International

ਅਮਰੀਕਾ ਤੋਂ ਸੈਣੀ ਦੀ ਗ੍ਰਿਫ਼ਤਾਰੀ ਕਰਾਉਣ ਵਾਲੇ ਨੂੰ 5 ਲੱਖ ਦੇਣ ਦਾ ਐਲਾਨ

‘ਦ ਖ਼ਾਲਸ ਬਿਊਰੋ ( ਅਮਰੀਕਾ ) :- ਅਮਰੀਕਾ ਦੇ ਨਿਊਯਾਰਕ ‘ਚ ਸਥਿਤ ਰਿਚਮੰਡ ਹਿੱਲ 118 ਸਟਰੀਟ, ਦੇ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਵੱਲੋਂ ਇੱਕ ਮੀਟਿੰਗ ਹੋਈ। ਜਿਸ ਦੌਰਾਨ ਸਰਬਸੰਮਤੀ ਨਾਲ ਪੰਜਾਬ ਦੇ ਸਾਬਕਾ DGP ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਕਰਾਉਣ ਸਬੰਧੀ ਇੱਕ ਅਹਿਮ ਫ਼ੈਸਲਾ ਲਿਆ ਗਿਆ ਕਿ ਜੋ ਕੋਈ ਵਿਅਕਤੀ ਸੈਣੀ ਦੀ ਗ੍ਰਿਫ਼ਤਾਰੀ ਕਰਵਾਏਗਾ, ਉਸ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 5 ਲੱਖ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ।

ਮੀਟਿੰਗ ਵਿੱਚ ਸੁਸਾਇਟੀ ਦੇ ਪ੍ਰਧਾਨ ਦਵਿੰਦਰ ਸਿੰਘ ਬੋਪਾਰਾਏ, ਜਨਰਲ ਸਕੱਤਰ ਬਲਾਕਾ ਸਿੰਘ, ਨਿਊਯਾਰਕ ਦੇ ਮਨੁੱਖੀ ਅਧਿਕਾਰ ਕਮਿਸ਼ਨਰ ਤੇ ਸੁਸਾਇਟੀ ਦੇ ਸਾਬਕਾ ਪ੍ਰਧਾਨ ਗੁਰਦੇਵ ਸਿੰਘ ਕੰਗ, ਕੁਲਦੀਪ ਸਿੰਘ ਵੜੈਚ, ਬੂਟਾ ਸਿੰਘ ਚੀਮਾ, ਸਾਬਕਾ ਪ੍ਰਧਾਨ ਕੁਲਦੀਪ ਸਿੰਘ ਢਿੱਲੋਂ, ਮੁਖ਼ਤਿਆਰ ਸਿੰਘ ਘੁੰਮਣ ਆਦਿ ਨੇ ਸ਼ਿਰਕਤ ਕੀਤੀ।

ਮੀਟਿੰਗ ਵਿੱਚ ਕਮੇਟੀ ਨੇ ਸਾਬਕਾ DGP ਸੁਮੇਧ ਸੈਣੀ ਤੇ ਪੰਜਾਬ ਪੁਲੀਸ ਤੇ ‘SIT ਦਰਮਿਆਨ ਚੱਲ ਰਹੇ ਚੂਹੇ-ਬਿੱਲੀ ਦੇ ਖੇਡ ਵਾਲੇ ਏਜੰਡੇ ’ਤੇ ਚਰਚਾ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਵਿੱਚ ਕਾਲੇ ਦੌਰ ਦੌਰਾਨ ਬਹੁਤ ਸਾਰੇ ਨਿਰਦੋਸ਼ ਲੋਕ ਖ਼ਾਸ ਕਰਕੇ ਸਿੱਖ ਨੌਜਵਾਨਾਂ ਨੂੰ ਘਰਾਂ ’ਚੋਂ ਚੁੱਕ ਕੇ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਜਾਂਦਾ ਰਿਹਾ ਹੈ ਅਤੇ ਕਾਫ਼ੀ ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਮਗਰੋਂ ਕਥਿਤ ਤੌਰ ’ਤੇ ਮਾਰ ਦਿੱਤਾ ਜਾਂਦਾ ਸੀ। ਸੁਸਾਇਟੀ ਦੇ ਪ੍ਰਧਾਨ ਦਵਿੰਦਰ ਸਿੰਘ ਬੋਪਾਰਾਏ ਨੇ ਕਿਹਾ ਕਿ ਸਾਬਕਾ ਪੁਲੀਸ ਮੁਖੀ ਹੁਣ ਮੁਲਤਾਨੀ ਕੇਸ ਵਿੱਚ ਖ਼ੁਦ ਉਸੇ ਕਾਨੂੰਨ ਤੋਂ ਲੁਕਦਾ ਫਿਰ ਰਿਹਾ ਹੈ।