‘ਦ ਖ਼ਾਲਸ ਬਿਊਰੋ ( ਚੰਡੀਗੜ੍ਹ ) :-  ਰਾਸ਼ਟਰਪਤੀ ਨੂੰ ਮਿਲਣ ਵਾਲੇ ਕੈਪਟਨ ਦੇ ਸੱਦੇ ਨੂੰ ਆਮ ਆਦਮੀ ਪਾਰਟੀ ਨੇ ਰੱਦ ਕਰ ਦਿੱਤਾ ਹੈ। ਆਪ ਦੇ ਆਗੂ ਨੇਤਾ ਹਰਪਾਲ ਸਿੰਘ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਰਾਸ਼ਟਰਪਤੀ ਨੂੰ ਖੇਤੀ ਕਾਨੂੰਨਾਂ ਸਬੰਧੀ ਮਿਲਣ ਦੇ ਫੈਸਲੇ ਨੂੰ ਡਰਾਮੇਬਾਜ਼ੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ, “ਆਪ ਰਾਸ਼ਟਰਪਤੀ ਨੂੰ ਮਿਲਣ ਵਾਲੇ ਡਰਾਮੇ ਦਾ ਹਿੱਸਾ ਨਹੀਂ ਬਣੇਗੀ”

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ “ਕੈਪਟਨ ਪ੍ਰਧਾਨ ਮੰਤਰੀ ਮੋਦੀ ਤੋਂ ਸਮਾਂ ਲੈਣ ਤਾਂ ਅਸੀਂ ਨੰਗੇ ਪੈਰੀਂ ਨਾਲ ਚੱਲਾਂਗੇ।” ਉਨ੍ਹਾਂ ਕੈਪਟਨ ਤੇ ਦੋਸ਼ ਲਾਉਂਦੇ ਹੋਏ ਕਿਹਾ “ਕੈਪਟਨ  ਆਪਣੀਆਂ ਕਮਜ਼ੋਰੀਆਂ ਕਾਰਨ ਮੋਦੀ ਦੀ ਕਠਪੁਤਲੀ ਬਣੇ ਹੋਏ ਹਨ। ਪੰਜਾਬ ਦੇ ਫ਼ਰਜ਼ੀ ਬਿੱਲਾਂ ਰਾਹੀਂ ਕਿਸਾਨੀ ਹਿੱਤ ਨਹੀਂ ਬਚ ਸਕਦੇ ਹਨ। MSP ‘ਤੇ ਯਕੀਨੀ ਖ਼ਰੀਦ ਨੂੰ ਕਾਨੂੰਨ ਥੱਲੇ ਲਿਆਉਣਾ ਜ਼ਰੂਰੀ ਹੈ।”

ਕੈਪਟਨ ਨੇ ਦਾਅ ਖੇਡਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੂੰ ਕਸੂਤਾ ਘੇਰਨ ਦੇ ਕੋਸ਼ਿਸ਼ ਕੀਤੀ ਸੀ। ਦੋਵੇਂ ਮੁੱਖ ਵਿਰੋਧੀ ਧਿਰਾਂ ਕੈਪਟਨ ਵੱਲੋਂ ਲਿਆਂਦੇ ਖੇਤੀ ਬਿੱਲਾਂ ਦੀ ਪਹਿਲਾਂ ਹਮਾਇਤ ਕਰਕੇ ਹੁਣ ਵਿਰੋਧ ਕਰ ਰਹੀਆਂ ਹਨ। ਦਰਅਸਲ ਪੰਜਾਬ ਸਰਕਾਰ ਵੱਲੋਂ ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਵਿਧਾਨ ਸਭਾ ‘ਚ ਪਾਸ ਬਿੱਲਾਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 4 ਨਵੰਬਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਨੂੰ ਰਾਸ਼ਟਰਪਤੀ ਕੋਲ ਚੱਲਣ ਦੀ ਅਪੀਲ ਕੀਤੀ ਹੈ। ਪੰਜਾਬ ਵਿਧਾਨ ਸਭਾ ‘ਚ ਪਾਸ ਕੀਤੇ ਬਿੱਲਾਂ ਦੀ ਕਾਪੀ ਉਸੇ ਦਿਨ ਕੈਪਟਨ ਸਰਕਾਰ ਨੇ ਰਾਜਪਾਲ ਨੂੰ ਸੌਂਪ ਦਿੱਤੀ ਸੀ।

ਵਿਰੋਧ ਧਿਰਾਂ ਨੇ ਪਹਿਲਾਂ ਬਿੱਲਾਂ ਨੂੰ ਹਮਾਇਤ ਦਿੱਤੀ ਤੇ ਫਿਰ ਯੂ-ਟਰਨ ਲੈਂਦਿਆਂ ਬਿੱਲਾਂ ਉੱਪਰ ਸਵਾਲ ਉੱਠਾ ਦਿੱਤੇ। ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਲੀਡਰ ਇਲਜ਼ਾਮ ਲਾ ਰਹੇ ਹਨ, ਕਿ ਕੈਪਟਨ ਕੇਂਦਰ ਸਰਕਾਰ ਦੇ ਇਸ਼ਾਰੇ ਉੱਪਰ ਹੀ ਬਿੱਲ ਲੈ ਕੇ ਆਏ ਹਨ। ਵਿਰੋਧੀ ਧਿਰਾਂ ਕੈਪਟਨ ਸਰਕਾਰ ਨੂੰ ਇਸ ਗੱਲ ‘ਤੇ ਵੀ ਘੇਰ ਰਹੀਆਂ ਸੀ ਕਿ ਕੀ ਰਾਜਪਾਲ ਤੇ ਰਾਸ਼ਟਰਪਤੀ ਇਨ੍ਹਾਂ ਬਿੱਲਾਂ ਨੂੰ ਮਨਜ਼ੂਰੀ ਦੇਣਗੇ ਜਾਂ ਨਹੀਂ। ਹੁਣ ਵਿਰੋਧੀ ਧਿਰਾਂ ਲਈ ਹਾਲਾਤ ਇੱਕ ਪਾਸੇ ਖੂਹ ਤੇ ਦੂਜੇ ਪਾਸ ਖਾਈ ਵਾਲੇ ਹਨ। ਜੇਕਰ ਹੁਣ ਐਸੀ ਹਾਲਤ ‘ਚ ਵਿਰੋਧੀ ਧਿਰਾਂ ਕੈਪਟਨ ਦੇ ਨਾਲ ਨਹੀਂ ਤੁਰਦੀਆਂ ਤਾਂ ਕਿਸਾਨ ਉਨ੍ਹਾਂ ਦੇ ਖਿਲਾਫ ਹੋ ਸਕਦੇ ਹਨ। ਦੂਜੇ ਪਾਸੇ ਜੇ ਨਾਲ ਜਾਂਦੀਆਂ ਹਨ ਤਾਂ ਉਨ੍ਹਾਂ ਦੇ ਵਿਰੋਧ ਉੱਪਰ ਸਵਾਲ ਉੱਠਣਗੇ।

Leave a Reply

Your email address will not be published. Required fields are marked *