‘ਦ ਖ਼ਾਲਸ ਬਿਊਰੋ:- ਸਰਹੱਦਾਂ ‘ਤੇ ਚੱਲਦੇ ਤਣਾਅ ਨੂੰ ਦੇਖਦਿਆਂ ਭਾਰਤੀ ਰੱਖਿਆ ਮੰਤਰਾਲੇ ਨੇ 38,900 ਕਰੋੜ ਰੁਪਏ ਮੁੱਲ ਦੇ ਆਧੁਨਿਕ ਜੰਗੀ ਜਹਾਜ਼ਾਂ, ਮਿਜ਼ਾਈਲ ਪ੍ਰਣਾਲੀ ਤੇ ਹੋਰ ਹਥਿਆਰਾਂ ਦੀ ਖਰੀਦ ਦੇ ਸੌਦੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹਨਾਂ ਹਥਿਆਰਾਂ ਦੀ ਖਰੀਦ ਦੀ ਮੁੱਖ ਵਜ੍ਹਾ ਭਾਰਤੀ ਸੁਰੱਖਿਆ ਬਲਾਂ ਦੀ ਜੰਗੀ ਸਮਰੱਥਾਵਾਂ ਨੂੰ ਵਧਾਉਣਾ ਹੈ।

 

ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਾਲੀ ਡਿਫੈਂਸ ਐਕੂਜ਼ੀਸ਼ਨ ਕੌਂਸਲ (ਡੈਕ) ਦੀ ਮੀਟਿੰਗ ’ਚ ਲਏ ਗਏ ਫੈਸਲਿਆਂ ਬਾਰੇ ਦੱਸਦਿਆਂ ਅਧਿਕਾਰੀਆਂ ਨੇ ਕਿਹਾ ਕਿ 21 ਮਿੱਗ-29 ਜੰਗੀ ਜਹਾਜ਼ ਰੂਸ ਤੋਂ ਅਤੇ 12 ਸੂ-30 ਐੱਮਕੇਆਈ ਜਹਾਜ਼ ਹਿੰਦੁਸਤਾਨ ਐਰੋਨੋਟਿਕਸ ਲਿਮਟਿਡ ਤੋਂ ਖਰੀਦੇ ਜਾਣਗੇ। ਰੱਖਿਆ ਮੰਤਰਾਲੇ ਨੇ ਮੌਜੂਦਾ 59 ਮਿੱਗ-29 ਜਹਾਜ਼ਾਂ ਨੂੰ ਅਪਗ੍ਰੇਡ ਕਰਨ ਦੀ ਇਕ ਵੱਖਰੀ ਤਜਵੀਜ਼ ਵੀ ਪ੍ਰਵਾਨ ਕਰ ਲਈ ਹੈ।

 

 

ਇਸ ਤੋਂ ਇਲਾਵਾ ਰੱਖਿਆ ਮੰਤਰਾਲੇ ਨੇ 248 ‘ਅਸਤਰਾ’ ਹਵਾ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦੀ ਖਰੀਦ ਲਈ ਵੀ ਸਹਿਮਤੀ ਦੇ ਦਿੱਤੀ ਹੈ। ਇਹ ਮਿਜ਼ਾਈਲਾਂ ਜੰਗੀ ਮਸ਼ਕਾਂ ’ਚ ਕੰਮ ਆਉਂਦੇ ਸੁਪਰਸੌਨਿਕ ਜਹਾਜ਼ਾਂ ਨਾਲ ਮੱਥਾ ਲਾਉਣ ਅਤੇ ਉਨ੍ਹਾਂ ਨੂੰ ਦਿਨ ਜਾਂ ਰਾਤ ਕਿਸੇ ਵੀ ਮੌਸਮ ਵਿੱਚ ਤਬਾਹ ਕਰਨ ਦੇ ਸਮਰੱਥ ਹਨ।

 

 

ਇਸ ਤੋਂ ਇਲਾਵਾ ਡੈਕ ਨੇ ਪਿਨਾਕਾ ਮਿਜ਼ਾਈਲ ਪ੍ਰਣਾਲੀ ਹਾਸਲ ਕਰਨ ਤੇ ਜ਼ਮੀਨ ਤੋਂ ਜ਼ਮੀਨ ਤੱਕ 1000 ਕਿਲੋਮੀਟਰ ਤੱਕ ਨਿਸ਼ਾਨਾ ਫੁੰਡਣ ਵਾਲੀਆਂ ਮਿਜ਼ਾਈਲਾਂ ਦੀ ਖਰੀਦ ਦੇ ਫੈਸਲੇ ’ਤੇ ਵੀ ਮੋਹਰ ਲਾ ਦਿੱਤੀ। ਰੱਖਿਆ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ, ‘ਪਿਨਾਕਾ ਮਿਜ਼ਾਈਲ ਪ੍ਰਣਾਲੀ ਦੀ ਉਪਲੱਬਧਤਾ ਨਾਲ ਜਿੱਥੇ ਇੱਕ ਵਧੀਕ ਰੈਜੀਮੈਂਟ ਖੜ੍ਹੀ ਹੋਵੇਗੀ, ਉਥੇ ਦੇਸ਼ ਦੇ ਅਸਲਾਖਾਨੇ ਵਿੱਚ ਲੰਮੀ ਦੂਰੀ (1000 ਕਿਲੋਮੀਟਰ) ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦੀ ਮੌਜੂਦਗੀ ਨਾਲ ਜਲਸੈਨਾ ਤੇ ਹਵਾਈ ਸੈਨਾਂ ਦੀਆਂ ਜੰਗੀ ਸਮਰੱਥਾਵਾਂ ਨੂੰ ਮਜ਼ਬੂਤੀ ਮਿਲੇਗੀ।’

 

 

ਰੱਖਿਆਮੰਤਰਾਲੇ ਨੇ ਇਕ ਪ੍ਰੈਸ ਬਿਆਨ ਵਿੱਚ ‘ਮੌਜੂਦਾ ਹਾਲਾਤ’ ਦੇ ਹਵਾਲੇ ਨਾਲ ਕਿਹਾ ਕਿ ਆਪਣੀਆਂ ਸਰਹੱਦਾਂ ’ਤੇ ਹਥਿਆਰਬੰਦ ਬਲਾਂ ਨੂੰ ਵਧੇਰੇ ਮਜ਼ਬੂਤ ਕਰਨ ਲਈ ਡੈਕ ਨੇ ਇਹ ਫੈਸਲੇ ਲਏ ਹਨ। ਅਧਿਕਾਰੀਆਂ ਨੇ ਕਿਹਾ ਕਿ 21 ਮਿੱਗ-19 ਦੀ ਖਰੀਦ ਤੇ ਮਿੱਗ-29 ਦੀ ਮੌਜੂਦਾ ਫਲੀਟ ਨੂੰ ਅਪਗ੍ਰੇਡ ਕਰਨ ’ਤੇ ਸਰਕਾਰ ਨੂੰ ਅੰਦਾਜ਼ਨ 7418 ਕਰੋੜ ਰੁਪਏ ਦੀ ਲਾਗਤ ਆਵੇਗੀ, ਜਦੋਂਕਿ HAL ਤੋਂ 12 ਨਵੇਂ ਸੂ-30 ਐੱਮਕੇਟਾਈ 10,730 ਕਰੋੜ ਰੁਪਏ ਵਿੱਚ ਖਰੀਦੇ ਜਾਣੇ ਹਨ। ਅਧਿਕਾਰੀਆਂ ਨੇ ਕਿਹਾ ਕਿ ਰੱਖਿਆ ਸੌਦੇ ’ਚੋਂ 31,130 ਕਰੋੜ ਰੁਪਏ ਮੁੱਲ ਦਾ ਸਾਜ਼ੋ ਸਾਮਾਨ ਭਾਰਤੀ ਸਨਅਤ ਤੋਂ ਹਾਸਲ ਕੀਤਾ ਜਾਵੇਗਾ। ਰੱਖਿਆ ਸਾਜ਼ੋ-ਸਾਮਾਨ ਭਾਰਤੀ ਰੱਖਿਆ ਇੰਡਸਟਰੀ ਦੇ ਸਹਿਯੋਗ ਨਾਲ ਕਈ ਐੱਮਐੱਸਐੱਮਈਜ਼ ਦੀ ਸ਼ਮੂਲੀਅਤ ਨਾਲ ਤਿਆਰ ਕੀਤਾ ਜਾਵੇਗਾ।

 

ਅਸੀਂ ਦੁਸ਼ਮਣ ਨੂੰ ਢੁੱਕਵਾਂ ਜਵਾਬ ਦੇਣ ਦੇ ਸਮਰੱਥ: ਪ੍ਰਸਾਦ

ਕੇਂਦਰੀ ਸੰਚਾਰ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਚੀਨੀ ਐਪਜ਼ ’ਤੇ ਪਾਬੰਦੀ ਨੂੰ ‘ਡਿਜੀਟਲ ਹਮਲਾ’ ਕਰਾਰ ਦਿੰਦਿਆਂ ਕਿਹਾ ਕਿ ਭਾਰਤ ਅਮਨ ਚਾਹੁੰਦਾ ਹੈ ਪਰ ਜੇਕਰ ਕੋਈ ਬੁਰੀ ਨਜ਼ਰ ਨਾਲ ਦੇਖੇਗਾ ਤਾਂ ਦੇਸ਼ ਉਸ ਨੂੰ ਮੂੰਹ ਤੋੜ ਜਵਾਬ ਦੇਣ ਦੇ ਸਮਰੱਥ ਹੈ।

Leave a Reply

Your email address will not be published. Required fields are marked *