Punjab

ਸੈਣੀ ਦੀ ਜ਼ਮਾਨਤ ਅਪੀਲ ‘ਤੇ ਅੱਜ ਅਦਾਲਤ ਵਿੱਚ ਹੋਈ ਤਿੱਖੀ ਬਹਿਸ, ਨਹੀਂ ਮਿਲੀ ਜ਼ਮਾਨਤ, ਸੁਣਵਾਈ ਪਰਸੋਂ ਨੂੰ

‘ਦ ਖ਼ਾਲਸ ਬਿਊਰੋ :- ਪੰਜਾਬ ਪੁਲੀਸ ਦੇ ਵਿਵਾਦਿਤ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਜ਼ਮਾਨਤ ਦੀ ਅਰਜ਼ੀ ’ਤੇ ਜੱਜ ਵੱਲੋਂ ਸੋਮਵਾਰ ਨੂੰ ਆਪਣਾ ਫੈਸਲਾ ਸੁਣਾਇਆ ਜਾਵੇਗਾ। ਸੈਣੀ ਨੇ ਆਪਣੇ ਵਕੀਲ ਰਾਹੀਂ ਸ਼ੁੱਕਰਵਾਰ ਨੂੰ ਮੁਹਾਲੀ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਜ਼ਮਾਨਤ ਦੇਣ ਦੀ ਮੰਗ ਕੀਤੀ ਸੀ। ਇਸ ਸਬੰਧੀ ਅਦਾਲਤ ਨੇ ਬੀਤੇ ਦਿਨੀਂ ਨੋਟਿਸ ਜਾਰੀ ਕਰਕੇ ਪੰਜਾਬ ਸਰਕਾਰ ਅਤੇ ਪੁਲੀਸ ਨੂੰ ਆਪਣਾ ਪੱਖ ਰੱਖਣ ਲਈ ਆਖਿਆ ਸੀ। ਅੱਜ ਅਦਾਲਤ ਵਿੱਚ ਸਰਕਾਰੀ ਵਕੀਲ, ਸੈਣੀ ਦੇ ਵਕੀਲਾਂ ਅਤੇ ਪੀੜਤ ਪਰਿਵਾਰ ਦੇ ਵਕੀਲਾਂ ਵਿੱਚ ਭਖਵੀਂ ਬਹਿਸ ਹੋਈ। ਜੱਜ ਨੇ ਸਾਰੀਆਂ ਧਿਰਾਂ ਨੂੰ ਬੜੇ ਧਿਆਨ ਨਾਲ ਸੁਣਨ ਤੋਂ ਬਾਅਦ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਅਤੇ ਸੋਮਵਾਰ (11 ਮਈ) ਨੂੰ ਅਗਲੀ ਸੁਣਵਾਈ ਪਾ ਦਿੱਤੀ। ਸੁਮੇਧ ਸੈਣੀ ਵੱਲੋਂ ਕੱਲ ਅਦਾਲਤ ਵਿੱਚ ਪੇਸ਼ ਹੋਏ ਵਕੀਲ ਸਤਨਾਮ ਸਿੰਘ ਕਲੇਰ ਨੇ ਦੇਰ ਸ਼ਾਮ ਸਿੱਖ ਕੌਮ ਤੋਂ ਮੁਆਫ਼ੀ ਮੰਗਦਿਆਂ ਸੈਣੀ ਦਾ ਕੇਸ ਲੜਨ ਤੋਂ ਇਨਕਾਰ ਕਰ ਦਿੱਤਾ ਸੀ। ਜਿਸਤੋਂ ਬਾਅਦ ਅੱਜ ਸੁਮੇਧ ਸੈਣੀ ਵੱਲੋਂ ਹਾਈਕੋਰਟ ਦੇ ਸੀਨੀਅਰ ਵਕੀਲ ਏਪੀਐਸ ਦਿਉਲ ਅਦਾਲਤ ਵਿੱਚ ਪੇਸ਼ ਹੋਏ।