India Khaas Lekh

65000 ਲੋਕਾਂ ਦੀ ਮੌਤ ‘ਤੇ ਦਿਵਾਲੀ ਮਨਾਉਣ ਵਾਲੇ ਭਾਰਤੀ ਲੋਕਾਂ ਨੇ ਖੱਟਿਆ ਕਲੰਕ

‘ਦ ਖਾਲਸ ਬਿਊਰੋ:- 5 ਅਪ੍ਰੈਲ ਨੂੰ ਜਿਵੇਂ ਹੀ ਰਾਤ ਦੇ 9 ਵੱਜੇ, ਭਾਰਤ ਦੀ ਅੱਧੀ ਤੋਂ ਵੱਧ ਦੁਨੀਆ ਆਪਣੇ ਵਹਿਮੀ ਪ੍ਰਧਾਨ ਮੰਤਰੀ ਦੀ ਅਪੀਲ ‘ਤੇ ਫੁੱਲ ਚੜਾਉਣ ਲੱਗੀ। ਘਰਾਂ ਵਿੱਚ ਬਿਜਲੀ ਦੀਆਂ ਲਾਈਟਾਂ ਬੰਦ ਹੋ ਗਈਆਂ ਤੇ ਚਾਰੇ ਪਾਸੇ ਮੋਮਬੱਤੀਆਂ, ਦੀਵੇ ਤੇ ਲਾਲਟੈਨਾਂ ਜਗਣ ਲੱਗੀਆਂ, ਅਖੇ ਅੱਜ ਤਾਂ ਕੋਰੋਨਾਵਇਰਸ ਨੂੰ ਭਜਾ ਕੇ ਹੀ ਸਾਹ ਲਵਾਂਗੇ, ਇਸੇ ਚੱਕਰ ‘ਚ ਪਟਾਖੇ, ਆਤਿਸ਼ਬਾਜੀਆਂ ਅਸਮਾਨ ‘ਚ ਉੱਡਣ ਲੱਗੀਆਂ, ਜ਼ਹਿਰੀਲੀ ਹਵਾ ਮੁੜ ਵਗੀ ਤੇ ਬੰਦਿਆਂ ਦੇ ਇਸ ਦੇਸ਼ ‘ਚ ਪਿਛਲੇ ਕਈ ਦਿਨਾਂ ਤੋਂ ਆਪਣੀ ਪੂਰਨ ਆਜ਼ਾਦੀ ‘ਚ ਚੈਨ ਦਾ ਸਾਹ ਲੈ ਰਹੇ ਰੁੱਖ, ਪੰਛੀ ਤੇ ਹਵਾਵਾਂ ਮੁੜ ਬੇਚੈਨ ਹੋ ਉੱਠੇ। ਆਨੰਦਮਈ ਹਵਾਵਾਂ ‘ਚ ਮੁੜ ਖੌਫ ਘੁਲਣ ਲੱਗਿਆ। ਰਾਜਸਥਾਨ ਦੇ ਜੈਪੁਰ ‘ਚ ਪਟਾਖਿਆਂ ਨਾਲ ਅੱਗ ਲੱਗ ਗਈ, ਅੱਗ ਬੁਝਾਊ ਅਮਲੇ ਨੂੰ ਭਾਜੜ ਪੈ ਗਈ, ਇੱਕ ਥਾਈਂ ਸਿਰਫਿਰੇ ਨੇ ਪਟਾਖਾ ਚਲਾਉਣ ਦੇ ‘ਚ ਆਪਣੇ ਮੂੰਹ ਨੂੰ ਹੀ ਅੱਗ ਲਾ ਲਈ।

 

ਪੰਜਾਬ ‘ਚ ਗੁਰੂ ਕੂ ਨਗਰੀ ਸ੍ਰੀ ਅੰਮ੍ਰਿਤਸਰ ਸਮੇਤ ਕਈ ਥਾਈਂ ਕੁਦਰਤ ਨੇ ਮੀਂਹ ਤੇ ਗੜੇਮਾਰੀ ਕਰਕੇ ਆਪਣੇ ਆਪ ਨੂੰ ਪਟਾਖਿਆਂ ਦੇ ਹਮਲੇ ਤੋਂ ਭਾਵੇਂ ਜ਼ਰੂਰ ਬਚਾ ਲਿਆ ਪਰ ਕਈ ਥਾਈਂ ਪੰਜਾਬੀ ਵੀ ਇਸ ਡਰਾਮੇ ਦਾ ਹਿੱਸਾ ਬਣਨ ਖਾਤਰ ਲਾਹਨਤਾਂ ਖੱਟ ਰਹੇ ਨੇ। ਕਈ ਥਾਈਂ ਇਸ ਡਰਾਮੇ ਨੂੰ ਸਮਝਣ ਵਾਲੇ ਲੋਕ ਆਪਣੇ ਗੁਆਂਢੀਆਂ ਦੇ ਘਰਾਂ ‘ਚ ਲਾਈਟਾਂ ਬੁਝਾ ਕੇ ਬਨੇਰਿਆਂ ਤੇ ਜਗਦੇ ਦੀਵਿਆਂ ਦੀ ਦੀਵਾਲੀ ਦੇਖ ਕੇ ਸੋਚੀਂ ਪੈ ਗਏ, ਮੋਬਾਈਲ ‘ਤੇ ਵੀ ਤਾਜ਼ੀ ਖਬਰ ਦੇ ਸੁਨੇਹੇ ਦੀ ਘੰਟੀ ਵੱਜ ਗਈ ਕਿ ਇਟਲੀ ਵਿੱਚ ਅੱਜ ਮੁੜ 525 ਮੌਤਾਂ ਹੋ ਗਈਆਂ ਤੇ ਪੂਰੀ ਦੁਨੀਆ ਇਸ ਵਕਤ 62,955 ਲੋਕ ਗੁਆ ਚੁੱਕੀ ਹੈ। ਮਰਨ ਵਾਲਿਆਂ ਦੇ ਪਰਿਵਾਰ ਇਸ ਜਸ਼ਨ ਦੀ ਰਾਤ ਵਿੱਚ ਮਾਨਸਿਕ ਸੰਤਾਪ ਹੰਝਾ ਰਹੇ ਸਨ, ਕਿ ਸਾਡੇ ਪਿਆਰਿਆਂ ਦੇ ਤਾਂ ਹਾਲੇ ਸਿਵੇ ਵੀ ਠੰਡੇ ਨਹੀਂ ਹੋਏ ਪਰ ਇਨਾਂ ਦੇ ਖੂਨ ਉਦੂੰ ਵੱਧ ਚਿੱਟੇ ਹੋ ਗਏ ਜੋ ਪਟਾਖੇ ਚਲਾ ਕੇ ਕੂਕਾਂ ਮਾਰ ਕੇ ਸਾਡੇ ਅੱਲੇ ਜ਼ਖਮਾਂ ‘ਤੇ ਲੂਣ ਭੁੱਕਣ ‘ਚ ਕੋਈ ਕਸਰ ਨਹੀਂ ਛੱਡ ਰਹੇ।

 

ਹਸਪਤਾਲਾਂ ‘ਚ ਬਿਨਾਂ ਹਥਿਆਰਾਂ ਨਾਲ ਜੰਗ ਲੜ ਰਹੇ ਨਰਸਾਂ ਤੇ ਡਾਕਟਰਾਂ ਦੇ ਕੰਨਾਂ ਵਿੱਚ ਬਾਹਰ ਚੱਲ ਰਹੇ ਪਟਾਖਿਆਂ ਦੀਆਂ ਆਵਾਜ਼ਾਂ ਹਥੌੜਿਆਂ ਵਾਂਗ ਵੱਜ ਰਹੀਆਂ ਸਨ, ਨਰਸਾਂ ਆਪਣੀ ਅਧੂਰੀ ਵਰਦੀ ਵੱਲ ਦੇਖ ਰਹੀਆਂ ਸਨ ਜਿਸ ਵਿੱਚ ਨਾ PPE ਕਿੱਟਾਂ, ਨਾ ਸਰਜੀਕਲ ਮਾਸਕ ਤੇ ਨਾ ਹੀ ਦਸਤਾਨੇ ਦਿਸ ਰਹੇ ਸਨ। ਸ਼ਾਇਦ ਇਸ ਵਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਕਲ ਠਿਕਾਣੇ ਆ ਈ ਜਾਵੇ, ਕਿ ਪਹਿਲਾਂ ਥਾਲੀਆਂ ਖੜਕਾਉਣ ਵਾਲੇ ਬਿਆਨ ਮੌਕੇ ਇਨਾਂ ਨੇ ਮੇਰੀ ਰੱਜ ਕੇ ਬਦਨਾਮੀ ਕਰਵਾਈ ਹੁਣ ਮੋਮਬੱਤੀਆਂ ਵਾਲੀ ਅਪੀਲ ਦਾ ਸੱਤਿਆਨਾਸ ਕਰ ਦਿੱਤਾ, ਹੁਣ ਤੀਜੀ ਵਾਰ ਨਾ ਕੋਈ ਗਲਤੀ ਕਰ ਬੈਠਾਂ, ਤਾਂਕਿ ਦੁਨੀਆ ‘ਚ ਸੌ ਫੀਸਦੀ ਪੱਟੀਮੇਸ ਹੋਣ ਤੋਂ ਬਚ ਜਾਵੇ, ਪਰ ਆਸ ਕੋਈ ਬਹੁਤੀ ਜਾਪਦੀ ਤਾਂ ਨਹੀਂ। ਇਸ ਵਰਤਾਰੇ ਕਾਰਨ ਦਰਦ ਨਾਲ ਭਰੇ ਇਸੇ ਮੁਲਕ ਦੇ ਕਈ ਲੋਕ ਇਹ ਵੀ ਕਹਿ ਰਹੇ ਸੀ, ਉਏ ਸ਼ਰਮ ਈ ਕਰ ਲਉ, ਕਿਸੇ ਦੇ ਘਰ ਸਿਵ੍ਹੇ ਬਲਦੇ ਹੋਣ ਤਾਂ ਆਪਣੇ ਘਰ ਦੀਵਾ ਜਗਿਆ ਕਿੱਥੇ ਸੋਭਦਾ, ਦੁਨੀਆਂ ‘ਚ ਲਾਸ਼ਾਂ ਦੇ ਢੇਰ ਸਾਂਭੇ ਨਹੀਂ ਜਾ ਰਹੇ, ਤੁਸੀਂ ਕਿਹੜੀ ਖੁਸ਼ੀ ‘ਚ ਦਿਵਾਲੀਆਂ ਮਨਾ ਰਹੇ ਹੋ ? ਰੱਬ ਖੈਰ ਕਰੇ !