Khaas Lekh

ਜਿਨ੍ਹਾਂ ਅੰਦਰ ਆਜ਼ਾਦੀ ਦਾ ਚਾਅ ਹੁੰਦਾ, ਬਾਜ਼ੀ ਜਾਨ ਦੀ ਲਾਉਣ ਲਈ ਤੁੱਲ ਜਾਂਦੇ।

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਪੂਰਾ ਭਾਰਤ ਅੱਜ 74ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਤੇ ਇਸਦੇ ਨਾਲ ਹੀ ਭਾਰਤ ਨੇ ਆਜ਼ਾਦੀ ਦੇ 73 ਸਾਲ ਪੂਰੇ ਕਰ ਲਏ ਹਨ। 15 ਅਗਸਤ, 1947 ਨੂੰ ਭਾਰਤ ਨੂੰ ਬ੍ਰਿਟਿਸ਼ ਰਾਜ ਤੋਂ ਆਜ਼ਾਦ ਕਰਾਇਆ ਗਿਆ ਸੀ। ਭਾਰਤ ਦੇ ਮਹਾਨ ਸੰਗਰਾਮੀਆਂ ਨੇ ਕਈ ਸਾਲਾਂ ਦੇ ਸੰਘਰਸ਼ ਤੋਂ ਬਾਅਦ ਆਜ਼ਾਦੀ ਪ੍ਰਾਪਤ ਕੀਤੀ ਸੀ। ਇਹ ਦਿਨ ਭਾਰਤ ਅਤੇ ਵਿਦੇਸ਼ਾਂ ਵਿੱਚ ਵਸਦੇ ਹਰੇਕ ਭਾਰਤੀ ਨਾਗਰਿਕ ਦੇ ਦਿਲ ਵਿੱਚ ਬਹੁਤ ਮਹੱਤਵ ਰੱਖਦਾ ਹੈ।  ਇਸ ਦਿਹਾੜੇ ਮੌਕੇ ਰਾਸ਼ਟਰੀ ਝੰਡਾ ਲਹਿਰਾਇਆ ਜਾਂਦਾ ਹੈ, ਪੂਰੇ ਭਾਰਤ ਵਿੱਚ ਰਾਸ਼ਟਰ ਗਾਣ ਗਾਇਆ ਜਾਂਦਾ ਹੈ, ਲੋਕ ਤਿਰੰਗੇ ਨੂੰ ਦਰਸਾਉਂਦੇ ਰੰਗ ਪਹਿਨਦੇ ਹਨ, ਕਈ ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਹਨ।

15 ਅਗਸਤ 1947 ਨੂੰ, ਸੁਤੰਤਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਨਵੀਂ ਦਿੱਲੀ ਦੇ ਲਾਲ ਕਿਲ੍ਹੇ ਦੇ ਲਾਹੌਰੀ ਗੇਟ ਵਿਖੇ ਪਹਿਲੀ ਵਾਰ ਰਾਸ਼ਟਰੀ ਝੰਡਾ ਲਹਿਰਾਇਆ ਸੀ। ਇਸ ਤੋਂ ਬਾਅਦ ਇਹ ਦਿਨ ਰਾਸ਼ਟਰੀ ਮਾਣ ਅਤੇ ਸਨਮਾਨ ਵਜੋਂ ਮਾਨਤਾ ਪ੍ਰਾਪਤ ਹੋਇਆ ਅਤੇ ਹਰ ਸਾਲ ਦੇਸ਼ ਦਾ ਪ੍ਰਧਾਨ ਮੰਤਰੀ ਲਾਲ ਕਿਲ੍ਹੇ ‘ਤੇ ਤਿਰੰਗਾ ਲਹਿਰਾਉਂਦੇ ਅਤੇ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰਦੇ ਹਨ। ਇਸ ਮੌਕੇ ਉਹ ਭਾਰਤ ਦੇ ਸੁਤੰਤਰਤਾ ਅੰਦੋਲਨ ਦੇ ਸੰਗਰਾਮੀਆਂ ਨੂੰ ਸ਼ਰਧਾਂਜਲੀ ਭੇਟਾ ਕਰਦੇ ਹਨ।

1757 ‘ਚ, ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਦੀ ਸ਼ੁਰੂਆਤ ਹੋਈ ਜਿਸ ਤੋਂ ਬਾਅਦ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਆਪਣੀ ਸੈਨਿਕ ਤਾਕਤ ਨਾਲ ਸਥਾਨਕ ਰਾਜਾਂ ਨੂੰ ਆਪਣੇ ਅਧੀਨ ਕਰ ਲਿਆ ਅਤੇ ਆਪਣੇ-ਆਪ ਨੂੰ ਪ੍ਰਮੁੱਖ ਸ਼ਕਤੀ ਵਜੋਂ ਸਥਾਪਤ ਕੀਤਾ। ਪਹਿਲੇ ਵਿਸ਼ਵ ਯੁੱਧ ਦੌਰਾਨ, ਭਾਰਤ ਦੀ ਆਜ਼ਾਦੀ ਦੀ ਲਹਿਰ ਸ਼ੁਰੂ ਕੀਤੀ ਗਈ ਸੀ। ਇਸ ਲਹਿਰ ਵਿੱਚ ਸਿਰਲੱਥ ਸੂਰਬੀਰਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ।

ਇਸ ਲਹਿਰ ਕਾਰਨ, ਆਜ਼ਾਦੀ ਘੁਲਾਟੀਆਂ ਦੇ ਜ਼ਜ਼ਬੇ ਅੱਗੇ ਝੁਕ ਕੇ ਬ੍ਰਿਟਿਸ਼ ਸਰਕਾਰ ਨੇ 1947 ਦੇ ਅਰੰਭ ਵਿੱਚ ਜੂਨ 1948 ਤੱਕ ਸਾਰੇ ਅਧਿਕਾਰ ਭਾਰਤੀਆਂ ਨੂੰ ਦੇਣ ਦਾ ਐਲਾਨ ਕਰ ਦਿੱਤਾ ਸੀ। ਅਖੀਰ ਵਿੱਚ, 15 ਅਗਸਤ, 1947 ਨੂੰ ਭਾਰਤ ਨੂੰ ਬ੍ਰਿਟਿਸ਼ ਸਰਕਾਰ ਤੋਂ ਆਜ਼ਾਦ ਘੋਸ਼ਿਤ ਕਰ ਦਿੱਤਾ ਗਿਆ।  14-15 ਅਗਸਤ, 1947 ਨੂੰ ਅੱਧੀ ਰਾਤ ਨੂੰ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੋਈ। ਪਾਕਿਸਤਾਨ ਵਿੱਚ, ਆਜ਼ਾਦੀ ਦਿਵਸ 14 ਅਗਸਤ ਨੂੰ ਮਨਾਇਆ ਜਾਂਦਾ ਹੈ ਅਤੇ ਭਾਰਤ ਵਿੱਚ 15 ਅਗਸਤ ਨੂੰ ਇਹ ਦਿਹਾੜਾ ਮਨਾਇਆ ਜਾਂਦਾ ਹੈ।

ਇਸ ਸਾਲ ਕੋਰੋਨਾਵਾਇਰਸ ਮਹਾਂਮਾਰੀ ਦੇ ਕਾਰਨ ਇਸ ਦਿਹਾੜੇ ਮੌਕੇ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ ਜਿਸ ਕਰਕੇ ਲੋਕ ਪਹਿਲਾਂ ਦੀ ਤਰ੍ਹਾਂ ਆਜ਼ਾਦੀ ਦਿਹਾੜੇ ਦੇ ਵੱਖ-ਵੱਖ ਪ੍ਰੋਗਰਾਮਾਂ ‘ਚ ਹਿੱਸਾ ਨਹੀਂ ਲੈ ਸਕਦੇ।  ਇਸ ਲਈ ਸਾਰੇ ਦੇਸ਼ਵਾਸੀਆਂ ਨੂੰ ਅਪੀਲ ਹੈ ਕਿ ਤੁਸੀਂ ਇਸ ਵਾਰ ਆਜ਼ਾਦੀ ਦਿਹਾੜੇ ਮੌਕੇ ਕੋਰੋਨਾ ਤੋਂ ਸੁਰੱਖਿਆ ਦੇ ਮੱਦੇਨਜ਼ਰ ਸਾਰੀਆਂ ਸਮਾਜਿਕ ਦੂਰੀਆਂ ਅਤੇ ਸੁਰੱਖਿਆ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰੋ। ਅਜਿਹੇ ਹਾਲਾਤਾਂ ਵਿੱਚ ਕੋਰੋਨਾ ਤੋਂ ਸੁਰੱਖਿਅਤ ਰਹਿਣਾ ਹੀ ਆਜ਼ਾਦੀ ਦਿਵਸ, 2020 ਲਈ ਸੱਚੀ ਦੇਸ਼ ਭਗਤੀ ਹੋਵੇਗੀ।