India

ਰੋਹਤਕ ਦੇ ਜਾਟ ਕਾਲਜ ‘ਚ ਹੋਈ ਫਾਇਰਿੰਗ ‘ਚ 5 ਮੌਤਾਂ, ਕਾਤਲ ‘ਤੇ ਇੱਕ ਲੱਖ ਦਾ ਇਨਾਮ

‘ਦ ਖ਼ਾਲਸ ਬਿਊਰੋ :- ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਜਾਟ ਕਾਲਜ ਵਿੱਚ ਫਾਇਰਿੰਗ ਦੀ ਘਟਨਾ ਵਾਪਰੀ ਹੈ, ਜਿਸ ਵਿੱਚ ਪੰਜ ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਇਹ ਘਟਨਾ ਕਾਲਜ ਦੇ ਜਿਮ ਵਿੱਚ ਵਾਪਰੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਲੋਕ ਪਹਿਲਵਾਨ ਸਨ ਅਤੇ ਗੋਲੀ ਕਾਲਜ ਵਿੱਚ ਰੈਸਲਰਾਂ ਦੇ ਦੂਜੇ ਗਰੁੱਪ ਵੱਲੋਂ ਚਲਾਈ ਗਈ ਹੈ। ਜਾਣਕਾਰੀ ਮੁਤਾਬਕ ਪਹਿਲਵਾਨਾਂ ਦਾ ਆਪਸ ਵਿੱਚ ਕਿਸੇ ਗੱਲ ਤੋਂ ਲੈ ਕੇ ਝਗੜਾ ਚੱਲ ਰਿਹਾ ਸੀ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੁਖਵਿੰਦਰ ਸਿੰਘ ਨਾਂ ਦਾ ਇੱਕ ਵਿਅਕਤੀ ਧੱਕੇ ਨਾਲ ਕਾਲਜ ਦੇ ਜਿਮਨੇਜ਼ੀਅਮ ਵਿੱਚ ਦਾਖ਼ਲ ਹੋਇਆ, ਜਿੱਥੇ ਪਹਿਲਾਂ ਤੋਂ ਹੀ ਕੁੱਝ ਪਹਿਲਵਾਨ ਪ੍ਰੈਕਟਿਸ ਕਰ ਰਹੇ ਸਨ। ਸੁਖਵਿੰਦਰ ਸਿੰਘ ਨੇ ਅੰਦਰ ਆਉਂਦਿਆਂ ਹੀ ਮੁੱਖ ਕੋਚ ਮਨੋਜ ਕੁਮਾਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਗੋਲੀ ਮਾਰ ਦਿੱਤੀ।

ਜਦੋਂ ਮੌਕੇ ‘ਤੇ ਮੌਜੂਦ ਹੋਰ ਲੋਕ ਮਨੋਜ ਨੂੰ ਬਚਾਉਣ ਆਏ ਤਾਂ ਸੁਖਵਿੰਦਰ ਸਿੰਘ ਨੇ ਉਨ੍ਹਾਂ ‘ਤੇ ਵੀ ਗੋਲੀਆਂ ਚਲਾ ਦਿੱਤੀਆਂ। ਇਸ ਮੰਦਭਾਗੀ ਕਾਰਵਾਈ ਨੂੰ ਅੰਜ਼ਾਮ ਦੇਣ ਤੋਂ ਬਾਅਦ ਹਮਲਾਵਰ ਜਿਮਨੇਜ਼ੀਅਮ ਨੂੰ ਬੰਦ ਕਰਕੇ ਅਤੇ ਆਪਣੀ ਕਾਰ ਵਿੱਚ ਫਰਾਰ ਹੋ ਗਿਆ। ਜਾਣਕਾਰੀ ਮੁਤਾਬਕ ਉਸ ਨਾਲ ਛੇ ਲੋਕ ਹੋਰ ਸਨ।

ਰੋਹਤਕ ਦੇ ਐੱਸਪੀ ਰਾਹੁਲ ਸ਼ਰਮਾ ਨੇ ਦੱਸਿਆ ਕਿ ਐੱਫ਼ਆਈਆਰ ਦਰਜ ਕਰ ਕੇ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਮੁਲਜ਼ਮ ‘ਤੇ ਇੱਕ ਲੱਖ ਰੁਪਏ ਦਾ ਇਨਾਮ ਰੱਖ ਦਿੱਤਾ ਹੈ। ਪੁਲਿਸ ਨੇ ਕਿਹਾ ਕਿ ਹਾਲੇ ਤੱਕ ਕੋਈ ਵੀ ਚਸ਼ਮਦੀਦ ਗਵਾਹ ਸਾਹਮਣੇ ਨਹੀਂ ਆਇਆ ਹੈ।