Punjab

ਅਵਾਰਾ ਪਸ਼ੂ ਬਣਦੇ ਜਾ ਰਹੇ ਨੇ ਜਾਨ ਲਈ ਖ਼ਤਰਾ

‘ਦ ਖ਼ਾਲਸ ਬਿਊਰੋ:- ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ ਅਤੇ ਇਸਦੇ ਚੱਲਦਿਆਂ ਹੁਣ ਲਾਵਾਰਸ ਪਸ਼ੂ ਮਨੁੱਖੀ ਜਾਨਾਂ ਲਈ ਸਭ ਤੋਂ ਵੱਡਾ ਖਤਰਾ ਬਣਦੇ ਜਾ ਰਹੇ ਹਨ। ਇਸ ਵੇਲੇ ਸੜਕ ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ ਆਵਾਰਾ ਪਸ਼ੂ ਵੀ ਹਨ।

ਸਰਕਾਰੀ ਰਿਪੋਰਟਾਂ ਮੁਤਾਬਕ 2016 ਤੋਂ ਸਤੰਬਰ 2019 ਤੱਕ ਲਾਵਾਰਸ ਪਸ਼ੂਆਂ ਕਾਰਨ ਹੋਈਆਂ 500 ਦੁਰਘਟਨਾਵਾਂ ਵਿੱਚ 370 ਮੌਤਾਂ ਹੋਈਆਂ ਹਨ। ਜਾਣਕਾਰੀ ਮੁਤਾਬਕ ਪੰਜਾਬ ਅੰਦਰ 1 ਲੱਖ 70 ਹਜ਼ਾਰ ਲਾਵਾਰਸ ਪਸ਼ੂ ਸੜਕਾਂ ਉੱਤੇ ਫਿਰਦੇ ਹਨ ਅਤੇ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ।

ਪੰਜਾਬ ਸਰਕਾਰ ਲੋਕਾਂ ਤੋਂ ਗਊ ਸੈੱਸ ਦੇ ਨਾਂ ‘ਤੇ ਮੋਟਾ ਟੈਕਸ ਵਸੂਲ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਆਵਾਰਾ ਪਸ਼ੂ ਸ਼ਰੇਆਮ ਸੜਕਾਂ ‘ਤੇ ਘੁੰਮ ਰਹੇ ਹਨ। ਅਕਾਲੀ-ਭਾਜਪਾ ਸਰਕਾਰ ਵੱਲੋਂ 22 ਅਕਤੂਬਰ 2014 ਨੂੰ ਹਰ ਜ਼ਿਲ੍ਹੇ ਵਿੱਚ ਪੰਚਾਇਤਾਂ ਤੋਂ 25-25 ਏਕੜ ਜ਼ਮੀਨ ਲੈ ਕੇ ਹਰ ਜਗ੍ਹਾ 2000 ਲਾਵਾਰਸ ਪਸ਼ੂਆਂ ਦੇ ਰਹਿਣ ਦਾ ਪ੍ਰਬੰਧ ਕੀਤੇ ਜਾਣ ਦੀ ਨੀਤੀ ਜਾਰੀ ਕੀਤੀ ਗਈ ਸੀ।

ਪੰਜਾਬ ਗਊ ਸੇਵਾ ਕਮਿਸ਼ਨ ਦੇ ਸੀਈਓ ਡਾ. ਹਰਮਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕਮਿਸ਼ਨ ਦੇ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਤੋਂ ਉਨ੍ਹਾਂ ਦੀ ਗਿਣਤੀ ਅਤੇ ਸਾਂਭ ਸੰਭਾਲ ਦੇ ਪ੍ਰਬੰਧਾਂ ਬਾਰੇ ਸੂਚਨਾਵਾਂ ਮੰਗੀਆਂ ਗਈਆਂ ਹਨ। ਵਿਧਾਨ ਸਭਾ ਵਿੱਚ ਵੀ ਇਹ ਮੁੱਦਾ ਗੈਰ ਸਰਕਾਰੀ ਮੈਂਬਰਾਂ ਦੇ ਮਤਿਆਂ ਦੇ ਰੂਪ ਵਿੱਚ ਕਈ ਵਾਰ ਵਿਚਾਰਿਆ ਗਿਆ ਪਰ ਸਰਕਾਰੀ ਪੱਧਰ ਉੱਤੇ ਸਮੱਸਿਆ ਦੇ ਹੱਲ ਵਾਲੀ ਨੀਤੀ ਨਹੀਂ ਬਣੀ।