India

ਸਾਡੇ ਨਾਲ ਸਿੱਖਾਂ ਵਾਲੀ ’84 ਦੁਹਰਾਈ ਜਾ ਰਹੀ ਹੈ-ਦਿੱਲੀ ਦੇ ਮੁਸਲਮਾਨ

ਚੰਡੀਗੜ੍ਹ- ਉੱਤਰ-ਪੂਰਬੀ ਦਿੱਲੀ ਵਿੱਚ ਸੀਏਏ ਪੱਖੀ ਤੇ ਵਿਰੋਧੀਆਂ ਵਿਚਾਲੇ ਟਕਰਾਅ ਜਾਫ਼ਰਾਬਾਦ, ਮੌਜਪੁਰ, ਚਾਂਦਬਾਗ, ਖੁਰੇਜੀ ਖਾਸ ਤੇ ਭਜਨਪੁਰਾ ਇਲਾਕੇ ਵਿਚ ਫੈਲਿਆ ਹੋਇਆ ਹੈ। ਨਵੇਂ ਨਾਗਰਿਕਤਾ ਕਾਨੂੰਨ (ਸੀਏਏ) ਨੂੰ ਲੈ ਕੇ ਭੜਕੀ ਫ਼ਿਰਕੂ ਹਿੰਸਾ ਵਿੱਚ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ ਤੇ ਦੋ ਸੌ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਵਿੱਚ 50 ਦੇ ਕਰੀਬ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। ਪੁਲਿਸ ਅੱਜ ਵੀ ਦੰਗਾਕਾਰੀਆਂ ਨੂੰ ਰੋਕਣ ਵਿੱਚ ਨਾਕਾਮ ਰਹੀ ਹੈ। ਦੰਗਾਕਾਰੀਆਂ ਨੇ ਦੁਕਾਨਾਂ ਲੁੱਟਣ ਮਗਰੋਂ ਉਨ੍ਹਾਂ ਨੂੰ ਅੱਗ ਲਾ ਦਿੱਤੀ।

ਦਿੱਲੀ ਪੁਲਿਸ ਨੇ ਦੇਰ ਰਾਤ ਉੱਤਰ ਪੂਰਬੀ ਦਿੱਲੀ ਦੇ ਚਾਰ ਖੇਤਰਾਂ- ਭਜਨਪੁਰਾ, ਮੌਜਪੁਰ, ਖੁਰੇਜੀ ਖ਼ਾਸ ਤੇ ਚਾਂਦ ਬਾਗ਼ ਵਿੱਚ ਦੰਗਾਕਾਰੀਆਂ ਨੂੰ ਵੇਖਦੇ ਹੀ ਗੋਲੀ ਮਾਰਨ ਦੇ ਹੁਕਮ ਦੇ ਦਿੱਤੇ ਹਨ। ਇਹ ਹੁਕਮ, ਗ੍ਰਹਿ ਮੰਤਰਾਲੇ ਵੱਲੋਂ 1985 ਬੈਂਚ ਦੇ ਆਈਪੀਐੱਸ ਅਧਿਕਾਰੀ ਐੱਸ.ਐੱਨ.ਸ੍ਰੀਵਾਸਤਵਾ ਨੂੰ ਦਿੱਲੀ ਦੇ ਵਿਸ਼ੇਸ਼ ਕਮਿਸ਼ਨਰ (ਅਮਨ ਤੇ ਕਾਨੂੰਨ) ਲਾਏ ਜਾਣ ਤੋਂ ਤੁਰੰਤ ਮਗਰੋਂ ਕੀਤੇ ਗਏ ਹਨ।

ਇਸ ਦੌਰਾਨ ਐੱਨਐੱਸਏ ਅਜੀਤ ਡੋਵਾਲ ਵੱਲੋਂ ਰਾਤ 11:15 ਵਜੇ ਸੀਲਮਪੁਰ ਵਿੱਚ ਦਿੱਲੀ ਪੁਲਿਸ ਦੇ ਕਮਿਸ਼ਨਰ ਅਮੁੱਲਿਆ ਪਟਨਾਇਕ ਤੇ ਡੀਸੀਪੀ (ਉੱਤਰੀ ਪੂਰਬੀ) ਨਾਲ ਮੀਟਿੰਗ ਕਰਕੇ ਹਾਲਾਤ ਦਾ ਜਾਇਜ਼ਾ ਲਿਆ ਗਿਆ। ਜਾਫ਼ਰਾਬਾਦ ਮੈਟਰੋ ਸਟੇਸ਼ਨ ਦੇ ਬਾਹਰ ਸਨਿੱਚਰਵਾਰ ਰਾਤ ਤੋਂ ਸ਼ਾਹੀਨ ਬਾ਼ਗ਼ ਦੀ ਤਰਜ਼ ’ਤੇ ਧਰਨਾ ਲਾਈ ਬੈਠੀਆਂ 500 ਦੇ ਕਰੀਬ ਧਰਨਾਕਾਰੀ ਔਰਤਾਂ ਨੇ ਧਰਨਾ ਚੁੱਕ ਦਿੱਤਾ ਹੈ। ਗੁਰੂ ਤੇਗ਼ ਬਹਾਦਰ ਹਸਪਤਾਲ ਦੇ ਇੱਕ ਡਾਕਟਰ ਨੇ ਦੱਸਿਆ ਕਿ ‘50 ਫ਼ੀਸਦ ਤੋਂ ਵੱਧ ਲੋਕ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਹਨ।’

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਸਪਤਾਲ ਜਾ ਕੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ। ਸੋਮਵਾਰ ਨੂੰ ਹੋਈ ਹਿੰਸਾ ’ਚ ਦਿੱਲੀ ਪੁਲਿਸ ਦੇ ਕਾਂਸਟੇਬਲ ਸਮੇਤ ਪੰਜ ਵਿਅਕਤੀ ਮਾਰੇ ਗਏ ਸਨ। ਉੱਤਰ-ਪੂਰਬੀ ਦਿੱਲੀ ਵਿਚ ਅੱਜ ਵੀ ਹਿੰਸਾ ਹੋਈ ਤੇ ਸਾੜ-ਫੂਕ ਕਾਰਨ ਕਈ ਥਾਂ ਅਸਮਾਨ ’ਤੇ ਗੂੜੇ ਧੂੰਏਂ ਦਾ ਗੁਬਾਰ ਚੜ੍ਹਿਆ ਰਿਹਾ। ਭੀੜਾਂ ਬਿਨਾਂ ਰੋਕ-ਟੋਕ ਗਲੀਆਂ ਵਿੱਚ ਘੁੰਮਦੀਆਂ ਰਹੀਆਂ, ਪੱਥਰਬਾਜ਼ੀ ਹੋਈ, ਦੁਕਾਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਤੇ ਸਥਾਨਕ ਲੋਕਾਂ ਨੂੰ ਧਮਕਾਇਆ ਗਿਆ। ਦੰਗਾਕਾਰੀਆਂ ਨੇ ਗੋਕੁਲਪੁਰੀ ਵਿਚ ਦੋ ਫਾਇਰ ਟੈਂਡਰਾਂ ਨੂੰ ਅੱਗ ਲਾ ਦਿੱਤੀ। ਮੌਜਪੁਰ ਦੇ ਬਿਲਕੁਲ ਵਿਚਾਲੇ ਭੀੜ ਨੇ ਅੱਗ ਲਾਉਣ ਦੇ ਨਾਅਰੇ ਲਾ-ਲਾ ਕੇ ਇਕ ਮੋਟਰਸਾਈਕਲ ਫੂਕ ਦਿੱਤਾ।

ਉੱਤਰ-ਪੂਰਬੀ ਦਿੱਲੀ ਦੇ ਬਹੁਤੇ ਇਲਾਕਿਆਂ ਦੀਆਂ ਗਲੀਆਂ ਪੱਥਰਾਂ, ਇੱਟਾਂ ਤੇ ਸੜੇ ਟਾਇਰਾਂ ਨਾਲ ਭਰੀਆਂ ਪਈਆਂ ਹਨ ਜੋ ਹਿੰਸਾ ਤੇ ਖ਼ੂਨ-ਖ਼ਰਾਬੇ ਨੂੰ ਬਿਨਾਂ ਕੁਝ ਕਹੇ ਬਿਆਨ ਕਰ ਰਹੀਆਂ ਹਨ। ਜ਼ਖ਼ਮੀਆਂ ਵਿਚ 50 ਤੋਂ ਵੱਧ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। ਕੌਮੀ ਰਾਜਧਾਨੀ ਦਿੱਲੀ ਵਿੱਚ ਗੁੱਸੇ ਨਾਲ ਭਰੇ-ਪੀਤੇ ਲੋਕਾਂ ਦੇ ਸਮੂਹ ਡਾਂਗਾਂ, ਪੱਥਰਾਂ ਤੇ ਰਾਡਾਂ ਨਾਲ ਮੌਜਪੁਰ ਦੀਆਂ ਸੜਕਾਂ ’ਤੇ ਲੋਕਾਂ ਨੂੰ ਕੁੱਟ ਰਹੇ ਹਨ। ਈ-ਰਿਕਸ਼ਾ ਤੇ ਹੋਰ ਵਾਹਨਾਂ ’ਤੇ ਵੀ ਉਹ ਆਪਣਾ ਗੁੱਸਾ ਕੱਢ ਰਹੇ ਹਨ।

ਕਈ ਪੱਤਰਕਾਰਾਂ ਦੀ ਵੀ ਖਿੱਚ-ਧੂਹ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਵਾਪਿਸ ਜਾਣ ਲਈ ਕਿਹਾ ਗਿਆ ਹੈ। ਸਕੂਲ ਬੰਦ ਹਨ ਤੇ ਡਰੇ ਹੋਏ ਲੋਕ ਘਰਾਂ ਅੰਦਰ ਰਹਿਣ ਨੂੰ ਹੀ ਆਪਣਾ ਭਲਾ ਸਮਝ ਰਹੇ ਹਨ। ਗਲੀਆਂ ਵਿਚ ਘੁੰਮ ਰਹੀਆਂ ਭੀੜਾਂ ਦੇ ਚਿਹਰਿਆਂ ’ਤੇ ਪਾਬੰਦੀ ਦੇ ਹੁਕਮਾਂ ਦਾ ਵੀ ਕੋਈ ਡਰ ਨਜ਼ਰ ਨਹੀਂ ਆ ਰਿਹਾ ਹੈ। ਭਜਨਪੁਰਾ ਵਿੱਚ ਅੱਜ ਇਕ ਬੈਟਰੀਆਂ ਦੀ ਦੁਕਾਨ ਨੂੰ ਅੱਗ ਲਾ ਦਿੱਤੀ ਗਈ ਤੇ ਇਨ੍ਹਾਂ ਨੂੰ ਸੜਕ ’ਤੇ ਸੁੱਟ ਦਿੱਤਾ ਗਿਆ। ਦਿੱਲੀ ਪੁਲਿਸ ਨੇ ਭਜਨਪੁਰਾ ਤੇ ਖੁਰੇਜੀ ਖਾਸ ਇਲਾਕੇ ਵਿੱਚ ਫਲੈਗ ਮਾਰਚ ਕੀਤਾ। ਚਾਂਦਬਾਗ ਤੇ ਮੌਜਪੁਰ ਇਲਾਕਿਆਂ ਵਿੱਚ ਮੰਗਲਵਾਰ ਨੂੰ ਵੀ ਹਿੰਸਾ ਹੋਈ।

ਨੀਮ ਫ਼ੌਜੀ ਬਲਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਪੁਲਿਸ ਨੇ ਅੱਥਰੂ ਗੈਸ ਦੀ ਵੀ ਵਰਤੋਂ ਕੀਤੀ ਹੈ। ਮੌਜਪੁਰ ਵਿੱਚ ਭੀੜਾਂ ਦੀ ਗਿਣਤੀ ਤਾਇਨਾਤ ਸੁਰੱਖਿਆ ਕਰਮੀਆਂ ਨਾਲੋਂ ਕਿਤੇ ਵੱਧ ਹੈ। ਅੱਗ ਬੁਝਾਉਂਦਿਆਂ 3 ਫਾਇਰ ਕਰਮੀ ਵੀ ਫੱਟੜ ਹੋਏ ਹਨ। ਪਿਸਤੌਲ ਲਹਿਰਾਉਂਦੇ ਨਜ਼ਰ ਆਏ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਪਰ ਉਸ ਦੀ ਪਛਾਣ ਜ਼ਾਹਿਰ ਨਹੀਂ ਕੀਤੀ ਗਈ ਹੈ। ਅਜੇ ਤੱਕ ਕੋਈ ਗ੍ਰਿਫ਼ਤਾਰੀ ਵੀ ਨਹੀਂ ਹੋਈ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਿੰਸਾ ਨਾਲ ਕਿਸੇ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ। ਉਹ ਆਪਣੇ ਸਾਥੀ ਮੰਤਰੀਆਂ ਨਾਲ ਮਹਾਤਮਾ ਗਾਂਧੀ ਦੀ ਸਮਾਧੀ ’ਤੇ ਪੁੱਜੇ ਤੇ ਪ੍ਰਾਰਥਨਾ ਕੀਤੀ। ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਸਿਹਤ ਮੰਤਰੀ ਸਤਿੰਦਰ ਜੈਨ ਨਾਲ ਜੀਟੀਬੀ ਹਸਪਤਾਲ ਵੀ ਗਏ ਤੇ ਜ਼ਖ਼ਮੀਆਂ ਨੂੰ ਮਿਲੇ। ਸਿਸੋਦੀਆ ਨੇ ਕਿਹਾ ਕਿ ਜਾਪਦਾ ਹੈ ਕਿ ਸ਼ਹਿਰ ਵਿੱਚ ਘੁੰਮ ਰਹੇ ਦੰਗਾਕਾਰੀ ਦਿੱਲੀ ਦੇ ਨਹੀਂ ਹਨ।

ਕੇਜਰੀਵਾਲ ਵੱਲੋਂ ਹਿੰਸਾਗ੍ਰਸਤ ਇਲਾਕਿਆਂ ਦੇ ਵਿਧਾਇਕਾਂ ਤੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਵੀ ਕੀਤੀ ਗਈ ਹੈ। ਉਨ੍ਹਾਂ ਮੈਜਿਸਟਰੇਟਾਂ ਨੂੰ ਸ਼ਾਂਤੀ ਮਾਰਚ ਕੱਢਣ ਤੇ ਸ਼ਾਂਤੀ ਬੈਠਕਾਂ ਕਰਨ ਲਈ ਕਿਹਾ ਜਿਨ੍ਹਾਂ ਵਿੱਚ ਸਾਰੇ ਧਰਮਾਂ ਦੇ ਲੋਕ ਸ਼ਾਮਲ ਹੋਣ। ਉਨ੍ਹਾਂ ਪੁਲਿਸ ਦੀ ਹੋਰ ਤਾਇਨਾਤੀ ਤੇ ਦਿੱਲੀ ਦੀਆਂ ਹੱਦਾਂ ਬੰਦ ਕਰਨ ਦੀ ਮੰਗ ਕੀਤੀ ਹੈ। ਦਿੱਲੀ ਹਾਈ ਕੋਰਟ ਨੇ ਹਿੰਸਾ ਦੇ ਮੱਦੇਨਜ਼ਰ ਸੀਬੀਐੱਸਈ ਨੂੰ ਪ੍ਰਭਾਵਿਤ ਇਲਾਕਿਆਂ ’ਚ ਬੋਰਡ ਪ੍ਰੀਖਿਆਵਾਂ ਮੁਲਤਵੀ ਕਰਨ ਜਾਂ ਪ੍ਰੀਖਿਆ ਕੇਂਦਰ ਤਬਦੀਲ ਕਰਨ ਬਾਰੇ ਜਲਦੀ ਫ਼ੈਸਲਾ ਲੈਣ ਲਈ ਕਿਹਾ ਹੈ।

ਸੁਪਰੀਮ ਕੋਰਟ ਵਿੱਚ ਐੱਫਆਈਆਰ ਤੇ ਗ੍ਰਿਫ਼ਤਾਰੀਆਂ ਬਾਰੇ ਪਟੀਸ਼ਨਾਂ ’ਤੇ ਸੁਣਵਾਈ ਅੱਜ

ਦਿੱਲੀ ’ਚ ਹੋਈ ਹਿੰਸਾ ਬਾਰੇ ਆਈਆਂ ਸ਼ਿਕਾਇਤਾਂ ’ਤੇ ਐੱਫਆਈਆਰ ਦਰਜ ਕਰਨ ਸਬੰਧੀ ਪਾਈ ਗਈ ਪਟੀਸ਼ਨ ਨੂੰ ਸੁਣਨ ਲਈ ਸੁਪਰੀਮ ਕੋਰਟ ਨੇ ਹਾਮੀ ਭਰ ਦਿੱਤੀ ਹੈ। ਸਾਬਕਾ ਮੁੱਖ ਚੋਣ ਕਮਿਸ਼ਨਰ ਵਜਾਹਤ ਹਬੀਬੁੱਲ੍ਹਾ ਤੇ ਹੋਰਾਂ ਨੇ ਅਰਜ਼ੀ ਦਾਇਰ ਕਰ ਕੇ ਮੰਗ ਕੀਤੀ ਹੈ ਕਿ ਦਿੱਲੀ ਪੁਲਿਸ ਨੂੰ ਐੱਫਆਈਆਰ ਬਾਰੇ ਹਦਾਇਤਾਂ ਦਿੱਤੀਆਂ ਜਾਣ। ਇਸ ’ਤੇ ਤੁਰੰਤ ਸੁਣਵਾਈ ਦੀ ਮੰਗ ਕੀਤੀ ਗਈ ਹੈ। ਜਸਟਿਸ ਐੱਸ.ਕੇ. ਕੌਲ ਤੇ ਕੇ.ਐੱਮ. ਜੋਸਫ਼ ਨੇ ਕਿਹਾ ਕਿ ਸੁਣਵਾਈ ਭਲਕੇ ਕੀਤੀ ਜਾਵੇਗੀ। ਇਸ ਅਰਜ਼ੀ ’ਚ ਸ਼ਾਹੀਨ ਬਾਗ ਵਿਚ ਧਰਨੇ ’ਤੇ ਬੈਠੀਆਂ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਹੈ। ਦਿੱਲੀ ਹਾਈ ਕੋਰਟ ਵਿੱਚ ਵੀ ਇਸੇ ਤਰ੍ਹਾਂ ਦੀ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ। ਮਨੁੱਖੀ ਹੱਕਾਂ ਬਾਰੇ ਕਾਰਕੁੰਨ ਹਰਸ਼ ਮੰਦਰ ਤੇ ਫਾਰਾਹ ਨਕਵੀ ਨੇ ਜ਼ਿੰਮੇਵਾਰਾਂ ਦੀ ਗ੍ਰਿਫ਼ਤਾਰੀ ਲਈ ਹਦਾਇਤਾਂ ਜਾਰੀ ਕਰਨ ਲਈ ਕਿਹਾ ਹੈ। ਇਸ ’ਤੇ ਵੀ ਸੁਣਵਾਈ ਕੱਲ੍ਹ ਹੋਵੇਗੀ।

ਦਿੱਲੀ ਦੇ ਹਾਲਾਤ 1984 ਵਰਗੇ ਬਣੇ

ਮੌਜਪੁਰ ਦੇ ਇੱਕ ਵਾਸੀ ਨੇ ਦੱਸਿਆ ਕਿ ਇਲਾਕੇ ’ਚ ਪੁਲਿਸ ਦੀ ਮੌਜੂਦਗੀ ਨਾ ਦੇ ਬਰਾਬਰ ਹੈ। ਦੰਗਾਕਾਰੀ ਸ਼ਰੇਆਮ ਨੁਕਸਾਨ ਕਰ ਰਹੇ ਹਨ, ਲੋਕਾਂ ਨੂੰ ਧਮਕਾ ਰਹੇ ਹਨ। ਕਾਨੂੰਨ-ਵਿਵਸਥਾ ਦੀ ਹਾਲਤ ਬੇਹੱਦ ਮਾੜੀ ਹੈ। ਪਰਿਵਾਰਾਂ ਨੂੰ ਬਾਹਰ ਕੱਢਣ ਦੀ ਲੋੜ ਹੈ, ਅਸੀਂ ਆਪਣੇ ਘਰਾਂ ਵਿਚ ਵੀ ਸੁਰੱਖਿਅਤ ਨਹੀਂ ਹਾਂ। ਇੱਕ ਹੋਰ ਨੇ ਕਿਹਾ ਕਿ 35 ਸਾਲਾਂ ਬਾਅਦ ਸ਼ਾਇਦ ‘84 ਦੇ ਸਿੱਖ ਵਿਰੋਧੀ ਦੰਗਿਆਂ ਮਗਰੋਂ ਪਹਿਲੀ ਵਾਰ ਅਜਿਹੀ ਸਥਿਤੀ ਬਣੀ ਹੈ। ਇਸ ਇਲਾਕੇ ’ਚ ਹਮੇਸ਼ਾ ਸ਼ਾਂਤੀ ਰਹੀ ਹੈ।