Punjab

ਆਰਡੀਨੈਂਸ ਮਾਮਲਾ: ਸੂਬੇ ਭਰ ‘ਚ ਸਾਰੇ ਵਿਧਾਇਕਾਂ ਦੇ ਘਰਾਂ ਦੇ ਘਿਰਾਓ ਦਾ ਐਲਾਨ, ਸੜਕਾਂ ਤੇ ਉੱਤਰ ਚੁੱਕੇ ਨੇ ਕਿਸਾਨ

‘ਦ ਖ਼ਾਲਸ ਬਿਊਰੋ:- ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਆਰਡੀਨੈਂਸਾਂ ਅਤੇ ਪ੍ਰਸਤਾਵਿਤ ਬਿਜਲੀ ਸੋਧ ਬਿਲ ਪਾਸ ਕੀਤੇ ਜਾਣ ਖਿਲਾਫ ਅੱਜ ਪੰਜਾਬ ਭਰ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਸੂਬੇ ਦਾ ਸਾਰੇ ਵਿਧਾਇਕਾ ਦੇ ਘਰਾਂ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ।
ਜਲੰਧਰ ਅਤੇ ਫਰੀਦਕੋਟ ਵਿੱਚ ਤਾਂ ਕਿਸਾਨ ਜਥੇਬੰਦੀਆਂ ਸੜਕਾਂ ‘ਤੇ ਉੱਤਰ ਚੁੱਕੀਆਂ ਹਨ, ਕੇਂਦਰ ਵੱਲੋਂ ਪਾਸ ਕੀਤੇ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿਲ ਨੂੰ ਵਾਪਿਸ ਲਏ ਜਾਣ ਦੀ ਮੰਗ ਕਰ ਰਹੀਆਂ ਹਨ।

ਅੱਜ ਦਾ ਪ੍ਰਦਰਸ਼ਨ ਦੌਰਾਨ ਕਿਸਾਨ ਜਥੇਬੰਦੀਆਂ ਕਾਂਗਰਸ ਸਰਕਾਰ ਦੇ ਵਿਧਾਇਕਾ ਦੇ ਘਰਾਂ ਦਾ ਘਿਰਾਓ ਹੀ ਨਹੀਂ, ਬਲਕਿ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾ ਦੇ ਘਰਾਂ ਦਾ ਵੀ ਘਿਰਾਓ ਕਰਨਗੀਆਂ। ਫਰੀਦਕੋਟ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਮੋਟਰਸਾਈਕਲਾਂ ‘ਤੇ ਰੋਸ ਰੈਲੀ ਕੱਢੀ ਜਾਵੇਗੀ, ਜਿਥੇ ਕਿਸਾਨਾਂ ਵੱਲੋਂ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ ਅਤੇ ਰੋਸ ਪੱਤਰ ਵੀ ਸੌਂਪਿਆ ਜਾਵੇਗਾ।
ਜਿਸ ਤਰ੍ਹਾਂ ਕੁੱਝ ਕਿਸਾਨ ਜਥੇਬੰਦੀਆਂ ਸੜਕਾਂ ‘ਤੇ ਪ੍ਰਦਰਸ਼ਨ ਕਰਨ ਲਈ ਉੱਤਰੀਆਂ ਹਨ ਤਾਂ ਹੋ ਸਕਦਾ ਹੈ ਇਹਨਾਂ ਸਾਰਿਆਂ ‘ਤੇ ਦਫਾ 144 ਲਾਗੂ ਹੋਣ ਕਾਰਨ ਪਰਚੇ ਵੀ ਸਕਦੇ ਹਨ ਕਿਉਂਕਿ ਨਾਂ ਹੀ ਕਿਸੇ ਦੇ ਮੂੰਹ ‘ਤੇ ਮਾਸਕ ਪਾਇਆ ਦਿਖਾਈ ਦੇ ਰਿਹਾ ਹੈ ਅਤੇ ਨਾ ਹੀ ਕਿਸੇ ਵੀ ਤਰ੍ਹਾਂ ਦੀ ਸ਼ੋਸਲ ਡਿੰਸਟੈਂਸਿੰਗ ਦਾ ਧਿਆਨ ਰੱਖਿਆ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਜਦੋਂ ਅੰਮ੍ਰਿਤਸਰ ਦੇ ਅਜਨਾਲਾ ਵਿੱਚ ਕਿਸਾਨ ਜਥੇਬੰਦੀਆਂ ਨੇ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰਦਿਆਂ ਟਰੈਕਟਰ ਰੈਲੀ ਕੱਢੀ ਸੀ ਤਾਂ ਉਦੋਂ 200 ਕਿਸਾਨਾਂ ਖਿਲਾਫ ਸੋਸ਼ਲ ਡਿਸਟੈਂਸਿੰਗ ਦੀ ਉਲੰਘਣਾ ‘ਤੇ ਪਰਚੇ ਦਰਜ ਕੀਤੇ ਗਏ ਹਨ ਜਿਨਾਂ ਵਿੱਚ 8 ਕਿਸਾਨ ਆਗੂਆਂ ਦੇ ਨਾਂ ਵੀ ਸ਼ਾਮਿਲ ਹਨ।