Punjab

ਸਿੱਧੂ ਮੂਸੇਵਾਲਾ ਤੇ ਔਲਖ ਦੇ ਵਿਦੇਸ਼ ਜਾਣ ‘ਤੇ ਲੱਗੀ ਰੋਕ

ਚੰਡੀਗੜ੍ਹ- (ਕਮਲਪ੍ਰੀਤ ਕੌਰ) ਪੰਜਾਬ ਪੁਲਿਸ ਨੇ ਗਾਇਕ ਸਿੱਧੂ ਮੂਸੇਵਾਲਾ ਦੇ ਖਿਲਾਫ਼ ਲੁੱਕ-ਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਹੁਣ ਸਿੱਧੂ ਮੂਸੇਵਾਲਾ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਆਪਣਾ ਦੇਸ਼ ਛੱਡ ਕੇ ਵਿਦੇਸ਼ ਨਹੀਂ ਜਾ ਸਕਦੇ ਹਨ। ਉਨ੍ਹਾਂ ਨੂੰ ਵਿਦੇਸ਼ ਜਾਣ ਲਈ ਅਦਾਲਤ ਦੀ ਆਗਿਆ ਲੈਣੀ ਪਿਆ ਕਰੇਗੀ। ਇਸ ਨੋਟਿਸ ਵਿੱਚ ਮਨਕੀਰਤ ਔਲਖ ਦਾ ਨਾਮ ਵੀ ਸ਼ਾਮਿਲ ਹੈ। ਇਸ ਨਾਲ ਹੁਣ ਦੋਵਾਂ ਗਾਇਕਾਂ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ। ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲਾ ਆਪਣੇ ਰਿਲੀਜ਼ ਹੋਏ ਗਾਣੇ ‘ਜੱਟੀ ਜਿਊਣੇ ਮੋੜ ਵਰਗੀ’ ਕਰਕੇ ਵਿਵਾਦਾਂ ਵਿੱਚ ਘਿਰ ਗਏ ਸਨ। ਇਸ ਗਾਣੇ ਵਿੱਚ ਉਨ੍ਹਾਂ ਨੇ ਮਾਈ ਭਾਗੋ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਸੀ। ਉਸ ਸਮੇਂ ਸਿੱਧੂ ਮੂਸੇਵਾਲਾ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਮੰਗ ਲਈ ਗਈ ਸੀ।

ਕੁੱਝ ਸਮੇਂ ਬਾਅਦ ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ‘ਤੇ ਆਪਣੇ ਗਾਣਿਆਂ ਵਿੱਚ ਗੰਨ ਕਲਚਰ ਨੂੰ ਪ੍ਰਮੋਟ ਕਰਨ ਦੇ ਦੋਸ਼ ਲੱਗੇ ਸਨ ਜਿਸਦੇ ਤਹਿਤ ਉਨ੍ਹਾਂ ‘ਤੇ ਮਾਮਲਾ ਦਰਜ ਕਰ ਲਿਆ ਗਿਆ ਸੀ। ਬਾਅਦ ਵਿੱਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ। ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਸੰਗਰੂਰ ਦੇ ਪਿੰਡ ਦਿੜ੍ਹਬਾ ਵਿੱਚ ਆਪਣੇ ਇੱਕ ਸ਼ੋਅ ਦੌਰਾਨ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕਰਦੇ ਹੋਏ ਆਪਣੇ ਵਿਰੋਧੀਆਂ ਨੂੰ ਚਿਤਾਵਨੀ ਦਿੱਤੀ ਸੀ। ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਨੇ ਕਿਹਾ ਕਿ ਕੁੱਝ ਲੋਕ ਸਿੱਧੂ ਮੂਸੇਵਾਲਾ ਦੀ ਚੜ੍ਹਾਈ ਵੇਖ ਕੇ ਸੜਦੇ ਹਨ ਅਤੇ ਇਸੇ ਕਰਕੇ ਸਿੱਧੂ ਮੂਸੇਵਾਲਾ ਆਪਣੇ ਵਿਰੋਧੀਆਂ ਲਈ ਗੀਤ ਗਾ ਰਿਹਾ ਸੀ।