕਿਰ ਪਾਨ ਲੁਹਾਈ

‘ਦ ਖ਼ਾਲਸ ਬਿਊਰੋ : ਝਾਰਖੰਡ ਦੇ ਬੋਕਾਰੋ ਵਿੱਚ ਇੱਕ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਨੂੰ ਕਿ ਰਪਾਨ ਲੁਹਾ ਕੇ ਦਸਵੀਂ ਦੀ ਪ੍ਰੀਖਿਆ ਵਿੱਚ ਬੈਠਣ ਲਈ ਮਜ਼ਬੂਰ ਕੀਤਾ ਗਿਆ ਹੈ। ਇਹ ਘਟਨਾ 13 ਮਈ ਨੂੰ ਬੋਕਾਰੋ ਜ਼ਿਲ੍ਹੇ ਦੇ ਸਰਸਵਤੀ ਵਿਦਿਆ ਮੰਦਿਰ ਦੁਗਧਾ ਵਿੱਚ ਵਾਪਰੀ ਸੀ। ਡੀਏਵੀ ਸਕੂਲ ਦੁਗਧਾ ਦੇ ਵਿਦਿਆਰਥੀ ਕਰਨਦੀਪ ਸਿੰਘ ਦਾ ਸਰਸਵਤੀ ਵਿਦਿਆ ਮੰਦਿਰ ਵਿੱਚ ਦਸਵੀਂ ਦੇ ਇਮਤਿਹਾਨਾਂ ਲਈ ਸੈਂਟਰ ਬਣਿਆ ਸੀ। ਪੇਪਰ ਤੋਂ ਪਹਿਲਾਂ ਚੈਕਿੰਗ ਦੌਰਾਨ ਕਰਨਦੀਪ ਸਿੰਘ ਦੀ ਜੇਬ ਵਿੱਚੋਂ ਇੱਕ ਕਿਰਪਾਨ ਮਿਲੀ, ਜਿਸ ਤੋਂ ਬਾਅਦ ਉਸਨੂੰ ਇਮਤਿਹਾਨ ਹਾਲ ਵਿੱਚ ਦਾਖਲ ਹੋਣ ਲਈ ਕਿਰਪਾਨ ਨੂੰ ਬਾਹਰ ਰੱਖ ਕੇ ਜਾਣ ਲਈ ਕਿਹਾ ਗਿਆ ਸੀ। ਇਸ ਕਰਕੇ ਕਰਨਦੀਪ ਸਿੰਘ ਨੂੰ ਕਿਰਪਾਨ ਬਾਹਰ ਰੱਖ ਕੇ ਹੀ ਪੇਪਰ ਦੇਣ ਲਈ ਹਾਲ ਦੇ ਅੰਦਰ ਜਾਣ ਦਿੱਤਾ ਗਿਆ।

ਝਾਰਖੰਡ ਦੀ ਸਿੱਖ ਵੈੱਲਫੇਅਰ ਸੁਸਾਇਟੀ ਨੇ ਇਸਦਾ ਵਿਰੋਧ ਕੀਤਾ ਅਤੇ PMO ਨੂੰ ਸਕੂਲ ਅਤੇ ਉਸਦੇ ਪ੍ਰਿੰਸੀਪਲ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸੁਸਾਇਟੀ ਨੇ ਕਿਹਾ ਕਿ ਇਸ ਘਟਨਾ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸੁਸਾਇਟੀ ਦੇ ਪ੍ਰਧਾਨ ਸੇਵਾ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਪ੍ਰਿੰਸੀਪਾਲ ਅਤੇ ਸਕੂਲ ਪ੍ਰਸ਼ਾਸਨ ਨੇ ਜਾਣ ਬੁੱਝ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਕਿਉਂਕਿ ਹਰ ਕਿਸੇ ਨੂੰ ਪਤਾ ਹੈ ਕਿ ਸਿੱਖ ਕਦੇ ਵੀ ਪੰਜ ਕਕਾਰ ਆਪਣੇ ਆਪ ਤੋਂ ਵੱਖ ਨਹੀਂ ਕਰ ਸਕਦਾ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਸਲਾ ਹੈ ਅਤੇ ਅਸੀਂ PMO ਦੇ ਜਵਾਬ ਦੀ ਉਡੀਕ ਕਰ ਰਹੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਉਹ ਸਿੱਖਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਠੋਸ ਕਦਮ ਚੁੱਕਣਗੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਐਡਵੋਕੇਟ ਧਾਮੀ ਨੇ ਕਿਹਾ ਕਿ ਝਾਰਖੰਡ ਦੀ ਸਰਕਾਰ ਨੂੰ ਇਸ ਮਾਮਲੇ ਦੀ ਜਾਂਚ ਕਰਵਾ ਕੇ ਦੋਸ਼ੀ ਪ੍ਰਿੰਸੀਪਲ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਕਕਾਰ ਸਿੱਖ ਰਹਿਣੀ ਦਾ ਅਹਿਮ ਹਿੱਸਾ ਹਨ ਅਤੇ ਭਾਰਤ ਦੇਸ਼ ਅੰਦਰ ਸਿੱਖਾਂ ਨੂੰ ਸੰਵਿਧਾਨਕ ਤੌਰ ’ਤੇ ਇਸ ਦੀ ਅਜ਼ਾਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਸਿੱਖ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੌਰਾਨ ਅਜਿਹੀ ਪ੍ਰੇਸ਼ਾਨੀ ਦਾ ਅਕਸਰ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਕਈ ਵਾਰ ਭਾਰਤ ਅਤੇ ਵੱਖ-ਵੱਖ ਸੂਬਿਆਂ ਦੀ ਸਰਕਾਰਾਂ ਨੂੰ ਲਿਖਿਆ ਜਾ ਚੁੱਕਾ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਫਿਰ ਵੀ ਜਾਣਬੁੱਝ ਕੇ ਸਿੱਖ ਵਿਦਿਆਰਥੀਆਂ ਨਾਲ ਇਹ ਧੱਕਾ ਕੀਤਾ ਜਾ ਰਿਹਾ ਹੈ।