India

1984 ਸਿੱਖ ਕਤੇਲਆਮ ‘ਚੋਂ ਹੀ ਨਿਕਲਿਆ ਹਿੰਦੂਤਵ ਫਾਸੀਵਾਦ – ਸਿੱਖ ਬੁੱਧੀਜੀਵੀ

‘ਦ ਖ਼ਾਲਸ ਬਿਊਰੋ :- ਅੱਜ 1984 ਸਿੱਖ ਕਤਲੇਆਮ ਨੂੰ 36 ਸਾਲ ਪੂਰੇ ਹੋ ਗਏ ਹਨ ਅਤੇ ਸਿੱਖ ਬੁੱਧੀਜੀਵੀਆਂ ਨੇ 1984 ਦੀ ਯਾਦ ਵਿੱਚ ਸ਼੍ਰੀ ਗੁਰੂ ਸਿੰਘ ਸਭਾ, ਚੰਡੀਗੜ੍ਹ ਵਿੱਚ ਇੱਕ ਸੈਮੀਨਾਰ ਕੀਤਾ। ਸੈਮੀਨਾਰ ਵਿੱਚ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਨਵੰਬਰ 1984 ਸਿੱਖ ਕਤੇਲਆਮ ਵਿੱਚੋਂ ਹੀ ਹਿੰਦੂਤਵ ਫਾਸੀਵਾਦ ਨਿਕਲਿਆ ਹੈ।

ਉਨ੍ਹਾਂ ਕਿਹਾ ਕਿ ‘36 ਸਾਲ ਪਹਿਲਾਂ ਦਿੱਲੀ ਅਤੇ ਹੋਰ ਸ਼ਹਿਰਾਂ/ਕਸਬਿਆਂ ਵਿੱਚ ਸਿੱਖ ਕਤਲੇਆਮ ਵਿੱਚੋਂ ਹੀ ਭਾਰਤੀ ਲੋਕਤੰਤਰ ਬਹੁਗਿਣਤੀ ਰਾਜਤੰਤਰ ਬਣਕੇ ਨਿਕਲਿਆ, ਜੋ ਕਿ ਹੁਣ ਹਿੰਦੂਤਵੀ ਫਾਸੀਵਾਦ ਦਾ ਰੂਪ ਧਾਰਨ ਕਰ ਚੁੱਕਿਆ ਹੈ। ਭਾਰਤੀ ਸਟੇਟ ਵੱਲੋਂ ਸਿੱਖਾਂ ਉੱਤੇ 1984 ਵਿੱਚ ਦੋ ਅਸਹਿ ਅਤੇ ਅਣਕਿਆਸੇ ਮਾਰੂ ਹਮਲੇ ਹੋਏ। ਪਹਿਲਾਂ ਹਮਲਾ ਜੂਨ ਵਿੱਚ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਉੱਤੇ ਫੌਜ ਵੱਲੋਂ ਕੀਤਾ ਗਿਆ ਅਤੇ ਦੂਜਾ ਹਮਲਾ ਸਿੱਖਾਂ ਉੱਤੇ ਇੰਦਰਾ ਗਾਂਧੀ ਦੇ ਕਤਲ ਪਿੱਛੋਂ ਕੀਤਾ ਗਿਆ। ਨਵੰਬਰ, 1984 ਵਿੱਚ ਸਿੱਖਾਂ ਦੀ ਵੱਡੇ ਪੱਧਰ ਉੱਤੇ ਨਸਲਕੁਸ਼ੀ ਕੀਤੀ ਗਈ।

ਸਿੱਖਾਂ ਨੂੰ ਘਰਾਂ, ਬਜ਼ਾਰਾਂ, ਬੱਸ-ਗੱਡੀਆਂ ਵਿੱਚੋਂ ਕੱਢ-ਕੱਢ ਕੇ, ਕੋਹ-ਕੋਹ ਕੇ ਮਾਰਿਆ ਗਿਆ, ਉਨ੍ਹਾਂ ਨੂੰ ਜ਼ਿੰਦਾ ਸਾੜਿਆ ਗਿਆ। ਉਹਨਾਂ ਦੀਆਂ ਸਿੱਖ ਔਰਤਾਂ ਦੀ ਸ਼ਰੇਆਮ ਬੇਪੱਤੀ ਕੀਤੀ ਗਈ। ਉਹਨਾਂ ਦੇ ਘਰ/ਜਾਇਦਾਦਾਂ, ਗੁਰਦੁਆਰਿਆਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਗਨ ਭੇਂਟ ਕੀਤਾ ਗਿਆ। ਇਸ ਕਤਲੇਆਮ ਵਿੱਚ ਤਕਰੀਬਨ 5000 ਸਿੱਖਾਂ ਨੂੰ ਜਾਨ ਤੋਂ ਹੱਥ ਧੋਣੇ ਪਏ।

1984 ਦੀਆਂ ਦੁਖਦਾਈ ਘਟਨਾਵਾਂ ਪਿੱਛੇ RSS ਅਤੇ ਹਿੰਦੂਤਵੀ ਤੱਤਾਂ ਦੀ ਇੱਕਜੁਟਤਾ ਸੀ। 1984 ਨੇ ਸਿੱਖਾਂ ਦੇ ਅਮੀਰ ਵਰਗ ਨੂੰ ਡੂੰਘੀ ਰਾਸ਼ਟਰਵਾਦੀ ਨੀਂਦ ਤੋਂ ਜਗਾ ਦਿੱਤਾ, ਜਿਸ ਕਰਕੇ ਸਿੱਖ ਭਾਈਚਾਰੇ ਨੂੰ 1947 ਵਿੱਚ ਮੁਸਲਮਾਨਾਂ ਵਿਰੁੱਧ ਵਿੱਢੀ ਮੁਹਿੰਮ ਦਾ ਦੁਬਾਰਾ ਮੁਲਾਂਕਣ ਕਰਨਾ ਪਿਆ ਅਤੇ ਹਿੰਦੂਤਵ ਦੇ ਮੰਨੂਵਾਦੀ, ਕੱਟੜਵਾਦੀ ਅਤੇ ਆਪਣੇ-ਆਪ ਤੱਕ ਸੀਮਤ ਖਾਸੇ ਦੀ ਸਮਝ ਪਈ।

ਦਰਜਨ ਸਰਕਾਰੀ ਕਮਿਸ਼ਨਾਂ/ਕਮੇਟੀਆਂ ਦੀ ਪੜਤਾਲ ਪਿੱਛੋਂ ਵੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਕੋਈ ਸਜ਼ਾ ਨਹੀਂ ਮਿਲੀ ਅਤੇ ਕਾਂਗਰਸ ਅਤੇ ਭਾਜਪਾ ਸਰਕਾਰਾਂ ਆਪਣੀ ਲੋਕਤੰਤਰ ਨਿਜ਼ਾਮ ਵਾਲੀ ਜ਼ਿੰਮੇਵਾਰੀ ਤੋਂ ਭੱਜ ਗਈਆਂ। ਇਸ ਤਰ੍ਹਾਂ ਸਿੱਖਾਂ ਦੀ ਇਨਸਾਫ ਮਿਲਣ ਦੀ ਆਸ ਵੀ ਹੌਲੀ-ਹੌਲੀ ਦਮ ਤੋੜ ਗਈ।

ਸਿੱਖਾਂ ਨਾਲ ਵਾਪਰੇ ‘84 ਵਿੱਚੋਂ ਮਜ਼ਬੂਤ ਹੋ ਕੇ ਨਿਕਲੀਆਂ ਹਿੰਦੂਤਵ ਤਾਕਤਾਂ ਨੇ ਆਪਣਾ ਰੰਗ ਗੁਜਰਾਤ ਵਿੱਚ ਮੁਸਲਮਾਨਾਂ ਦੇ 2002 ਦੇ ਕਤਲੇਆਮ ਵਿੱਚ ਦਿਖਾਇਆ। ਹਿੰਦੂਤਵ ਸਿਆਸਤ ਨੂੰ ਤਕੜਾ ਕਰਨ ਲਈ ਕੁੱਝ ਮਹੀਨੇ ਪਹਿਲਾਂ ਦਿੱਲੀ ਵਿੱਚ ਦੰਗੇ ਵੀ ਹੋਏ।

ਹੁਣ ਭਾਰਤ ਦਾ ਜਮਹੂਰੀ ਢਾਂਚਾ ਬਹੁ-ਗਿਣਤੀ ਰਾਜਤੰਤਰ ਦੀ ਲਪੇਟ ਵਿੱਚ ਆ ਗਿਆ ਹੈ ਅਤੇ ਹਿੰਦੂਤਵੀ ਤਾਕਤਾਂ ਦੇਸ਼ ਨੂੰ ਰਸਮੀ ਤੌਰ ਤੇ ‘ਹਿੰਦੂ ਰਾਸ਼ਟਰ’ ਐਲਾਨਣ ਲਈ ਬਜ਼ਿੱਦ ਹਨ। ਜੇ ਇਤਿਹਾਸਕ ਪਰਿਪੇਖ ਵਿੱਚ, ਸਿੱਖ ਨਸਲਕੁਸ਼ੀ ਨੂੰ ਵਾਚੀਏ ਤਾਂ ਸਪੱਸ਼ਟ ਹੈ ਕਿ ਅੰਗਰੇਜ਼ਾਂ ਤੋਂ ਰਾਜਸੱਤਾ ਪ੍ਰਾਪਤ ਕਰਨ ਤੋਂ ਤੁਰੰਤ ਬਾਅਦ, ਹਾਕਮਾਂ ਨੇ ਦੇਸ਼ ਨੂੰ ਬਹੁ-ਗਿਣਤੀ ਫਿਰਕੇ ‘ਤੇ ਆਧਾਰਿਤ ‘ਨੇਸ਼ਨ-ਸਟੇਟ’ ਖੜ੍ਹੀ ਕਰਨ ਵੱਲ ਸਿਆਸਤ ਨੂੰ ਮੋੜਾ ਦੇ ਦਿੱਤਾ। ਇਸੇ ਕਰਕੇ, ਸਿੱਖਾਂ ਵੱਲੋਂ ਵੱਖਰੀ ਸਿਆਸੀ ਹਸਤੀ ਖੜ੍ਹੀ ਕਰਨ ਅਤੇ ਰਾਜ ਸੱਤਾ ਵਿੱਚ ਆਪਣਾ ਬਣਦਾ ਹਿੱਸਾ ਪ੍ਰਾਪਤ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਦਿੱਲੀ ਨੇ ਭਾਰੀ ਬੂਟਾਂ ਥੱਲੇ ਦਰੜ ਕੇ ਵਰਤਾਈ।

ਨਵੰਬਰ ਦਾ ਪਹਿਲਾ ਹਫਤਾ ਸਿੱਖਾਂ ਲਈ ਆਤਮ-ਚਿੰਤਨ ਦਾ ਦਿਹਾੜਾ ਹੈ। ਸਿੱਖ ਭਾਈਚਾਰਾ ਆਪਣੀ ਪਹਿਚਾਣ, ਸੱਭਿਆਚਾਰ ਅਤੇ ਰਹਿਣ-ਸਹਿਣ ਨੂੰ ਗੁਰੂ ਆਸ਼ੇ ਮੁਤਾਬਕ ਚਲਾਉਂਦਾ ਹੋਇਆਂ ਕਿਵੇਂ ਆਪਣੀ ਬਣਦੀ ਰਾਜਸੱਤਾ ਵਿਚਲੀ ਹਿੱਸੇਦਾਰੀ ਪ੍ਰਾਪਤ ਕਰ ਸਕਦਾ ਹੈ। ਸਿੱਖ ਜੀਵਨ-ਜਾਚ ਨੂੰ ਕਾਇਮ ਰੱਖਣ ਲਈ ਸਾਨੂੰ ਜਾਤ-ਪਾਤ ਦੇ ਛੁਪੇ ਹੋਏ ਕੋਹੜ ਨੂੰ ਦੂਰ ਕਰਕੇ ਇਖਲਾਕੀ ਬੁਲੰਦੀ ਅਤੇ ਸਮਾਜਕ ਬਰਾਬਰੀ ਵਾਲਾ ਸਮਾਜ ਖੜ੍ਹਾ ਕਰਕੇ ਹੀ ਮਨੂੰਵਾਦੀ ਅਤੇ ਅਨੈਤਿਕ ਤਾਨਾਸ਼ਾਹੀ ਤਾਕਤਾਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ’।

ਇਸ ਸੈਮੀਨਾਰ ਵਿੱਚ ਪ੍ਰੋਫੈਸਰ ਮਨਜੀਤ ਸਿੰਘ, ਸੁਖਦੇਵ ਸਿੰਘ ਪੱਤਰਕਾਰ,  ਜਸਪਾਲ ਸਿੰਘ ਸਿੱਧੂ ਪੱਤਰਕਾਰ, ਗੁਰਬਚਨ ਸਿੰਘ ਸੰਪਾਦਕ ਦੇਸ ਪੰਜਾਬ, ਭਿੰਡਰ ਸਿੰਘ (ਜੀ.ਐੱਮ. ਉਦਯੋਗ), ਡਾ. ਕੁਲਦੀਪ ਸਿੰਘ ਸਰਜਨ ਪਟਿਆਲਾ, ਰਜਿੰਦਰ ਸਿੰਘ (ਖਾਲਸਾ ਪੰਚਾਇਤ), ਅਜੈਪਾਲ ਸਿੰਘ ਬਰਾੜ (ਲੇਖਕ), ਡਾ. ਪਿਆਰੇ ਲਾਲ ਗਰਗ, ਗੁਰਪ੍ਰੀਤ ਸਿੰਘ ਪ੍ਰਧਾਨ ਗਲੋਬਲ ਸਿੱਖ ਕੌਂਸਲ ਅਤੇ ਰਾਜਵਿੰਦਰ ਸਿੰਘ ਰਾਹੀ ਹਾਜ਼ਿਰ ਸਨ।