Khaas Lekh Religion

ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਲਈ ਛੇਵੀਂ ਪਾਤਸ਼ਾਹੀ ਦੇ ਜੀਵਨ ਵਿੱਚੋਂ ਇੱਕ ਖ਼ਾਸ ਸੁਨੇਹਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਰਉਪਕਾਰ ਦੀ ਮੂਰਤੀ, ਮਹਾਂਬਲੀ ਯੋਧੇ, ਮੀਰੀ-ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਪੁੱਤਰ ਸੀ। ਸਿੱਖ ਇਤਿਹਾਸ ਦੇ ਖੋਜਕਾਰੀਆਂ ਵੱਲੋਂ ਇਤਿਹਾਸ ‘ਤੇ ਕੀਤੀ ਗਈ ਡੂੰਘੀ ਖੋਜ ‘ਤੇ ਆਧਾਰਿਤ ਅੱਜ ਮੈਂ ਗੁਰੂ ਸਾਹਿਬ ਜੀ ਦੀ ਉਸ ਅਧਿਆਤਮਕ ਸੋਚ ਵਾਲੀ ਘਟਨਾ ਦਾ ਵਰਣਨ ਕਰਨ ਜਾ ਰਹੀ ਹਾਂ, ਜਿਸ ਤੋਂ ਰਾਣੀ ਨੂਰ ਜਹਾਂ ਪ੍ਰਭਾਵਿਤ ਹੋਣ ਤੋਂ ਰਹਿ ਨਾ ਸਕੀ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਸਿਰ ਰੱਖ ਦਿੱਤਾ।

ਜਹਾਂਗੀਰ ਦੀ ਰਾਣੀ ਨੂਰ ਜਹਾਂ ਸ਼ਾਲੀਮਾਰ ਬਾਗ ਵਿੱਚ ਬੈਠੀ ਹੋਈ ਆਪਣੇ ਪਤੀ ਬਾਦਸ਼ਾਹ ਜਹਾਂਗੀਰ ਨੂੰ ਕਹਿੰਦੀ ਹੈ ਕਿ ਮੈਂ ਵੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦੀਦਾਰ ਕਰਨ ਜਾਣਾ ਹੈ। ਜਹਾਂਗੀਰ ਕਹਿੰਦਾ ਕਿ ਬਿਲਕੁਲ ਜਾ ਸਕਦੀ ਹੈ। ਸਵੇਰੇ ਦਿਨ ਚੜ੍ਹਿਆ, ਨੂਰ ਜਹਾਂ ਬੜਾ ਸ਼ਿੰਗਾਰ ਕਰਕੇ ਗੁਰੂ ਸਾਹਿਬ ਜੀ ਦੇ ਦੀਦਾਰ ਕਰਨ ਗਈ। ਉਸ ਸਮੇਂ ਨੂਰ ਜਹਾਂ ਨੇ ਜੋ ਪੁਸ਼ਾਕ ਪਹਿਨੀ ਹੋਈ ਸੀ, ਉਸ ਉੱਪਰ ਇੰਨੇ ਹੀਰੇ, ਮੋਤੀ ਜੜ੍ਹੇ ਹੋਏ ਸਨ ਕਿ ਉਹ ਉਨ੍ਹਾਂ ਦੇ ਭਾਰ ਨਾਲ ਤੁਰ ਨਹੀਂ ਸਕਦੀ ਸੀ। ਉਸ ਲਈ ਉਸਦੀਆਂ 22 ਨੌਕਰਾਣੀਆਂ ਨੇ ਉਸਦੇ ਲਹਿੰਗੇ ਦੀਆਂ ਪੱਲੀਆਂ ਫੜ੍ਹੀਆਂ ਹੋਈਆਂ ਸਨ। ਸਵੇਰੇ ਦਾ ਸਮਾਂ ਹੈ, ਗੁਰੂ ਸਾਹਿਬ ਜੀ ਸਵੇਰ ਦੇ ਨਿੱਤਨੇਮ ਵਿੱਚ ਲੀਨ ਹਨ। ਜਿਸ ਵੇਲੇ ਨੂਰ ਜਹਾਂ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਆਈ, ਗੁਰੂ ਸਾਹਿਬ ਜੀ ਨੇ ਪਾਠ ਕਰਨ ਤੋਂ ਬਾਅਦ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਜਦੋਂ ਨੂਰ ਜਹਾਂ ਨੂੰ ਤੱਕਿਆ ਤਾਂ ਆਪਣੀ ਜ਼ੁਬਾਨ ਤੋਂ ਇੱਕ ਸ਼ਬਦ ਕਿਹਾ ਕਿ

ਐਸਾ ਸਾਚੁ ਸ਼ਿੰਗਾਰ ਕਰ ਪੁਤਰੀ ਪਾਇ ਖੁਦਾਇ।

ਗੁਰੂ ਸਾਹਿਬ ਜੀ ਨੇ ਕਿਹਾ ਕਿ ਬੇਟਾ, ਜਿੰਨੇ ਕੀਮਤੀ ਗਹਿਣਿਆਂ ਦਾ ਸ਼ਿਗਾਰ ਆਪਣੇ ਤਨ ‘ਤੇ ਕਰਕੇ ਆਈ ਹੈਂ, ਕਿਤੇ ਖੁਦਾ ਦੇ ਨਾਮ ਦਾ ਸ਼ਿੰਗਾਰ ਆਪਣੇ ਮਨ ‘ਤੇ ਕੀਤਾ ਹੁੰਦਾ, ਤਾਂ ਸੱਚਮੁੱਚ ਖੁਦਾ ਨੂੰ ਪਾ ਲੈਣਾ ਸੀ। ਜਿਸ ਸਮੇਂ ਗੁਰੂ ਸਾਹਿਬ ਜੀ ਨੇ ਇਹ ਸ਼ਬਦ ਵਰਤਿਆ, ਉਸ ਸਮੇਂ ਗੁਰੂ ਸਾਹਿਬ ਜੀ ਦੀ ਉਮਰ ਸਾਢੇ ਕੁ 28 ਸਾਲ ਸੀ। ਨੂਰ ਜਹਾਂ ਨੇ ਘੁਰੂ ਸਾਹਿਬ ਜੀ ਦੇ ਚਰਨਾਂ ਉੱਪਰ ਸਿਰ ਰੱਖ ਦਿੱਤਾ।

ਨੂਰ ਜਹਾਂ ਨੇ ਗੁਰੂ ਸਾਹਿਬ ਜੀ ਨੂੰ ਇੱਕ ਸਵਾਲ ਵੀ ਕੀਤਾ ਕਿ ਸਿੱਖਾਂ ਦੇ ਗੁਰੂ ਜੀ, ਤੁਹਾਡੀ ਨੌਜਵਾਨੀ ਦੀ ਉਮਰ, ਦੁਨੀਆ ਦੀ ਖੂਬਸੂਰਤੀ ਤੁਹਾਡੇ ਚਰਨਾਂ ‘ਚ ਢੁੱਕਦੀ ਹੈ, ਤੁਹਾਡੇ ਮਨ ਵਿੱਚ ਵਿਕਾਰ ਪੈਦਾ ਕਿਉਂ ਨਹੀਂ ਹੁੰਦੇ। ਗੁਰੂ ਸਾਹਿਬ ਜੀ ਨੇ ਜਵਾਬ ਦਿੱਤਾ ਕਿ ਬੇਟਾ, ਮੈਨੂੰ ਕਿਸੇ ਸਮੇਂ ਵੀ ਮੌਤ ਨਹੀਂ ਭੁੱਲਦੀ, ਮੈਂ ਮੌਤ ਨੂੰ ਯਾਦ ਰੱਖਦਾ ਤੇ ਜਦੋਂ ਮੈਂ ਮੌਤ ਨੂੰ ਯਾਦ ਰੱਖਦਾ ਤਾਂ ਮੈਂ ਖੁਦਾ ਦੀ ਯਾਦ ਵਿੱਚ ਜੁੜਿਆ ਰਹਿੰਦਾ ਹਾਂ। ਖੁਦਾ ਦੀ ਯਾਦ ਵਿੱਚ ਮਨੁੱਖ ਦੇ ਨੇੜੇ ਵਿਕਾਰ ਨਹੀਂ ਲੱਗਦੇ। ਇਹ ਹੈ ਗੁਰੂ ਸਾਹਿਬ ਜੀ ਦਾ ਕਿਰਦਾਰ।

ਗੁਰੂ ਸਾਹਿਬ ਜੀ ਬੜੀਆਂ ਵੱਡੀਆਂ ਰਮਜ਼ਾਂ ਨੂੰ ਪ੍ਰਯੋਗ ਵਿੱਚ ਸਮਝਾ ਦਿੰਦੇ ਹਨ। ਜਦੋਂ ਸਾਡੇ ਘਰ ਵਿੱਚ ਕਿਸੇ ਜੀਅ ਦੀ ਮੌਤ ਹੋ ਜਾਂਦੀ ਹੈ ਤਾਂ ਅਸੀਂ ਘਰ ਵਿੱਚ ਕੀਰਨੇ ਪਾ ਦਿੰਦੇ ਹਾਂ, ਰੌਂਦੇ ਹਾਂ, ਉਹ ਸਾਰੀਆਂ ਰਸਮਾਂ ਕਰਦੇ ਹਾਂ ਜੋ ਸਾਡੇ ਧਰਮ ਨਾਲ ਸਬੰਧਿਤ ਵੀ ਨਹੀਂ ਹਨ। ਗੁਰੂ ਸਾਹਿਬ ਜੀ ਨੇ ਇਸ ਬਾਰੇ ਬਹੁਤ ਵਧੀਆ ਢੰਗ ਨਾਲ ਸਮਝਾਇਆ ਹੈ ਕਿ ਸੰਸਾਰ ਵਿੱਚੋਂ ਜਾਣਾ ਤਾਂ ਸਾਰਿਆਂ ਨੇ ਹੀ ਹੈ ਪਰ ਜੇਕਰ ਮੌਤ ਨੂੰ ਸਹਿਜ ਵਿੱਚ ਤਬਦੀਲੀ ਦੇ ਵਾਂਗ ਵੇਖੋ, ਕਿਉਂਕਿ ਸਭ ਨੇ ਆਪੋ-ਆਪਣੀ ਵਾਰੀ ਦੇ ਨਾਲ ਇੱਥੋਂ ਚਲੇ ਜਾਣਾ ਹੈ :

ਸਭਨਾ ਸਾਹੁਰੈ ਵੰਞਣਾ ਸਭਿ ਮੁਕਲਾਵਣਹਾਰ।।

ਨਾਨਕ ਧੰਨੁ ਸੋਹਾਗਣੀ ਜਿਨ ਸਹ ਨਾਲਿ ਪਿਆਰੁ।।

ਭਗਤ ਫਰੀਦ ਜੀ ਵੀ ਕਹਿੰਦੇ ਹਨ ਕਿ ਤੈਨੂੰ ਉੱਪਰੋਂ ਆਵਾਜ਼ ਪੈ ਰਹੀ ਹੈ, ਤੂੰ ਸੁਣ ਤਾਂ ਸਹੀਂ :

ਫਰੀਦਾ ਕਿੜੀ ਪਵੰਦੀਈ ਖੜਾ ਨ ਆਪੁ ਮੁਹਾਇ।।

ਇਹ ਗੱਲਾਂ ਕਰਨੀਆਂ ਅਤੇ ਸੁਣਨੀਆਂ ਸੌਖੀਆਂ ਹਨ ਪਰ ਜਦੋਂ ਸੱਚਮੁੱਚ ਘਰ ਵਿੱਚ ਮੌਤ ਹੁੰਦੀ ਹੈ ਤਾਂ ਅਸੀਂ ਇਹ ਸਭ ਰਸਮਾਂ ਕਰਨ ਲੱਗ ਪੈਂਦੇ ਹਾਂ।

ਇੱਕ ਵਾਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਇੱਕ ਨਿੱਤਾ ਨੰਦ ਨਾਂ ਦਾ ਪੰਡਿਤ ਆਇਆ। ਉਹ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੇ ਸਿੱਖਾਂ ਨੂੰ ਕਹਿੰਦਾ ਹੈ ਕਿ ਮਰਨ ਤੋਂ ਬਾਅਦ ਆਤਮਾ ਪਿੱਤਰ ਲੋਕ ਤੱਕ 365 ਦਿਨਾਂ ਵਿੱਚ ਸਫਰ ਤੈਅ ਕਰਦੀ ਹੈ। ਤਾਂ ਇੱਕ ਸਿੱਖ ਪੰਡਿਤ ਨੂੰ ਜਵਾਬ ਦਿੰਦਿਆਂ ਕਹਿੰਦਾ ਹੈ ਕਿ ਪੰਡਿਤ ਜੀ, ਤੁਹਾਡੇ ਧਰਮ ਗ੍ਰੰਥਾਂ ਮੁਤਾਬਕ ਆਤਮਾ 365 ਦਿਨਾਂ ਦਾ ਸਫਰ ਕਰਦੀ ਹੋਵੇਗੀ, ਸਾਡੇ ਧਰਮ ਵਿੱਚ ਇੱਦਾਂ ਨਹੀਂ ਹੈ, ਕਿਉਂਕਿ ਅਸੀਂ ਤਾਂ ਜਿਊਂਦੇ ਜੀਅ ਹੀ ਆਤਮਾ ਗੁਰੂ ਦੇ ਚਰਨਾਂ ਵਿੱਚ ਰੱਖ ਦਿੰਦੇ ਹਾਂ।