India International Punjab

ਅਮਰੀਕੀ ਕਾਂਗਰਸ ਨੇ ਖਾਲਸਾ ਸਾਜਣਾ ਦਿਵਸ ਲਈ ਜੋ ਕੀਤਾ, ਉਹ ਪੜ੍ਹ ਕੇ ਤੁਹਾਡਾ ਦਿਲ ਵੀ ਭਰ ਜਾਵੇਗਾ ਮਾਣ ਨਾਲ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-117ਵੀਂ ਅਮਰੀਕੀ ਕਾਂਗਰਸ ਦੇ ਪਹਿਲੇ ਸ਼ੈਸ਼ਨ ਫਾਈਨਾਂਸ ਕਮੇਟੀ ਦੇ ਕਾਂਗਰਸਮੈਨ ਚੇਅਰਮੈਨ ਰਿਚਰਡ ਈ ਨੇਲ ਨੇ ਖਾਲਸਾ ਸਾਜਣਾ ਦਿਵਸ ਨੂੰ ਕਾਂਗਰੇਸ਼ਨਲ ਰਿਕਾਰਡ ਵਿਚ ਦਰਜ ਕਰਵਾਇਆ ਹੈ।

ਜਾਣਕਾਰੀ ਅਨੁਸਾਰ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਕਿ ਸਿੱਖ ਕੌਮ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਖਾਲਸੇ ਦੇ ਨਿਆਰੇਪਨ ਨੂੰ ਦੁਨੀਆ ਵੀ ਪਹਿਚਾਣ ਰਹੀ ਹੈ। ਅਮਰੀਕਾ ਦੀ ਰਾਜਧਾਨੀ ਵਸ਼ਿੰਗਟਨ ਡੀ ਸੀ ਵਿੱਚੋਂ ਕਾਂਗਰੇਸ਼ਨਲ ਰਿਕਾਰਡ ਵਿੱਚ ਖਾਲਸੇ ਦੀ ਸਾਜਨਾ ਦਿਵਸ ਦੇ ਮਹੱਤਵ ਨੂੰ ਸਮਝਣਾ ਇੱਕ ਕੌਮ ਦੇ ਭਵਿੱਖ ਲਈ ਬਹੁਤ ਵੱਡੀ ਗੱਲ ਹੈ।

ਇਹ ਵੱਡੇ ਯਤਨ ਵਰਲਡ ਸਿੱਖ ਪਾਰਲੀਮੈਟ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਅਤੇ ਮੈਸਾਚਿਉਸਟ ਸਟੇਟ ਤੋਂ ਭਾਈ ਗੁਰਨਿੰਦਰ ਸਿੰਘ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਅਮਰੀਕਾ ਦੇ ਕਾਂਗਰਸ ਨੁਮਾਇੰਦਿਆਂ ਨਾਲ ਕੀਤੀਆਂ ਮੀਟਿੰਗਾਂ ਸਦਕਾ ਸੰਭਵ ਹੋਏ ਹਨ ।

ਜ਼ਿਕਰਯੋਗ ਹੈ ਕਿ ਖਾਲਸਾ ਸਾਜਣਾ ਦਿਵਸ ਪੂਰੇ ਸੰਸਾਰ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਵੱਡੇ ਪੱਧਰ ‘ਤੇ ਮਨਾਇਆ ਜਾਂਦਾ ਹੈ । 13 ਅਪ੍ਰੈਲ 1699 ਈਸਵੀ ਨੂੰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਨੂੰ ਇੱਕ ਵੱਖਰਾ ਨਿਆਰਾ ਪੰਥ ਬਣਾ ਦਿੱਤਾ। ਗੁਰੂ ਜੀ ਨੇ ਭੇਦ-ਭਾਵ, ਜਾਤ-ਪਾਤ ਸਭ ਦਾ ਖਾਤਮਾ ਕਰ ਕੇ ਪੰਜਾਂ ਸਿੰਘਾਂ ਨੂੰ ਇੱਕ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਸਮੁੱਚੀ ਕੌਮ ਨੂੰ ਜਬਰ ਦੇ ਖਿਲਾਫ ਮਜ਼ਲੂਮਾਂ ਦੇ ਹੱਕ ਵਿੱਚ ਡਟਣ ਵਾਲੇ ਸੰਤ ਅਤੇ ਸਿਪਾਹੀ ਬਣਾਇਆ ਹੈ।