International

ਕੋਰੋਨਾ ਤੋਂ ਬਾਅਦ ਹੁਣ ਲੋਕ ਇਸ ਬੈਕਟੀਰੀਆ ਤੋਂ ਵੀ ਰੱਖਣ ਖ਼ਾਸ ਧਿਆਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੋਰੋਨਾਵਾਇਰਸ ਤੋਂ ਬਚਣ ਲਈ ਹਰ ਕੋਈ ਆਪਣੀ ਸੁਰੱਖਿਆ ਲਈ ਹਰ ਜ਼ਰੂਰੀ ਇਹਤਿਆਤ ਵਰਤ ਰਿਹਾ ਹੈ। ਪਰ ਇਸਦੇ ਦੌਰਾਨ ਵੀ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਰੋਨਾਵਾਇਰਸ ਵਰਗੇ ਭਿਆਨਕ ਹਾਲਾਤਾਂ ਵਿੱਚ ਹੁਣ ਇੱਕ ਹੋਰ ਨਵਾਂ ਬੈਕਟੀਰੀਆ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ। ਅਮਰੀਕਾ ਤੇ ਕੈਨੇਡਾ ‘ਚ ਲੋਕ ਇੱਕ ਨਵੇਂ ਬੈਕਟੀਰੀਆ ਤੋਂ ਸੰਕ੍ਰਮਿਤ ਹੋ ਰਹੇ ਹਨ। ਅਮਰੀਕਾ ਦੇ ਕਈ ਰਾਜਾਂ ਵਿੱਚ 400 ਤੋਂ ਵੱਧ ਲੋਕ ਸਾਲਮੋਨੇਲਾ ਬੈਕਟੀਰੀਆ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਕੈਨੇਡਾ ਵਿੱਚ ਵੀ ਅਜਿਹੇ ਕਈ ਕੇਸ ਸਾਹਮਣੇ ਆਏ ਹਨ। CNN ਦੀ ਇੱਕ ਰਿਪੋਰਟ ਅਨੁਸਾਰ 60 ਲੋਕ ਇਸ ਬੈਕਟਰੀਆ ਨਾਲ ਸੰਕਰਮਿਤ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਹੋਏ ਹਨ।

ਜਾਣਕਾਰੀ ਮੁਤਾਬਿਕ ਅਮਰੀਕਾ ਦੇ 31 ਰਾਜਾਂ ਦੇ ਲੋਕ ਇਸ ਵਾਇਰਸ ਦਾ ਸ਼ਿਕਾਰ ਹੋਏ ਹਨ। ਇਸ ਦਾ ਕਾਰਨ ਥੌਮਸਨ ਇੰਟਰਨੈਸ਼ਨਲ ਨਾਮਕ ਇੱਕ ਕੰਪਨੀ ਦੁਆਰਾ ਸਪਲਾਈ ਕੀਤੇ ਗਏ ਪਿਆਜ਼ ਨੂੰ ਮੰਨਿਆ ਜਾ ਰਿਹਾ ਹੈ। ਥੌਮਸਨ ਇੰਟਰਨੈਸ਼ਨਲ ਨੇ ਵੀ ਮੰਨਿਆ ਹੈ ਕਿ ਜਾਂਚ ‘ਚ ਇਹ ਸਾਹਮਣੇ ਆਇਆ ਹੈ ਕਿ ਲਾਲ ਪਿਆਜ਼ ਖਾਣ ਕਾਰਨ ਲੋਕ ਸੰਕਰਮਿਤ ਹੋਏ ਹਨ। ਹਾਲਾਂਕਿ ਕੰਪਨੀ ਹੁਣ ਬਾਜ਼ਾਰ ਤੋਂ ਹਰ ਕਿਸਮ ਦੇ ਪਿਆਜ਼ ਨੂੰ ਵਾਪਸ ਮੰਗਵਾ ਰਹੀ ਹੈ।

ਸੈਲਮੋਨੇਲਾ ਤੋਂ ਪ੍ਰਭਾਵਿਤ ਲੋਕਾਂ ਵਿੱਚ ਦਸਤ, ਬੁਖਾਰ ਤੇ ਪੇਟ ਵਿੱਚ ਦਰਦ ਵਰਗੇ ਲੱਛਣ ਪਾਏ ਗਏ ਹਨ। ਇਸ ਬੈਕਟਰੀਆ ਨਾਲ ਸੰਕਰਮਿਤ ਹੋਣ ਵਾਲੇ ਵਿਅਕਤੀ ਵਿੱਚ ਲੱਛਣ 6 ਘੰਟਿਆਂ ਤੋਂ 6 ਦਿਨਾਂ ਦੇ ਅੰਦਰ-ਅੰਦਰ ਸਾਹਮਣੇ ਆ ਸਕਦੇ ਹਨ। ਲੋਕ ਇਸ ਬੈਕਟਰੀਆ ਕਾਰਨ ਆਮ ਤੌਰ ‘ਤੇ 4 ਤੋਂ 7 ਦਿਨਾਂ ਲਈ ਬਿਮਾਰ ਰਹਿੰਦੇ ਹਨ। ਸਾਲਮੋਨੇਲਾ ਦਾ ਸਭ ਤੋਂ ਵੱਧ ਪ੍ਰਭਾਵ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ‘ਤੇ ਹੁੰਦਾ ਹੈ।