’ਦ ਖ਼ਾਲਸ ਬਿਊਰੋ: ਸੀਰੀਆ ਨੂੰ ਸੰਘਰਸ਼ ਕਰਦਿਆਂ 10 ਸਾਲ ਬੀਤ ਗਏ ਹਨ। ਇਸ ਹਫ਼ਤੇ ਸੀਰੀਆ ਦੇ ਸੰਘਰਸ਼ ਦੇ 10 ਸਾਲਾਂ ਵਿੱਚ ਆਏ ਬਦਲਾਵਾਂ ਬਾਰੇ ਚਰਚਾ ਕੀਤੀ ਜਾ ਰਹੀ ਹੈ। ਤਬਾਹੀ ਦੇ ਇੱਕ ਦਹਾਕੇ ਬਾਅਦ ਸੀਰੀਆ ਦੀ ਲਗਭਗ ਅੱਧੀ ਆਬਾਦੀ ਘਰੋਂ ਬੇਘਰ ਹੋ ਗਈ ਹੈ। ਲਗਭਰ 12 ਮਿਲੀਅਨ ਲੋਕ ਅੰਦਰੂਨੀ ਤੌਰ ’ਤੇ ਵਿਸਥਾਪਿਤ ਜਾਂ ਸ਼ਰਨਾਰਥੀਆਂ ਵਜੋਂ ਜ਼ਿੰਦਗੀ ਬਸਰ ਕਰ ਰਹੇ ਹਨ। ਲੜਕੀਆਂ ਅਤੇ ਮਹਿਲਾਵਾਂ ’ਤੇ ਸੋਸ਼ਣ ਦੇ ਮਾਮਲੇ ਲਗਾਤਾਰ ਵਧੇ ਹਨ।  

ਜੰਗ ਦੇ ਨਾਲ-ਨਾਲ ਸੀਰੀਆਈ ਲੋਕ ਕੋਰੋਨਾ ਮਹਾਂਮਾਰੀ ਦਾ ਵੀ ਸਾਹਮਣਾ ਕਰ ਰਹੇ ਹਨ। ਇਸ ਤੋਂ ਇਲਾਵਾ ਦੇਸ਼ ਦੀ ਆਰਥਿਕ ਸਥਿਤੀ ਵੀ ਮਾੜੇ ਹਾਲਾਤ ਵਿੱਚੋਂ ਗੁਜ਼ਰ ਰਹੀ ਹੈ। ਇਸ ਨਾਲ ਮੁਲਕ ਦੀਆਂ ਲੜਕੀਆਂ ਅਤੇ ਮਹਿਲਾਵਾਂ ’ਤੇ ਮਾੜਾ ਅਸਰ ਪੈ ਰਿਹਾ ਹੈ। ਜੰਗ ਹੋਣ ਕਰਕੇ ਅਸੁਰੱਖਿਆ ਤਾਂ ਪਹਿਲਾਂ ਤੋਂ ਹੀ ਗੰਭੀਰ ਮਸਲਾ ਸੀ, ਪਰ ਹੁਣ ਕੋਰੋਨਾ ਦਾ ਵੀ ਗੰਭੀਰ ਅਸਰ ਦੇਖਿਆ ਜਾ ਰਿਹਾ ਹੈ। 

ਇਸ ਸਥਿਤੀ ਵਿੱਚ ਯੂਐਨ ਪਾਪੂਲੇਸ਼ਨ ਫੰਡ-UNFPA ਸੰਸਥਾ ਲੜਕੀਆਂ ਦੀ ਸੁਰੱਖਿਆ ਲਈ ਚੰਗਾ ਕੰਮ ਕਰ ਰਹੀ ਹੈ। ਸੰਸਥਾ ਦੀ ਰਿਪੋਰਟ ਮੁਤਾਬਕ ਲੜਕੀਆਂ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਹਨ। ਪਿਛਲੇ ਕਈ ਸਾਲਾਂ ਤੋਂ ਸੀਰੀਆ ਦੀਆਂ ਲੜਕੀਆਂ ਅਤੇ ਮਹਿਲਾਵਾਂ ਹਿੰਸਾ ਵੇਖ ਰਹੀਆਂ ਹਨ ਅਤੇ ਹਿੰਸਾ ਵਿੱਚ ਹੀ ਜੀਅ ਰਹੀਆਂ ਹਨ। 

ਆਪਣੀ ਪਛਾਣ ਗੁਪਤ ਰੱਖਦਿਆਂ UNFPA ਨੂੰ ਇੱਕ 18-19 ਸਾਲਾ ਲੜਕੀ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਹਿੰਸਾ ਦੇਖਦੀ ਆ ਰਹੀ ਹੈ। ਉਹ ਬਾਲ ਵਿਆਹ ਤੋਂ ਤਾਂ ਬਚ ਗਈ, ਪਰ ਉਸ ਨੂੰ ਘਰੇਲੂ ਜਿਣਸੀ ਸੋਸ਼ਣ ਅਤੇ ਘਰੇਲੂ ਹਿੰਸਾ ਦਾ ਸ਼ਿਕਾਰ ਹੋਣਾ ਪਿਆ। ਇੱਥੋਂ ਤਕ ਕਿ ਉਸ ਦਾ ਭਰਾ ਉਸ ਨਾਲ ਇਹ ਸਭ ਕਰਦਾ ਰਿਹਾ ਹੈ।

ਇਹ ਬੇਹੱਦ ਗੰਭੀਰ ਵਿਸ਼ਾ ਹੈ ਕਿ ਇਸ ਤਰ੍ਹਾਂ ਦੀ ਹਿੰਸਾ ਅਤੇ ਸਦਮਾ ਸੀਰੀਆਈ ਮਹਿਲਾਵਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ ਅਤੇ ਆਮ ਹੋ ਗਿਆ ਹੈ। ਸੀਰੀਆਈ ਆਪਣੇ ਹੀ ਮੁਲਕ ਵਿੱਚ ਸ਼ਰਨਾਰਥੀਆਂ ਕੈਪਾਂ ਵਿੱਚ ਰਹਿਣ ਨੂੰ ਮਜਬੂਰ ਹਨ। ਸੀਰੀਆ ਵਿੱਚ ਪੂਰਬੀ ਗੋਊਟਾ ਦੀ ਇੱਚ ਕਿਸ਼ੋਰ ਲੜਕੀ ਨੇ ਦੱਸਿਆ ਕਿ ਉੱਥੇ ਹਰ ਥਾਂ ਹਿੰਸਾ ਹੁੰਦੀ ਹੈ ਅਤੇ ਹਾਲਾਤ ਬਦਤਰ ਹੋ ਗਏ ਹਨ। 

UNFPA ਦੇ ਪ੍ਰੋਗਰਾਮ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਹਾਲੀਆ ਵਰ੍ਹਿਆਂ ਵਿੱਚ ਲਿੰਗ ਆਧਾਰਿਤ ਹਿੰਸਾ ਦਾ ਜ਼ੋਖ਼ਮ ਕਾਫੀ ਵਧ ਗਿਆ ਹੈ। ਕਈ ਲੋਕ ਖ਼ਦਸ਼ਾ ਜਤਾਉਂਦੇ ਹਨ ਕਿ ਇਸ ਤਰ੍ਹਾਂ ਦੀ ਹਿੰਸਾ ਆਮ ਹੋ ਗਈ ਹੈ। 

ਜੰਗ ਦੇ ਚੱਲਦਿਆਂ ਪਿਛਲੇ ਦਹਾਕੇ ਦੌਰਾਨ ਅਸੁਰੱਖਿਆ, ਡਰ ਅਤੇ ਗੰਭੀਰ ਆਰਥਿਕ ਦਬਾਅ ਕਰਕੇ ਮਹਿਲਾਵਾਂ ਅਤੇ ਲੜਕੀਆਂ ਕਮਜ਼ੋਰ ਹੋਈਆਂ ਹਨ। ਇਸੀ ਵਜ੍ਹਾ ਕਰਕੇ ਇਸ ਦਹਾਕੇ ਦੌਰਾਨ ਬਾਲ ਵਿਆਹ ਵਰਗੀਆਂ ਸਮੱਸਿਆਵਾਂ ਦੀ ਦਰ ਵਿੱਚ ਵੀ ਵਾਧਾ ਹੋਇਆ ਹੈ। 

ਅਲੇਪੋ ਦੀ ਇੱਕ ਅੱਲ੍ਹੜ ਕੁੜੀ ਜਾਮੀਆ (ਬਦਲਿਆ ਹੋਇਆ ਨਾਂਅ) ਨੇ UNFPA ਨੂੰ ਦੱਸਿਆ ਕਿ ਜੰਗ ਤੋਂ ਬਾਅਦ ਉਸ ਦੀ ਉਮਰ ਦੀਆਂ ਕੁੜੀਆਂ ਲਈ ਜ਼ਿੰਦਗੀ ਇੱਕ ਜੇਲ੍ਹ ਵਾਂਗ ਬਣ ਗਈ ਹੈ। ਸੋਸ਼ਣ, ਬਲਾਤਕਾਰ ਅਤੇ ਅਗਵਾ ਦੇ ਡਰੋਂ ਉਨ੍ਹਾਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ। ਇਸ ਲਈ ਵਿਆਹ ਹੀ ਉਨ੍ਹਾਂ ਲਈ ਸੁਰੱਖਿਅਤ ਰਹਿਣ ਦਾ ਇੱਕੋ-ਇੱਕ ਹੀਲਾ ਹੈ। ਪਰ ਲੜਕੀ ਨੇ ਕਿਹਾ ਕਿ ਉਹ ਵਿਆਹ ਨਹੀਂ ਕਰਵਾਉਣਾ ਚਾਹੁੰਦੀ।

ਜਾਮੀਆ ਵਾਂਗ ਹੋਰ ਕੁੜੀਆਂ ਵੀ ਛੋਟੀ ਉਮਰੇ ਵਿਆਹ ਨਹੀਂ ਕਰਵਾਉਣਾ ਚਾਹੁੰਦੀਆਂ। ਪਰ ਉਨ੍ਹਾਂ ਨੂੰ ਆਪਣੀ ਸੁਰੱਖਿਆ ਅਤੇ ਪਰਿਵਾਰਿਕ ਦਬਾਅ ਕਰਕੇ ਅਜਿਹਾ ਕਰਨਾ ਪੈਂਦਾ ਹੈ। ਸੀਰੀਆ ਵਿੱਚ ਲੜਕੀਆਂ ਦੀ ਆਜ਼ਾਦੀ ਉਨ੍ਹਾਂ ਲਈ ਸੁਪਨੇ ਵਾਂਗ ਹੈ। ਉਨ੍ਹਾਂ ਲਈ ਘਰ ਵੀ ਜੇਲ੍ਹ ਬਰਾਬਰ ਹਨ। 

ਇਸ ਸਮੱਸਿਆ ਕਰਕੇ ਲੜਕੀਆਂ ਨੂੰ ਸਕੂਲ ਅਤੇ ਸਿਹਤ ਸਬੰਧੀ ਸਹੂਲਤਾਂ ਤੋਂ ਵਾਂਝਾ ਰੱਖਿਆ ਜਾਂਦਾ ਹੈ। ਇਸ ਦਾ ਕੋਈ ਭਰੋਸਾ ਨਹੀਂ ਹੈ। ਖੇਤਰ ਵਿੱਚ ਲਿਹਤ ਸਹੂਲਤਾਂ ਦੇ ਲੋੜਵੰਦਾਂ ਵਿੱਚੋਂ ਲਗਭਗ ਅੱਧਾ ਮਿਲੀਅਨ (ਪੰਜ ਲੱਖ) ਤੋਂ ਵੱਧ ਗਰਭਵਤੀ ਮਹਿਲਾਵਾਂ ਹਨ, ਜਿਨ੍ਹਾਂ ਨੂੰਵਿਸ਼ੇਸ਼ ਸਿਹਤ ਸਹੂਲਤਾਂ ਦੀ ਸਖ਼ਤ ਲੋੜ ਹੁੰਦੀ ਹੈ। 

ਕੋਵਿਡ ਮਹਾਂਮਾਰੀ ਨਾਲ ਲੜਕੀਆਂ ਅਤੇ ਮਹਿਲਾਵਾਂ ਦੀਆਂ ਸਮੱਸਿਆਵਾਂ ਵਿੱਚ ਹੋਰ ਵਾਧਾ ਹੋਇਆ ਹੈ। ਕੁਝ ਮਾਮਲਿਆਂ ਵਿੱਚ ਮਹਿਲਾਵਾਂ ਨਾਲ ਦੁਰਵਿਵਹਾਰ ਕਰਨ ਵਾਲੇ ਮਰਦ ਜਦ ਮਹਾਂਮਾਰੀ ਦੌਰਾਨ ਘਰਾਂ ਵਿੱਚ ਰਹਿਣ ਲੱਗੇ ਤਾਂ ਮਹਿਲਾਵਾਂ ਦੇ ਸੋਸ਼ਣ ਵਿੱਚ ਹੋਰ ਵਾਧਾ ਹੋਇਆ। ਘਰਾਂ ਵਿੱਚ ਕਲੇਸ਼ ਵਧਣ ਲੱਗੇ ਅਤੇ ਤਣਾਓ ਦਾ ਮਾਹੌਲ ਹੋਣ ਕਰਕੇ ਮਹਿਲਾਵਾਂ ਨੂੰ ਹੋਰ ਦਿੱਕਤ ਦਾ ਸਾਹਮਣਾ ਕਰਨਾ ਪਿਆ ਹੈ।

UNFPA ਅਤੇ ਇਸ ਦੇ ਭਾਈਵਾਲਾਂ ਨੇ ਸੀਰੀਆ ਵਿੱਚ ਮਹਿਲਾਵਾਂ ਅਤੇ ਲੜਕੀਆਂ ਨੂੰ ਰਿਫਿਊਜੀ ਕੈਂਪਾਂ ਵਿੱਚ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਦਾ ਬੀੜਾ ਚੁੱਕਿਆ ਹੈ। ਇਕੱਲੇ ਸਾਲ 2020 ਵਿੱਚ UNFPA ਨੇ ਲਗਭਗ 2 ਮਿਲੀਅਨ (20 ਲੱਖ) ਲੋਕਾਂ ਤੱਕ ਯੌਨ ਅਤੇ ਪ੍ਰਜਣਨ ਸਬੰਧੀ ਸਿਹਤ ਸਹੂਲਤਾਂ ਪਹੁੰਚਾਈਆਂ। ਇਸ ਦੇ ਨਾਲ ਹੀ ਲਗਭਗ 1.2 ਮਿਲੀਅਨ ਲੋਕ ਲਿੰਗ ਆਧਾਰਿਤ ਹਿੰਸਾ ਰੋਕਣ ਅਤੇ ਪ੍ਰਤੀਕਿਰਿਆ ਦੇਣ ਲਈ ਪ੍ਰੋਗਰਾਮਾਂ ਵਿੱਚ ਪੁੱਜੇ ਸਨ। UNFPA ਸੰਸਥਾ ਸੀਰੀਆ ਵਿੱਚ ਲੜਕੀਆਂ ਅਤੇ ਮਹਿਲਾਵਾਂ ਦੀ ਖ਼ਾਸ ਕਰਕੇ ਸੁਰੱਖਿਆ ਲਈ ਪ੍ਰਤੀਬੱਧ ਹੈ। 

Leave a Reply

Your email address will not be published. Required fields are marked *