Punjab

ਮੱਤੇਵਾੜਾ ਜੰਗਲ਼ ਨੇੜਲੇ ਪਿੰਡਾਂ ਦੀ ਜ਼ਮੀਨ ‘ਤੇ ਡਾਕਾ, ਆਪ ਵੱਲੋਂ ਅਦਾਲਤ ਜਾਣ ਦਾ ਐਲਾਨ

‘ਦ ਖ਼ਾਲਸ ਬਿਊਰੋ:- ਮੱਤੇਵਾੜਾ ਜੰਗਲਾਂ ਅਧੀਨ ਆਉਂਦੀ ਪਿੰਡ ਸੇਖੋਵਾਲ ਦੀ ਜ਼ਮੀਨ ਨੂੰ ਸਨਅਤੀ ਵਿਕਾਸ ਦੇ ਨਾਂ ’ਤੇ ਐਕੁਆਇਰ ਕੀਤੇ ਜਾਣ ਵਿਰੁੱਧ ਆਮ ਆਦਮੀ ਪਾਰਟੀ ਪੰਜਾਬ ਨੇ ਵੀ ਹੁਣ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਲੋੜ ਪੈਣ ‘ਤੇ ‘ਆਪ’ ਨੇ  ਅਦਾਲਤ ਦਾ ਦਰਵਾਜ਼ਾ ਖੜਕਾਉਣ ਦਾ ਐਲਾਨ ਵੀ ਕੀਤਾ ਹੈ। ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ “ਕਾਂਗਰਸ ਸਰਕਾਰ ਨੇ ਧੋਖੇ ਨਾਲ ਪਿੰਡ ਦੀ ਜ਼ਮੀਨ ’ਤੇ ਡਾਕਾ ਮਾਰਿਆ ਹੈ। ਇਸ ਵਿੱਚ ਜਿਆਦਾਤਰ ਜ਼ਮੀਨ ਦਲਿਤ ਪਰਿਵਾਰਾਂ ਦੀ ਹੈ, ਇਸ ਨਾਲ ਕਾਂਗਰਸ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ”।

 

ਇਸ ਮੌਕੇ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ “ਸੇਖੋਵਾਲ ਵਿੱਚ ਜ਼ਿਆਦਾ ਗਿਣਤੀ ਦਲਿਤ ਪਰਿਵਾਰਾਂ ਦੀ ਹੈ, ਜੋ ਇਸ ਜ਼ਮੀਨ ’ਤੇ ਕਈ ਪੀੜ੍ਹੀਆਂ ਤੋਂ ਖੇਤੀ ਕਰ ਰਹੇ ਸਨ। ਕੈਪਟਨ ਸਰਕਾਰ ਦੇ ਅਜਿਹੇ ਫ਼ੈਸਲੇ ਨਾਲ ਉਹ ਸਾਰੇ ਬੇਘਰ ਹੋ ਜਾਣਗੇ”।

 

‘ਆਪ’ ਆਗੂਆਂ ਨੇ ਕਿਹਾ ਕਿ ਉਹ ਸੇਖੋਵਾਲ ਦੀ ਜ਼ਮੀਨ ਗ੍ਰਹਿਣ ਕਰਨ ਵਿਰੁੱਧ ਸੰਘਰਸ਼ ਕਰਨਗੇ ਅਤੇ ਲੋੜ ਪੈਣ ’ਤੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਤੱਕ ਜਾਣਗੇ ਪਰ ਸਰਕਾਰ ਨੂੰ ਜ਼ਮੀਨ ਐਕੁਆਇਰ ਨਹੀਂ ਕਰਨ ਦਿੱਤੀ ਜਾਵੇਗੀ। ਇਸ ਮੌਕੇ ‘ਆਪ’ ਪਾਰਟੀ ਦੇ ਪ੍ਰਮੁੱਖ ਆਗੂ ਬੀਬੀ ਸਰਬਜੀਤ ਕੌਰ ਵੀ ਹਾਜ਼ਰ ਸਨ।