India

ਲੰਮੇ ਸਮੇਂ ਬਾਅਦ ਜੰਮੂ-ਕਸ਼ਮੀਰ ਦੇ ਦੋ ਜ਼ਿਲ੍ਹਿਆਂ ‘ਚ 4G ਇੰਟਰਨੈੱਟ ਸੇਵਾ ਸ਼ੁਰੂ

‘ਦ ਖ਼ਾਲਸ ਬਿਊਰੋ:- ਜੰਮੂ-ਕਸ਼ਮੀਰ ਦੇ ਦੋ ਜ਼ਿਲ੍ਹਿਆਂ ਵਿੱਚ ਕੱਲ੍ਹ ਰਾਤ 9 ਵਜੇ ਤੋਂ 4G ਇੰਟਰਨੈਟ ਸੇਵਾ ਬਹਾਲ ਕਰ ਦਿੱਤੀ ਗਈ ਹੈ। ਇਹ ਸੇਵਾ ਗਾਂਦਰਬਲ ਅਤੇ ਉਧਮਪੁਰ ਵਿੱਚ ਅਰੰਭ ਹੋ ਗਈ ਹੈ। ਇਹ ਇੰਟਰਨੈੱਟ ਸੇਵਾ 8 ਸਤੰਬਰ ਤੱਕ ਜਾਰੀ ਰਹੇਗੀ।

4G ਇੰਟਰਨੈਟ ਪੋਸਟਪੇਡ ਸੇਵਾ ਤੋਂ ਸ਼ੁਰੂ ਹੋਵੇਗਾ। ਇਨ੍ਹਾਂ ਦੋਹਾਂ ਜ਼ਿਲ੍ਹਿਆਂ ਨੂੰ ਛੱਡ ਕੇ, ਹੋਰ ਸਾਰੀਆਂ ਥਾਵਾਂ ‘ਤੇ ਇੰਟਰਨੈਟ ਦੀ ਸਪੀਡ 2G ਰਹੇਗੀ। ਗਾਂਦਰਬਲ ਜ਼ਿਲ੍ਹਾ ਕਸ਼ਮੀਰ ਅਤੇ ਉਧਮਪੁਰ ਜ਼ਿਲ੍ਹਾ ਜੰਮੂ ਵਿੱਚ ਆਉਂਦਾ ਹੈ। ਜੰਮੂ ਕਸ਼ਮੀਰ ਵਿੱਚ ਕੁੱਲ 20 ਜ਼ਿਲ੍ਹੇ ਹਨ। ਧਾਰਾ 370 ਹਟਾਏ ਜਾਣ ਦੇ ਫੈਸਲੇ ਤੋਂ ਇੱਕ ਦਿਨ ਪਹਿਲਾਂ 4 ਅਗਸਤ, 2019 ਤੋਂ 4G ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਬ੍ਰੌਡਬੈਂਡ ਅਤੇ 2G ਸੇਵਾਵਾਂ ਜਨਵਰੀ ਵਿੱਚ ਦੁਬਾਰਾ ਸ਼ੁਰੂ ਕੀਤੀਆਂ ਗਈਆਂ ਸਨ, ਪਰ ਉੱਚ-ਸਪੀਡ ਇੰਟਰਨੈਟ ‘ਤੇ ਪਾਬੰਦੀਆਂ ਜਾਰੀ ਹਨ।

ਸੁਪਰੀਮ ਕੋਰਟ ਵਿੱਚ ਦਾਇਰ ਹਲਫਨਾਮੇ ਵਿੱਚ ਰਾਜ ਪ੍ਰਸ਼ਾਸਨ ਨੇ ਕਿਹਾ ਸੀ ਕਿ ਇਹ ਸੇਵਾਵਾਂ ਜੰਮੂ-ਕਸ਼ਮੀਰ ਦੇ ਦੋ ਜ਼ਿਲ੍ਹਿਆਂ ਵਿੱਚ ਪ੍ਰਯੋਗਾਤਮਕ ਆਧਾਰ ‘ਤੇ ਸ਼ੁਰੂ ਕੀਤੀਆਂ ਜਾਣਗੀਆਂ, ਜਿਸ ਵਿੱਚ ਇੱਕ ਜ਼ਿਲ੍ਹਾ ਜੰਮੂ ਦਾ ਅਤੇ ਇੱਕ ਕਸ਼ਮੀਰ ਖੇਤਰ ਦਾ ਹੋਵੇਗਾ।