India Punjab

26 ਜਨਵਰੀ ਦੀ ਟਰੈਕਟਰ ਪਰੇਡ ਨੂੰ ਲੈ ਕੇ ਦਿੱਲੀ ਪੁਲਿਸ ਤੇ ਕਿਸਾਨਾਂ ਵਿਚਾਲੇ ਬਣੀ ਸਹਿਮਤੀ

‘ਦ ਖ਼ਾਲਸ ਟੀਵੀ:- 26 ਜਨਵਰੀ ਨੂੰ ਕਿਸਾਨ ਦਿੱਲੀ ਵਿੱਚ ਟਰੈਕਟਰ ਪਰੇਡ ਕਰਨ ਜਾ ਰਹੇ ਹਨ। ਟਰੈਕਟਰ ਪਰੇਡ ਦਾ ਰੇੜਕਾ ਹੁਣ ਖਤਮ ਹੋ ਚੁੱਕਿਆ ਹੈ। ਅੱਜ ਦਿੱਲੀ ਪੁਲਿਸ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਿਚਕਾਰ ਦਿੱਲੀ ਦੇ ‘ਮੰਤਰਮ ਪੈਲੇਸ’ ਵਿੱਚ ਟਰੈਕਟਰ ਪਰੇਡ ਨੂੰ ਲੈ ਕੇ ਬੈਠਕ ਹੋਈ। ਦਿੱਲੀ ਪੁਲਿਸ ਨੇ ਹੁਣ ਟਰੈਕਟਰ ਪਰੇਡ ਕਰਨ ਦੀ ਆਗਿਆ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਦੀ ਬੈਠਕ ਵਿੱਚ ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਟਰੈਕਟਰ ਪਰੇਡ ਕਰਨ ਦੀ ਆਗਿਆ ਦੇਣ ਤੋਂ ਨਾਂਹ ਕਰ ਦਿੱਤੀ ਸੀ।

ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨ ਪਹਿਲਾਂ ਹੀ ਸ਼ਪੱਸ਼ਟ ਕਰ ਚੁੱਕੇ ਸਨ ਕਿ ਅਸੀਂ ਹਰ ਹਾਲਤ ਵਿੱਚ ਪਰੇਡ ਕਰਕੇ ਰਹਾਂਗੇ। ਪਰ ਹੁਣ ਦਿੱਲੀ ਪੁਲਿਸ ਤੇ ਕਿਸਾਨਾਂ ਵਿਚਾਲੇ ਸਹਿਮਤੀ ਬਣ ਚੁੱਕੀ ਹੈ। ਇਹ ਟਰੈਕਟਰ ਪਰੇਡ 100 ਕਿੱਲੋਮੀਟਰ ਤੋਂ ਵੱਧ ਅਤੇ ਵੱਖ-ਵੱਖ ਰੂਟਾਂ ‘ਤੇ ਹੋਵੇਗੀ। ਦਿੱਲੀ ਪੁਲਿਸ ਹੁਣ ਖ਼ੁਦ ਬੈਰੀਕੇਡ ਹਟਾ ਕੇ ਕਿਸਾਨਾਂ ਨੂੰ ਪਰੇਡ ਕਰਨ ਲਈ ਰਾਹ ਦੇਵੇਗੀ, ਕੋਈ ਵੀ ਕਿਸਾਨ ਦਿੱਲੀ ਦੇ ਅੰਦਰ ਨਹੀਂ ਬੈਠੇਗਾ।

ਅੱਜ ਦੀ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਕਿਹਾ ਕਿ “ਸਾਡੀ ਦਿੱਲੀ, ਹਰਿਆਣਾ ਅਤੇ ਯੂਪੀ ਪੁਲਿਸ ਦੇ ਅਫਸਰਾਂ ਨਾਲ ਅੱਜ ਪੰਜਵੀਂ ਵਾਰ ਬੈਠਕ ਹੋਈ। ਅੱਜ ਅਖੀਰ ਦਿੱਲੀ ਪੁਲਿਸ ਨੇ ਸਾਨੂੰ ਪਰੇਡ ਕਰਨ ਦੀ ਆਗਿਆ ਦੇ ਦਿੱਤੀ ਹੈ। ਕਿਸਾਨਾਂ ਵੱਲੋਂ ਕੀਤੀ ਜਾਣ ਵਾਲੀ ਇਹ ਪਰੇਡ ਇਤਿਹਾਸਿਕ ਹੋ ਨਿੱਬੜਗੀ। 2 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਨੇ ਟਰੈਕਟਰ ਪਰੇਡ ਦੀ ਘੋਸ਼ਣਾ ਕੀਤੀ ਸੀ। ਇਸ ਪਰੇਡ ਦੇ ਰੂਟ ਬਾਰੇ ਕੱਲ੍ਹ ਸਵੇਰ ਤੱਕ ਸੂਚਿਤ ਕਰ ਦਿੱਤਾ ਜਾਵੇਗਾ।” ਉਹਨਾਂ ਕਿਹਾ ਕਿ “ਸਾਰੇ ਕਿਸਾਨ ਇਸ ਪਰੇਡ ਵਿੱਚ ਸ਼ਾਂਤੀਪੂਰਵਕ ਹਿੱਸਾ ਲੈਣ ਅਤੇ ਜੋ ਵੀ ਕਮੇਟੀ ਰੋਡ ਮੈਪ ਦੇਵੇਗੀ, ਉਸ ਅਨੁਸਾਰ ਹੀ ਚੱਲਿਆ ਜਾਵੇ”।