‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਪਿਛਲੇ ਲਗਭਗ ਇੱਕ-ਡੇਢ ਮਹੀਨੇ ‘ਚ ਪੰਜਾਬ ਪੁਲਿਸ ਵੱਲੋਂ UAPA ਤਹਿਤ ਚੁੱਕੇ ਗਏ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਵਾਉਣ ਵਾਸਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਲੜਾਈ ਲੜੀ ਜਾ ਰਹੀ ਹੈ। ਸੁਖਪਾਲ ਸਿੰਘ ਖਹਿਰਾ ਦੇ ਯਤਨਾਂ ਸਦਕਾ ਹੁਣ ਪਿੰਡ ਅਕਾਲਾ, ਹਲਕਾ ਭੁਲੱਥ ਦੇ ਜੋਗਿੰਦਰ ਸਿੰਘ ਗੁੱਜਰ ਨੂੰ ਪੁਲਿਸ ਨੇ ਰਿਹਾਅ ਕਰ ਦਿੱਤਾ ਹੈ। ਰਿਹਾਈ ਤੋਂ ਬਾਅਦ ਜੋਗਿੰਦਰ ਸਿੰਘ ਗੁੱਜਰ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਸੁਖਪਾਲ ਸਿੰਘ ਖਹਿਰਾ ਅਤੇ ਕੈਪਟਨ ਸਰਕਾਰ ਦਾ ਧੰਨਵਾਦ ਕੀਤਾ।

 

ਜੋਗਿੰਦਰ ਸਿੰਘ ਗੁੱਜਰ ਆਪਣੇ ਪਰਿਵਾਰ ਸਮੇਤ

 

ਜੋਗਿੰਦਰ ਸਿੰਘ ਗੁੱਜਰ ਕੁਝ ਸਮਾਂ ਪਹਿਲਾਂ ਇਟਲੀ ਤੋਂ ਵਾਪਸ ਆਇਆ ਸੀ। ਪੁਲਿਸ ਨੇ ਉਸਨੂੰ ਰੈਫਰੈਂਡਮ-2020 ਦਾ ਹਮਾਇਤੀ ਹੋਣ ਦੇ ਕਥਿਤ ਦੋਸ਼ ਤਹਿਤ ਗ੍ਰਿਫਤਾਰ ਕੀਤਾ ਸੀ। ਜਿਸਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਵੱਲੋਂ ਗੁੱਜਰ ਦੇ ਪਿੰਡ ਜਾ ਕੇ ਉਸਦੇ ਘਰਦਿਆਂ ਅਤੇ ਪਿੰਡ ਵਾਸੀਆਂ ਤੋਂ ਗੁੱਜਰ ਬਾਰੇ ਜਾਣਕਾਰੀ ਇਕੱਠੀ ਕੀਤੀ। ਖਹਿਰਾ ਨੇ ਦਾਅਵਾ ਕੀਤਾ ਸੀ ਕਿ ਗੁੱਜਰ ਬਿਲਕੁੱਲ ਬੇਕਸੂਰ ਹੈ, ਉਸਨੂੰ ਨਜਾਇਜ਼ ਫਸਾਇਆ ਜਾ ਰਿਹਾ ਹੈ। ਬੀਤੇ ਕੱਲ੍ਹ ਆਖਰ ਜੋਗਿੰਦਰ ਸਿੰਘ ਗੁੱਜਰ ਨੂੰ ਪੁਲਿਸ ਨੇ ਰਿਹਾਅ ਕਰ ਦਿੱਤਾ।

 

ਵਿਧਾਇਕ ਸੁਖਪਾਲ ਸਿੰਘ ਖਹਿਰਾ ਜੋਗਿੰਦਰ ਸਿੰਘ ਗੁੱਜਰ ਦੀ ਰਿਹਾਈ ਬਾਰੇ ਜਾਣਕਾਰੀ ਦਿੰਦੇ ਹੋਏ

ਸੁਖਪਾਲ ਸਿੰਘ ਖਹਿਰਾ ਨੇ ਜਾਣਕਾਰੀ ਦਿੱਤੀ ਕਿ ਹੁਣ ਤੱਕ ਦੋ ਸਿੱਖਾਂ ਨੂੰ UAPA ਦੇ ਕਾਲੇ ਕਾਨੂੰਨ ਤੋਂ ਬਚਾਇਆ ਜਾ ਸਕਿਆ ਹੈ। ਕੁਝ ਦਿਨ ਪਹਿਲਾਂ ਜਸਪ੍ਰੀਤ ਸਿੰਘ, ਪਿੰਡ ਬੋੜੇਵਾਲ ਹਲਕਾ ਮਜੀਠਾ ਨੂੰ ਪੁਲਿਸ ਵੱਲੋਂ ਰਿਹਾਅ ਕੀਤਾ ਗਿਆ ਸੀ। ਖਹਿਰਾ ਨੇ ਕਿਹਾ ਕਿ “ਪੁਲਿਸ ਵੱਲੋਂ ਫੜੇ ਗਏ ਇਹਨਾਂ ਬੇਕਸੂਰ ਸਿੱਖ ਨੌਜਵਾਨਾਂ ਲਈ ਸੁਖਬੀਰ ਸਿੰਘ ਬਾਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਹਾਅ ਦਾ ਨਾਹਰਾ ਵੀ ਨਹੀਂ ਮਾਰਿਆ ਗਿਆ ਹੈ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਆਪਣੇ-ਆਪ ਨੂੰ ‘ਪੰਥਕ ਪਾਰਟੀ’ ਕਹਿੰਦੀ ਹੈ, ਪਰ ਉਹ ਵੀ ਬੇਕਸੂਰ ਸਿੱਖਾਂ ਦੀ ਫੜੋ-ਫੜਾਈ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੇ”।

ਸੁਖਪਾਲ ਸਿੰਘ ਖਹਿਰਾ ਨੇ ਜੋਗਿੰਦਰ ਸਿੰਘ ਗੁੱਜਰ ਦੀ ਰਿਹਾਈ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਇਹ ਮੰਗ ਵੀ ਕੀਤੀ ਕਿ UAPA ਤਹਿਤ ਫੜੇ ਗਏ ਹੋਰ ਵੀ ਸਿੱਖ ਨੌਜਵਾਨਾਂ ਨੂੰ ਜਲਦੀ ਰਿਹਾਅ ਕੀਤਾ ਜਾਵੇ। ਉਹਨਾਂ ਕਿਹਾ ਕਿ “ਅਸੀਂ 26 ਜੁਲਾਈ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਮੈਮੋਰੰਡਮ ਭੇਜਿਆ ਸੀ, ਜਿਸ ਵਿੱਚ ਪੰਜਾਬ ‘ਚ UAPA ਤਹਿਤ ਫੜੇ ਗਏ ਸਾਰੇ ਬੇਕਸੂਰ ਨੌਜਵਾਨਾਂ ਦਾ ਵੇਰਵਾ ਦਿੱਤਾ ਗਿਆ ਹੈ, ਪਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ”।

Leave a Reply

Your email address will not be published. Required fields are marked *