‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਚੰਡੀਗੜ੍ਹ ਦੇ ਸੈਕਟਰ 28 ਸਥਿਤ ਸ਼੍ਰੀ ਗੁਰੂਦੁਆਰਾ ਕੇਂਦਰੀ ਸਭਾ ਵਿਖੇ ਅਕਾਲ ਯੂਥ ਵੱਲੋਂ ਬਾਪੂ ਗੁਰਚਰਨ ਸਿੰਘ ਦੀ ਅਗਵਾਈ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਬੁਲਾਰੇ ਭਾਈ ਜਸਵਿੰਦਰ ਸਿੰਘ ਰਾਜਪੁਰਾ ਤੇ ਭਾਈ ਸਤਵੰਤ ਸਿੰਘ ਖਾਲਸਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਤਿਹਾਸਕ ਗੁਰੂਦੁਆਰਾ ਅੰਬ ਸਾਹਿਬ ਦੀ ਸੈਣੀ ਮਾਜਰਾ ਨੇੜੇ ਏਅਰਪੋਰਟ ਦੀ ਬਹੋ ਕਰੋੜੀ ਜ਼ਮੀਨ ਵੇਚੀ ਜਾ ਰਹੀ ਹੈ ਜੋ ਕਿ ਬਹੁਚ ਹੀ ਮੰਦਭਾਗੀ ਗੱਲ ਹੈ ਕਿ ਗੁਰੂ ਘਰ ਦੀਆਂ ਜ਼ਮੀਨਾਂ ਨੂੰ ਆਪਣੇ ਨਿੱਜੀ ਮੁਫ਼ਾਦਾਂ ਲਈ ਵੇਚਣਾ ਬੇਹੱਦ ਸ਼ਰਮਨਾਕ ਹੈ।


ਸ਼੍ਰੋਮਣੀ ਕਮੇਟੀ ਵੱਲੋਂ 2012 ਤੇ 2013 ਦਰਮਿਆਨ ਵੀ ਗੁਰੂਦੁਆਰਾ ਅੰਬ ਸਾਹਿਬ ਦੀ ਜ਼ਮੀਨ 19 ਕਰੋੜ 36 ਲੱਖ ਰੁਪਏ ਵਿੱਚ ਵੇਚੀ ਗਈ ਸੀ। ਇਸ ਦੀ ਕੀਮਤ ਹੁਣ 66 ਕਰੋੜ ਰੁਪਏ ਹੈ। ਇਸ ਦੇ ਬਦਲੇ ਸ਼੍ਰੋਮਣੀ ਕਮੇਟੀ ਨੇ ਮਾਲੇਰਕੋਟਲਾ ਵਿਖੇ 14 ਕਰੋੜ ਰੁਪਏ ਦੀ ਜ਼ਮੀਨ ਖਰੀਦੀ ਸੀ। ਹੁਣ ਇਸਦੀ ਕੀਮਤ ਸਿਰਫ 9 ਕਰੋੜ ਰੁਪਏ ਰਹਿ ਗਈ ਹੈ, ਇਸ ਤੋਂ ਹਿਸਾਬ ਲਗਾਇਆ ਜਾ ਸਕਦਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਬਾਦਲ ਪਰਿਵਾਰ ਦੇ ਇਸ਼ਾਰੇ ਉੱਤੇ ਗੁਰੂਦੁਆਰਾ ਸਾਹਿਬ ਨੂੰ ਕਰੋੜਾ ਰੁਪਏ ਦਾ ਘਾਟਾ ਪਵਾਇਆ ਹੈ ਤੇ ਗੁਰੂ ਘਰ ਦੀ ਗੋਲਕ ਲੁੱਟੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਨੇ 912 ਕਰੋੜ 59 ਲੱਖ ਰੁਪਏ ਦਾ ਬਜਟ ਪਾਸ ਕੀਤਾ ਸੀ, ਜੋ ਕਿ 40 ਕਰੋੜ 66 ਲੱਖ ਰੁਪਏ ਦੇ ਘਾਟੇ ਵਾਲਾ ਬਜਟ ਸੀ। ਇਹ ਸਿੱਖ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਗੁਰੂ ਘਰ ਦੀ ਗੋਲਕ ਨੂੰ ਘਾਟਾ ਪਿਆ ਹੋਵੇ। ਸ਼੍ਰੋਮਣੀ ਕਮੇਟੀ ਨਾ ਹੀ ਹੁਣ ਤੱਕ ਲਾਪਤਾ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਪਤਾ ਲਾ ਸਕੀ ਹੈ। ਇਸ ਲਈ ਅਹੁੱਦਿਆਂ ‘ਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।

ਉਨ੍ਹਾਂ ਕਿਹਾ ਕਿ ਇਸਦੇ ਵਿਰੋਧ ਵਿੱਚ ਅਕਾਲ ਯੂਥ ਅਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ 10 ਅਪ੍ਰੈਲ ਨੂੰ ਸ਼੍ਰੀ ਅਮ੍ਰਿਤਸਰ ਵਿਖੇ ਸ਼੍ਰੋਮਣੀ ਕਮੇਟੀ ਦੇ ਦਫਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦ ਹੀ ਪੁੱਡਾ ਤੇ ਗਮਾਡਾ ਦੇ ਸੰਬੰਧਤ ਮੰਤਰੀ ਸੁੱਖਬਿੰਦਰ ਸਿੰਘ ਸਰਕਾਰੀਆ ਨਾਲ ਵੀ ਮੁਲਾਕਾਤ ਕੀਤੀ ਜਾਏਗੀ ਤਾਂਕਿ ਗੁਰੂਦੁਆਰਾ ਸਾਹਿਬ ਦੀ ਜ਼ਮੀਨ ਨੂੰ ਵੇਚਣ ਤੋਂ ਰੋਕਿਆ ਜਾ ਸਕੇ।

Leave a Reply

Your email address will not be published. Required fields are marked *