India Khaas Lekh

ਅਰਨਬ ਗੋਸਵਾਮੀ ’ਤੇ ਇੱਕ ਹੋਰ ਕੇਸ ਦਰਜ, ਪੱਤਰਕਾਰ ਦੀ ਗ੍ਰਿਫ਼ਤਾਰੀ ’ਤੇ ਬੀਜੇਪੀ ਨੂੰ ਕਿਉਂ ਯਾਦ ਆਏ ‘ਐਮਰਜੈਂਸੀ’ ਦੇ ਦਿਨ, ਜਾਣੋ ਪੂਰਾ ਮਾਮਲਾ

 ’ਦ ਖ਼ਾਲਸ ਬਿਊਰੋ: ਮੁੰਬਈ ਵਿੱਚ ਅੱਜ ਸਵੇਰੇ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੂੰ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਰਿਪਬਲਿਕ ਟੀਵੀ ਨੇ ਦੱਸਿਆ ਕਿ ਮੁੰਬਈ ਪੁਲਿਸ ਦੀ ਇੱਕ ਟੀਮ ਸਵੇਰੇ ਅਰਨਬ ਦੇ ਘਰ ਪਹੁੰਚੀ ਅਤੇ ਉਸ ਨੂੰ ਆਪਣੀ ਵੈਨ ਵਿੱਚ ਬਿਠਾ ਕੇ ਨਾਲ ਲੈ ਗਈ। ਅਰਨਬ ਦਾ ਦਾਅਵਾ ਹੈ ਕਿ ਮੁੰਬਈ ਪੁਲਿਸ ਨੇ ਉਸ ਨਾਲ ਕੁੱਟਮਾਰ ਕੀਤੀ ਹੈ। ਇਸ ਦੇ ਨਾਲ ਹੀ ਅਰਨਬ ਨੇ ਪੁਲਿਸ ‘ਤੇ ਆਪਣੀ ਪਤਨੀ, ਬੇਟੇ ਅਤੇ ਸੱਸ-ਸਹੁਰੇ ਨਾਲ ਹੱਥੋਪਾਈ ਕਰਨ ਦਾ ਵੀ ਇਲਜ਼ਾਮ ਲਗਾਇਆ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਅਰਨਬ ਨੂੰ ਉਸ ਦੇ ਘਰ ਤੋਂ ਅਲੀਬਾਗ ਥਾਣੇ ਲਿਜਾਇਆ ਗਿਆ।

ਦੱਸ ਦੇਈਏ ਇਸ ਸਾਲ ਮਈ ਵਿੱਚ ਮਹਾਰਾਸ਼ਟਰ ਸਰਕਾਰ ਵੱਲੋਂ ਇਸ ਕੇਸ ਦੀ ਜਾਂਚ ਲਈ CID ਨੂੰ ਹੁਕਮ ਦਿੱਤੇ ਗਏ ਸਨ। ਇਹ ਮਾਮਲਾ 2018 ਦਾ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਅਰਨਬ ਦੇ ਘਰ ਦੀ ਤਲਾਸ਼ੀ ਵੀ ਲਈ। ਇਸ ਮਾਮਲੇ ਵਿੱਚ ਅਰਨਬ ਨੂੰ ਅਲੀਬਾਗ ਕੋਰਟ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਪੁਲਿਸ ਨੇ ਅਰਨਬ ਗੋਸੁਆਮੀ ਦੇ ਇਲਾਵਾ ਫਿਰੋਜ ਸ਼ੇਖ਼ ਤੇ ਨਿਤੇਸ਼ ਸ਼ਾਰਦਾ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

ਪਰ ਇਸ ਦੇ ਬਾਅਦ ਹੁਣ ਅਰਨਬ ਗੋਸਵਾਮੀ ਦੇ ਖਿਲਾਫ ਇੱਕ ਮਹਿਲਾ ਪੁਲਿਸ ਅਧਿਕਾਰੀ ‘ਤੇ ਕੁੱਟਮਾਰ ਕਰਨ ਦੇ ਇਲਜ਼ਾਮ ਵਿੱਚ ਇੱਕ ਹੋਰ ਐਫਆਈਆਰ ਦਰਜ ਕਰ ਦਿੱਤੀ ਗਈ ਹੈ। ਅਰਨਬ ‘ਤੇ ਇਲਜ਼ਾਮ ਹੈ ਕਿ ਅੱਜ ਸਵੇਰੇ ਜਦੋਂ ਪੁਲਿਸ ਉਸ ਦੀ ਰਿਹਾਇਸ਼ ‘ਤੇ ਪਹੁੰਚੀ ਤਾਂ ਉਸ ਨੇ ਇਕ ਮਹਿਲਾ ਪੁਲਿਸ ਅਧਿਕਾਰੀ ‘ਤੇ ਕਥਿਤ ਤੌਰ ‘ਤੇ ਹਮਲਾ ਕੀਤਾ। ਗੋਸਵਾਮੀ ਖ਼ਿਲਾਫ਼ ਐਨਐਮ ਜੋਸ਼ੀ ਥਾਣੇ ਵਿੱਚ ਆਈਪੀਸੀ ਦੀ ਧਾਰਾ 353,504 ਅਤੇ 34 ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਦਾਲਤ ਨੇ ਅੱਜ ਅਰਨਬ ਗੋਸਵਾਮੀ ਨੂੰ ਅਦਾਲਤ ਦੇ ਅੰਦਰ ਫੋਨ ਦੀ ਵਰਤੋਂ ਕਰਨ ਅਤੇ ਕਾਰਵਾਈ ਦਾ ਸਿੱਧਾ ਪ੍ਰਸਾਰਣ ਕਰਨ ਲਈ ਵੀ ਝਾੜਝੰਬ ਕੀਤੀ।

ਕੀ ਹੈ ਮਾਮਲਾ ?

ਵੈਬਸਾਈਟ ਲਾਈਵ ਲਾਅ ਦੇ ਅਨੁਸਾਰ ਮੁੰਬਈ ਪੁਲਿਸ ਨੇ ਅਰਨਬ ਗੋਸਵਾਮੀ ਨੂੰ ਆਤਮ ਹੱਤਿਆ ਕਰਨ ਲਈ ਉਕਸਾਉਣ ਦੇ ਇੱਕ 2018 ਦੇ ਮਾਮਲੇ ਵਿੱਚ ਆਈਪੀਸੀ ਦੀ ਧਾਰਾ 306 ਦੇ ਤਹਿਤ ਗ੍ਰਿਫ਼ਤਾਰ ਕੀਤਾ ਹੈ। ਰਿਪਬਲਿਕ ਟੀਵੀ ਦੇ ਅਨੁਸਾਰ, ਇਹ ਕੇਸ ਬੰਦ ਕਰ ਦਿੱਤਾ ਗਿਆ ਸੀ, ਜਿਸ ਨੂੰ ਦੁਬਾਰਾ ਖੋਲ੍ਹਿਆ ਗਿਆ ਹੈ। ਹਾਲਾਂਕਿ, ਪੁਲਿਸ ਨੇ ਅਜੇ ਇਹ ਨਹੀਂ ਦੱਸਿਆ ਹੈ ਕਿ ਕਿਸ ਮਾਮਲੇ ਵਿੱਚ ਕਾਰਵਾਈ ਕੀਤੀ ਗਈ ਹੈ।

ਪਰ ਮੰਨਿਆ ਜਾਂਦਾ ਹੈ ਕਿ ਅਰਨਬ ਦੀ ਗ੍ਰਿਫਤਾਰੀ ਮਰਾਠੀ ਦੇ ਇੰਟੀਰੀਅਰ ਡਿਜ਼ਾਈਨਰ ਅਨਵੇਅ ਨਾਇਕ ਦੀ ਕਥਿਤ ਖ਼ੁਦਕੁਸ਼ੀ ਨਾਲ ਸਬੰਧਿਤ ਹੈ। ਮਈ 2018 ਵਿੱਚ ਕਥਿਤ ਤੌਰ ‘ਤੇ ਕੀਤੀ ਗਈ ਖੁਦਕੁਸ਼ੀ ਤੋਂ ਪਹਿਲਾਂ ਲਿਖੀ ਇੱਕ ਚਿੱਠੀ ਵਿਚ, ਅਨਵੇਅ ਨਾਇਕ ਨੇ ਇਲਜ਼ਾਮ ਲਾਇਆ ਸੀ ਕਿ ਅਰਨਬ ਗੋਸਵਾਮੀ ਨੇ ਰਿਪਬਲਿਕ ਨੈਟਵਰਕ ਦੇ ਸਟੂਡੀਓ ਦੇ ਇੰਟੀਰੀਅਰ ਡਿਜ਼ਾਇਨ ਤੋਂ ਬਾਅਦ ਪੈਸਿਆਂ ਦਾ ਭੁਗਤਾਨ ਨਹੀਂ ਕੀਤਾ।

ਦਰਅਸਲ ਅਰਨਬ ਗੋਸੁਆਮੀ, ਫਿਰੋਜ ਸ਼ੇਖ ਅਤੇ ਨਿਤੇਸ਼ ਸਾਰਦਾ ਵੱਲੋਂ ਕਥਿਤ ਤੌਰ ‘ਤੇ ਬਕਾਇਆ ਰਾਸ਼ੀ ਨਾ ਦੇਣ ‘ਤੇ 53 ਸਾਲ ਦੇ ਇੰਟੀਅਰ ਡਿਜ਼ਾਈਨਰ ਤੇ ਉਸ ਦੀ ਮਾਂ ਵੱਲੋਂ ਖ਼ੁਦਕੁਸ਼ੀ ਮਾਮਲੇ ਵਿੱਚ CID ਜਾਂਚ ਦੇ ਹੁਕਮ ਦਿੱਤੇ ਸਨ। ਕਥਿਤ ਤੌਰ ‘ਤੇ ਅਨਵੇਅ ਨਾਇਕ ਵੱਲੋਂ ਲਿਖੇ ਸੂਸਾਈਡ ਨੋਟ ਵਿੱਚ ਕਿਹਾ ਗਿਆ ਸੀ ਕਿ ਮੁਲਜ਼ਮਾਂ ਨੇ ਉਨ੍ਹਾਂ ਦਾ 5.40 ਕਰੋੜ ਦਾ ਭੁਗਤਾਨ ਨਹੀਂ ਕੀਤਾ, ਇਸ ਲਈ ਉਨ੍ਹਾਂ ਨੂੰ ਖ਼ੁਦਕੁਸ਼ੀ ਕਰਨੀ ਪੈ ਰਹੀ ਹੈ। ਉੱਧਰ ਰਿਪਬਲਿਕ ਟੀਵੀ ਨੇ ਇੰਨਾਂ ਇਲਜ਼ਾਮਾਂ ਨੂੰ ਖ਼ਾਰਜ ਕਰ ਦਿੱਤਾ ਸੀ।

CID ਜਾਂਚ ਨੂੰ ਲੈ ਕੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਕਿਹਾ ਸੀ ਇੰਟੀਰੀਅਰ ਡਿਜ਼ਾਇਨਰ ਅਨਵੇਅ ਨਾਇਕ ਦੀ ਧੀ ਆਗਿਆ ਨਾਇਕ ਨੇ ਦਾਅਵਾ ਕੀਤਾ ਸੀ ਕਿ ਰਾਏਗੜ੍ਹ ਜ਼ਿਲ੍ਹੇ ਵਿੱਚ ਅਲੀਬਾਗ ਪੁਲਿਸ ਨੇ ਬਕਾਇਆ ਰਾਸ਼ੀ ਨਾ ਦੇਣ ਦੀ ਜਾਂਚ ਨਹੀਂ ਕੀਤੀ ਸੀ। ਇਸ ਲਈ ਅਨਵੇਅ ਅਤੇ ਉਸ ਦੀ ਮਾਂ ਨੇ ਖ਼ੁਦਕੁਸ਼ੀ ਕੀਤੀ।

ਰਿਪਬਲਿਕ ਟੀਵੀ ਦਾ ਪੱਖ

ਰਿਪਬਲਿਕ ਟੀਵੀ ਚੈਨਲ ਦੇ ਕੁਝ ਸਕ੍ਰੀਨ ਸ਼ਾਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ ਜਿਸ ਵਿੱਚ ਪੁਲਿਸ ਅਰਨਬ ਗੋਸਵਾਮੀ ਦੇ ਘਰ ਵਿੱਚ ਦਾਖਲ ਹੋਈ ਅਤੇ ਦੋਵਾਂ ਵਿਚਾਲੇ ਬਹਿਸ ਹੁੰਦੀ ਦਿਖਾਈ ਦੇ ਰਹੀ ਹੈ। ਚੈਨਲ ‘ਤੇ ਚਲਾਈ ਜਾ ਰਹੀ ਇੱਕ ਵੀਡੀਓ ਵਿੱਚ ਦਿੱਸ ਰਿਹਾ ਹੈ ਕਿ ਪੁਲਿਸ ਅਰਨਬ ਨੂੰ ਵੈਨ ਵਿੱਚ ਬਿਠਾ ਰਹੀ ਹੈ। ਚੈਨਲ ਦਾ ਦਾਅਵਾ ਹੈ ਕਿ ਅਰਨਬ ਨੂੰ ਉਸ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜੋ ਪਹਿਲਾਂ ਹੀ ਬੰਦ ਹੋ ਚੁੱਕਾ ਹੈ।

ਅਰਨਬ ਗੋਵਸਾਮੀ ਦੀ ਗ੍ਰਿਫ਼ਤਾਰੀ ’ਤੇ ਬੀਜੇਪੀ ਦਾ ਸਖ਼ਤ ਸਟੈਂਡ

ਅਰਨਬ ਗੋਵਸਾਮੀ ਅਤੇ ਉਨ੍ਹਾਂ ਦਾ ਰਿਪਬਲਿਕ ਟੀਵੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਹਮਾਇਤ ਕਰਦੇ ਹਨ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਬੀਜੇਪੀ ਲੀਡਰਾਂ ਨੇ ਸਖ਼ਤ ਪ੍ਰਤੀਕਿਰਿਆਵਾਂ ਦਿੱਤੀਆਂ ਹਨ।

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਨੂੰ ਯਾਦ ਆਏ ਐਮਰਜੈਂਸੀ ਦੇ ਦਿਨ

ਇਸ ਖ਼ਬਰਾਂ ਦੇ ਆਉਣ ਤੋਂ ਤੁਰੰਤ ਬਾਅਦ #ArnabGoswami ਹੈਸ਼ਟੈਗ ਟਵਿੱਟਰ ‘ਤੇ ਟਰੈਂਡ ਕਰਨ ਲੱਗ ਪਿਆ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਅਰਨਬ ਗੋਸਵਾਮੀ ਖਿਲਾਫ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਐਮਰਜੈਂਸੀ ਦੇ ਦਿਨਾਂ ਦੀ ਯਾਦ ਆ ਗਈ।

ਉਨ੍ਹਾਂ ਨੇ ਟਵੀਟ ਕੀਤਾ, ‘ਮੁੰਬਈ ਵਿੱਚ ਪ੍ਰੈਸ ਪੱਤਰਕਾਰੀ ਉੱਤੇ ਹਮਲਾ ਹੋਇਆ ਹੈ ਉਹ ਨਿੰਦਣਯੋਗ ਹੈ। ਇਹ ਐਮਰਜੈਂਸੀ ਵਾਂਗ ਹੀ ਮਹਾਰਾਸ਼ਟਰ ਸਰਕਾਰ ਦੀ ਕਾਰਵਾਈ ਹੈ। ਅਸੀਂ ਇਸ ਦੀ ਨਿੰਦਾ ਕਰਦੇ ਹਾਂ।’

ਅਮਿਤ ਸ਼ਾਹ ਨੇ ਘੇਰੀ ਕਾਂਗਰਸ, ਐਮਰਜੈਂਸੀ ਦਾ ਕੀਤਾ ਜ਼ਿਕਰ 

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਅਰਨਬ ਗੋਸਵਾਮੀ ਦੀ ਗ੍ਰਿਫ਼ਤਾਰੀ ਦੀ ਨਿੰਦਾ ਕੀਤੀ ਅਤੇ ਇਸ ਮਾਮਲੇ ਵਿੱਚ ਕਾਂਗਰਸ ਅਤੇ ਇਸ ਦੇ ਸਹਿਯੋਗੀ ਪਾਰਟੀਆਂ ਨੂੰ ਘੇਰਿਆ।

ਉਨ੍ਹਾਂ ਟਵੀਟ ਕੀਤਾ, ‘ਕਾਂਗਰਸ ਅਤੇ ਇਸ ਦੇ ਸਹਿਯੋਗੀ ਪਾਰਟੀਆਂ ਨੇ ਇਕ ਵਾਰ ਫਿਰ ਲੋਕਤੰਤਰ ਨੂੰ ਸ਼ਰਮਸਾਰ ਕੀਤਾ ਹੈ। ਰਿਪਬਲਿਕ ਟੀਵੀ ਅਤੇ ਅਰਨਬ ਗੋਸਵਾਮੀ ਖਿਲਾਫ ਰਾਜ ਦੀ ਸੱਤਾ ਦੀ ਖੁੱਲ੍ਹ ਕੇ ਦੁਰਵਰਤੋਂ ਨਿੱਜੀ ਆਜ਼ਾਦੀ ਅਤੇ ਲੋਕਤੰਤਰ ਦੇ ਚੌਥੇ ਥੰਮ ’ਤੇ ਹਮਲਾ ਹੈ। ਇਹ ਐਮਰਜੈਂਸੀ ਦੀ ਯਾਦ ਦਿਵਾਉਂਦਾ ਹੈ। ਸੁਤੰਤਰ ਪ੍ਰੈਸ ਉੱਤੇ ਹੋਏ ਇਸ ਹਮਲੇ ਦਾ ਵਿਰੋਧ ਹੋਣਾ ਚਾਹੀਦਾ ਹੈ ਅਤੇ ਇਸਦਾ ਵਿਰੋਧ ਕੀਤਾ ਜਾਵੇਗਾ।’

ਰਵੀ ਸ਼ੰਕਰ ਪ੍ਰਸਾਦ ਦਾ ਮਹਾਂਰਾਸ਼ਟਰ ਸਰਕਾਰ ’ਤੇ ਹਮਲਾ

ਕਾਨੂੰਨ ਅਤੇ ਨਿਆਂ, ਸੰਚਾਰ ਅਤੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਵੀ ਅਰਨਬ ਗੋਸਵਾਮੀ ਦੀ ਗ੍ਰਿਫਤਾਰੀ ਨੂੰ ਲੈ ਕੇ ਮਹਾਰਾਸ਼ਟਰ ਸਰਕਾਰ ‘ਤੇ ਸਖ਼ਤ ਸਵਾਲ ਖੜੇ ਕੀਤੇ ਹਨ।

ਉਨ੍ਹਾਂ ਨੇ ਟਵੀਟ ਕੀਤਾ, ‘ਕੋਈ ਅਸਹਿਮਤ ਹੋ ਸਕਦਾ ਹੈ, ਬਹਿਸ ਕਰ ਸਕਦਾ ਹੈ ਅਤੇ ਸਵਾਲ ਵੀ ਪੁੱਛ ਸਕਦਾ ਹੈ। ਹਾਲਾਂਕਿ ਪੁਲਿਸ ਸ਼ਕਤੀ ਦੀ ਦੁਰਵਰਤੋਂ ਕਰਦਿਆਂ ਅਰਨਬ ਗੋਸਵਾਮੀ ਜਿਹੇ ਪੱਤਰਕਾਰ ਨੂੰ ਗ੍ਰਿਫਤਾਰ ਕਰਨਾ, ਕਿਉਂਕਿ ਉਹ ਪ੍ਰਸ਼ਨ ਪੁੱਛ ਰਹੇ ਸਨ, ਇਹ ਅਜਿਹੀ ਘਟਨਾ ਹੈ ਜਿਸ ਦੀ ਸਾਨੂੰ ਸਾਰਿਆਂ ਨੂੰ ਨਿੰਦਾ ਕਰਨੀ ਚਾਹੀਦੀ ਹੈ।’

ਇਸੇ ਤਰ੍ਹਾਂ ਬੀਜੇਪੀ ਦੇ ਕਈ ਹੋਰ ਨਾਮੀ ਮੰਤਰੀਆਂ ਨੇ ਅਰਨਬ ਦੇ ਹੱਕ ਵਿੱਚ ਆਵਾਜ਼ ਉਠਾਈ। ਵੇਖੋ ਟਵੀਟ-