India International Punjab

ਅਮਰੀਕਾ ਦੀ ਕੌਮੀ ਫੁੱਟਬਾਲ ਲੀਗ ਸੁਪਰ ਬਾਊਲ ਵਿੱਚ ਚੱਲਿਆ ਕਿਸਾਨੀ ਸੰਘਰਸ਼ ਦਾ ਇਸ਼ਤਿਹਾਰ

‘ਦ ਖ਼ਾਲਸ ਬਿਊਰੋ :- ਅਮਰੀਕਾ ਦੀ ਕੌਮੀ ਫੁੱਟਬਾਲ ਲੀਗ ਸੁਪਰ ਬਾਊਲ ਵਿੱਚ ਭਾਰਤ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਬਾਰੇ 30 ਸੈਕਿੰਡ ਦਾ ਇੱਕ ਇਸ਼ਤਿਹਾਰ (Add) ਜਾਰੀ ਕੀਤਾ ਗਿਆ ਹੈ। ਇਸ ਇਸ਼ਤਿਹਾਰ ਵਿੱਚ ਕਿਸਾਨੀ ਸੰਘਰਸ਼ ਨੂੰ ਮਨੁੱਖੀ ਇਤਿਹਾਸ ਦਾ ਸਭ ਤੋਂ ਵੱਡਾ ਸੰਘਰਸ਼ ਕਰਾਰ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ ਇਸ ਇਸ਼ਤਿਹਾਰ ਲਈ 55 ਲੱਖ ਰੁਪਏ ਦਿੱਤੇ ਗਏ ਹਨ। ਇਹ ਇਸ਼ਤਿਹਾਰ ਉਸ ਲੀਗ ਵਿੱਚ ਚੱਲਿਆ ਹੈ ਜੋ ਦੁਨੀਆ ਭਰ ਵਿੱਚ ਮਸ਼ਹੂਰ ਇਸ਼ਤਿਹਾਰਾਂ ਨੂੰ ਜਾਰੀ ਕਰਨ ਲਈ ਜਾਣਿਆ ਜਾਂਦਾ ਹੈ।

ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਸ ਇਸ਼ਤਿਹਾਰ ਵਾਸਤੇ ਪੈਸੇ ਕਿਸਨੇ ਦਿੱਤੇ ਹਨ ਪਰ ਇਹ ਕੈਲੀਫੋਰਨੀਆ ਤੋਂ ਇਲਾਵਾ ਹੋਰ ਸੂਬਿਆਂ ਵਿੱਚ ਵੀ ਚਲਾਇਆ ਗਿਆ ਹੈ। ਇਸ ਇਸ਼ਤਿਹਾਰ ਵਿੱਚ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਬਿਆਨ ਦਾ ਹਵਾਲਾ ਵੀ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਇਸ ਇਸ਼ਤਿਹਾਰ ਨੂੰ 10 ਕਰੋੜ ਤੋਂ ਵੱਧ ਲੋਕਾਂ ਵੱਲੋਂ ਵੇਖਿਆ ਗਿਆ ਹੈ।

ਕਿਸਾਨ ਏਕਤਾ ਮੋਰਚੇ ਨੇ ਟਵਿੱਟਰ ‘ਤੇ ਪੋਸਟ ਪਾ ਕੇ ਫਰੈਸਨੋ ਸਿੱਖ ਭਾਈਚਾਰੇ ਦਾ ਧੰਨਵਾਦ ਕਰਦਿਆਂ ਦੱਸਿਆ ਕਿ “ਫਰੈਸਨੋ ਸਿਟੀ ਕਮਿਊਨਿਟੀ ਨੇ ਇਹ ਮਸ਼ਹੂਰੀ ਸੁਪਰ ਬਾਲ ਉੱਤੇ ਪੇਸ਼ ਕੀਤੀ। ਇਸ ਕਮਿਊਨਿਟੀ ਵੱਲੋਂ ਕਿਸਾਨੀ ਅੰਦੋਲਨ ਬਾਰੇ ਜਾਗਰੂਕਤਾ ਫੈਲਾਉਣਾ ਲੋਕਾਂ ਲਈ ਵਧੀਆ ਕੰਮ ਹੈ।”