International

ਸਿੱਖ ਨੌਜਵਾਨ ਨੇ 3 ਬੱਚਿਆਂ ਨੂੰ ਬਚਾਉਣ ਖਾਤਰ ਨਦੀ ‘ਚ ਮਾਰੀ ਛਾਲ, ਬੱਚੇ ਬਚਾਏ ਪਰ ਆਪਣੀ ਜਾਨ ਕੀਤੀ ਕੁਰਬਾਨ!

‘ਦ ਖ਼ਾਲਸ ਬਿਊਰੋ :- ਅਮਰੀਕਾ ਦੇ ਸ਼ਹਿਰ ਫਰੇਜ਼ਨੋ ਲਾਗੇ ਰੀਡਲੀ ਬੀਚ ਵਿਖੇ ਕਿੰਗਜ਼ ਨਦੀ ਵਿੱਚ ਡੁੱਬ ਰਹੇ ਤਿੰਨ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਇੱਕ ਸਿੱਖ ਨੋਜਵਾਨ ਮਨਜੀਤ ਸਿੰਘ ਦੀ ਨਦੀ ‘ਚ ਡੁੱਬ ਕੇ ਮੌਤ ਹੋ ਗਈ ਹੈ। ਜਿਸ ਨਾਲ ਪੂਰੀ ਦੁਨੀਆਂ ‘ਚ ਵਸਦੇ ਸਿੱਖ ਭਾਈਚਾਰੇ ਅੰਦਰ ਤੇ ਪੰਜਾਬ ‘ਚ ਸੋਗ ਦੀ ਲਹਿਰ ਫੈਲ ਗਈ ਹੈ। ਅਮਰੀਕਾ ‘ਚ ਰਹਿੰਦੇ ਮਨਜੀਤ ਸਿੰਘ ਦੀ ਬਹਾਦਰੀ ਨੂੰ ਲੋਕ ਸਲਾਮਾਂ ਕਰ ਰਹੇ ਹਨ।

29 ਸਾਲਾ ਮਨਜੀਤ ਸਿੰਘ ਦੋ ਸਾਲ ਪਹਿਲਾਂ ਹੀ ਪੰਜਾਬ ਤੋਂ ਅਮਰੀਕਾ ਗਿਆ ਸੀ ਤੇ ਉਸ ਨੂੰ ਫਰੇਜ਼ਨੋ ‘ਚ ਰਹਿੰਦੇ ਹੋਏ ਕੁੱਝ ਸਮਾਂ ਹੀ ਹੋਇਆ ਸੀ। ਇੱਥੇ ਉਹ ਪਿਛਲੇ ਕੁੱਝ ਦਿਨਾਂ ਤੋਂ ਟਰੱਕ ਚਲਾਉਣ ਦੀ ਤਿਆਰੀ ਲਈ ਡਰਾਈਵਿੰਗ ਸਕੂਲ ਦੀਆਂ ਕਲਾਸਾਂ ਲਾ ਰਿਹਾ ਸੀ।

ਡਰਾਈਵਿੰਗ ਸਕੂਲ ਦੀ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਮਨਜੀਤ ਸਿੰਘ ਆਪਣੇ ਜੀਜੇ ਨਾਲ ਘੁੰਮਣ ਫਿਰਨ ਲਈ ਨਦੀ ‘ਤੇ ਗਿਆ ਸੀ। ਇੱਥੇ ਉਸਨੇ ਜਦੋਂ ਬੱਚਿਆਂ ਨੂੰ ਡੁਬਦਿਆਂ ਦੇਖਿਆ ਤਾਂ ਉਸਨੇ ਬੱਚਿਆਂ ਨੂੰ ਬਚਾਉਣ ਲਈ ਨਦੀ ਵਿੱਚ ਛਾਲ ਮਾਰ ਦਿੱਤੀ ਪਰ ਨਦੀ ਦੇ ਤੇਜ ਵਹਾਅ ਕਾਰਨ ਉਹ ਪਾਣੀ ਵਿੱਚ ਝਾੜੀਆਂ ‘ ਚ ਫਸ ਗਿਆ ਤੇ ਡੁੱਬ ਕੇ ਉਸਦੀ ਮੌਤ ਹੋ ਗਈ।

ਰੀਡਲੀ ਦੇ ਪੁਲਸ ਮਹਿਕਮੇ ਦੇ ਕਮਾਂਡਰ ਮਾਰਕ ਏਡਿਗਰ ਨੇ ਮੀਡੀਆ ਨੂੰ ਦੱਸਿਆ ਕਿ ਬੱਚਿਆਂ ਵਿੱਚ ਅੱਠ-ਅੱਠ ਸਾਲਾਂ ਦੀਆਂ ਦੋ ਕੁੜੀਆਂ ਤੇ ਇੱਕ ਦਸ ਸਾਲਾਂ ਦਾ ਮੁੰਡਾ ਸੀ। ਏਡਿਗਰ ਨੇ ਕਿਹਾ ਕਿ ਮਨਜੀਤ ਸਿੰਘ ਦੀ ਇਹਨਾਂ ਬੱਚਿਆਂ ਨਾਲ ਕੋਈ ਸਾਂਝ ਨਹੀਂ ਸੀ, ਪਰ ਮਨਜੀਤ ਨੇ ਬੱਚਿਆ ਨੂੰ ਡੁਬਦਿਆਂ ਦੇਖ ਕੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆ ਤਿੰਨਾਂ ਬੱਚਿਆ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।

ਦੋ ਬੱਚਿਆਂ ਨੂੰ ਨਦੀ ਵਿਚੋਂ ਜਲਦੀ ਕੱਢ ਲਿਆ ਗਿਆ ਪਰ ਇੱਕ ਕੁੜੀ ਲਗਭਗ 15 ਮਿੰਟ ਬਾਅਦ ਨਦੀ ਵਿਚੋਂ ਕੱਢੀ ਗਈ। ਇਸ ਬੱਚੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬੱਚੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਨਜੀਤ ਸਿੰਘ ਦੀ ਭਾਲ ਕਰਦਿਆਂ ਲਗਭਗ 40 ਮਿੰਟ ਬਾਅਦ ਉਸਦੀ ਦੇਹ ਪਾਣੀ ਵਿਚੋਂ ਮਿਲੀ। ਉਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।