Punjab

ਅਖੰਡ ਪਾਠ ਕਿਤੇ ਹੋਰ, ਭੋਗ ਕਿਤੇ ਹੋਰ, ਹੁਕਮਨਾਮਾ ਵੀ ਨਹੀਂ ਲਿਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ‘ਚ ਨਹੀਂ ਛੱਡੀ ਕੋਈ ਕਸਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਦੀ ਉਲੰਘਣਾ ਦਾ ਇੱਕ ਹੋਰ ਮਾਮਲਾ ਪਹੁੰਚਿਆ ਹੈ। ਇਸ ਮਾਮਲੇ ਵਿੱਚ ਬਾਬਾ ਲੱਖਾ ਸਿੰਘ ਨਾਨਕਸਰ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

ਚਿੱਠੀ ਵਿੱਚ ਲਿਖਿਆ ਗਿਆ ਹੈ ਕਿ ‘ਬੀਤੇ ਦਿਨੀਂ ਨਾਨਕਸਰ ਕਲੇਰਾਂ ਵਿਖੇ ਬਾਬਾ ਨੰਦ ਸਿੰਘ ਜੀ ਦੇ ਬਰਸੀ ਸਮਾਗਮ ਦੇ ਸਬੰਧ ਵਿੱਚ ਅਖੰਡ ਸਾਹਿਬ ਦੇ ਪਾਠਾਂ ਦੀਆਂ ਲੜੀਆਂ ਆਰੰਭ ਕਰਵਾਈਆਂ ਗਈਆਂ ਸਨ, ਜਿਨ੍ਹਾਂ ਦੇ ਭੋਗ 24 ਅਗਸਤ, 2020 ਨੂੰ ਪੈਣੇ ਸਨ। ਬਾਬਾ ਲੱਖਾ ਸਿੰਘ ਵੱਲੋਂ ਅਖੰਡ ਪਾਠ ਸਾਹਿਬ ਕਿਸੇ ਹੋਰ ਥਾਂ ਤੇ ਨੌਂਵੇਂ ਮਹੱਲੇ ਦੇ ਸਲੋਕ ਕਿਸੇ ਹੋਰ ਥਾਂ ਪੜੇ ਗਏ। ਅਰਦਾਸ ਵੀ ਖੁਦ ਬਾਬਾ ਲੱਖਾ ਸਿੰਘ ਨੇ ਆਪ ਕੀਤੀ, ਜਿਸ ਦੀਆਂ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ਅਤੇ ਸਾਡੇ ਕੋਲ ਵੀ ਮੌਜੂਦ ਹਨ। ਇਸ ਤੋਂ ਇਲਾਵਾ ਅਰਦਾਸ ਉਪਰੰਤ ਹੁਕਮਨਾਮਾ ਵੀ ਨਹੀਂ ਲਿਆ ਗਿਆ। ਸਾਰੇ ਇਲਾਕੇ ਵਿੱਚ ਇਸ ਬੇਅਦਬੀ ਦਾ ਰੋਸ ਹੈ ਅਤੇ ਸਮੂਹ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ’।

ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼ਿਕਾਇਤ ਮਿਲਦਿਆਂ ਹੀ ਪੜਤਾਲੀਆ ਕਮੇਟੀ ਬਣਾ ਕੇ ਜਾਂਚ ਆਰੰਭ ਕਰ ਦਿੱਤੀ ਗਈ ਹੈ। ਗੁਰਦੁਆਰਾ ਗੁਰੂਸਰ ਕਾਉਂਕੇ ਦੇ ਮੈਨੇਜਰ ਗੁਰਜੀਤ ਸਿੰਘ ਤੇ ਪ੍ਰਚਾਰਕ ਸਰਵਣ ਸਿੰਘ ਵੱਲੋਂ ਮੌਕੇ ‘ਤੇ ਪਹੁੰਚ ਕੇ ਪੁੱਛ-ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।