India Punjab

ਮੰਡੀਆਂ ‘ਚ ਕਣਕ ਲਿਜਾਉਣ ਵਾਲੇ ਕਿਸਾਨਾਂ ਲਈ ਜ਼ਰੂਰੀ ਜਾਣਕਾਰੀ

ਚੰਡੀਗੜ੍ਹ ( ਹਿਨਾ ) ਕੋਵਿਡ-19 ਵਿਚਾਲੇ ਵਾਢੀ ਤੇ ਖ਼ਰੀਦ ਨੂੰ ਸੁਚਾਰੂ ਤਰੀਕੇ ਨਾਲ ਯਕੀਨੀ ਬਣਾਉਣ ਲਈ ਤੋਂ ਕਿਸਾਨਾਂ, ਆੜ੍ਹਤੀਆਂ ਅਤੇ ਅਮਲੇ ਦੀ ਹਿਫ਼ਾਜ਼ਤ ਯਕੀਨੀ ਬਣਾਉਣ ਲਈ 8620 ਪੁਲਿਸ ਕਰਮੀ ਅਤੇ 6483 ਵਲੰਟੀਅਰ 24 ਘੰਟੇ ਤਿੱਖੀ ਨਜ਼ਰ ਨਾਲ ਪਿੰਡਾਂ ਤੇ ਮੰਡੀਆਂ ਵਿੱਚ ਦੋ ਦਿਸ਼ਾਵੀ ਰਣਨੀਤੀ ‘ਚ ਰੱਖ ਰਹੇ ਹਨ। ਇਸ ਮੰਤਵ ਦੀ ਪੂਰਤੀ ਦੌਰਾਨ ਇਹ ਕਰਮਚਾਰੀ ਤੇ ਵਲੰਟੀਅਰ ਜਿੱਥੇ ਆਪਣੀ ਸੁਰੱਖਿਆ ਲਈ ਸਖ਼ਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਨ, ਉੱਥੇ ਸਿਹਤ ਅਤੇ ਸਫ਼ਾਈ ਸਬੰਧੀ ਸਾਵਧਾਨੀਆਂ ਨੂੰ ਅਮਲ ਵਿੱਚ ਲਿਆਉਣ ਦੇ ਨਾਲ-ਨਾਲ ਸਾਰੇ ਖ਼ਰੀਦ ਕੇਂਦਰਾਂ ਉਤੇ ਸਮਾਜਕ ਦੂਰੀ ਸਬੰਧੀ ਮਾਪਦੰਡ ਦੀ ਪਾਲਣਾ ਵੀ ਕਰਵਾ ਰਹੇ ਹਨ।

ਇਹ ਖੁਲਾਸਾ ਕਰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਅਪਣਾਈ ਗਈ ਦੋ-ਦਿਸ਼ਾਵੀ ਰਣਨੀਤੀ ਤਹਿਤ ਮੰਡੀਆਂ ਵਿੱਚ ਡਿਊਟੀ ਉਤੇ ਤਾਇਨਾਤ ਫਰੰਟ ਲਾਈਨ ਪੁਲਿਸ ਮੁਲਾਜ਼ਮ ਆਪਣੀ ਸੁਰੱਖਿਆ ਯਕੀਨੀ ਬਣਾਉਣ ਦੇ ਨਾਲ-ਨਾਲ ਇਨ੍ਹਾਂ ਕੇਂਦਰਾਂ ਵਿੱਚ ਆਉਣ ਵਾਲੇ ਕਿਸਾਨਾਂ ਅਤੇ ਹੋਰਾਂ ਦੀ ਸੁਰੱਖਿਆ ਲਈ ਲੋੜੀਂਦੇ ਸਾਜ਼ੋ-ਸਾਮਾਨ ਨਾਲ ਲੈਸ ਹਨ। ਸਾਰੇ ਪੁਲਿਸ ਮੁਲਾਜ਼ਮਾਂ ਨੂੰ ਮਾਸਕ, ਦਸਤਾਨੇ, ਹੈਂਡ ਸੈਨੇਟਾਈਜ਼ਰ ਆਦਿ ਮੁਹੱਈਆ ਕਰਵਾਏ ਗਏ ਹਨ ਅਤੇ ਇਨ੍ਹਾਂ ਦੀ ਸਹੀ ਵਰਤੋਂ ਬਾਰੇ ਜਾਣੂੰ ਕਰਵਾਇਆ ਗਿਆ ਹੈ। ਜਿਨ੍ਹਾਂ ਮੁਲਾਜ਼ਮਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਹਨ, ਖ਼ਾਸ ਕਰ ਕੇ ਦਿਲ ਅਤੇ ਸਾਹ ਸਬੰਧੀ ਦਿੱਕਤਾਂ ਹਨ, ਦੀ ਤਾਇਨਾਤੀ ਮੂਹਰਲੀਆਂ ਸਫ਼ਾਂ (ਫਰੰਟ ਲਾਈਨਰਜ਼) ਵਜੋਂ ਨਹੀਂ ਕੀਤੀ ਗਈ। ਬਾਕਾਇਦਾ ਸੈਨੇਟਾਈਜ਼ ਕੀਤੇ ਜਾ ਰਹੇ ਖ਼ਰੀਦ ਕੇਂਦਰਾਂ ਵਿੱਚ ਲੋਕਾਂ ਵਿਚਾਲੇ ਸਰੀਰਕ ਦੂਰੀ ਯਕੀਨੀ ਬਣਾਉਣ ਵਾਲੇ ਦਿਸ਼ਾ ਨਿਰਦੇਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਸਾਰਨ ਲਈ ਜਨਤਕ ਸੂਚਨਾ ਪ੍ਰਣਾਲੀ (ਮੁਨਾਦੀ) ਦੀ ਵਰਤੋਂ ਕੀਤੀ ਜਾ ਰਹੀ ਹੈ। ਵੱਖ ਵੱਖ ਮੰਡੀਆਂ ਵਿੱਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਸਾਰੇ ਪ੍ਰਵੇਸ਼ ਤੇ ਬਾਹਰ ਨਿਕਲਣ ਵਾਲੇ ਰਾਹਾਂ ਉਤੇ ਚੈਕਿੰਗ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਨਾਲ ਉਨ੍ਹਾਂ ਨੂੰ ਮੰਡੀਆਂ/ਸਬ-ਯਾਰਡਾਂ/ਖ਼ਰੀਦ ਕੇਂਦਰਾਂ ਨੂੰ ਜਾਣ ਵਾਲੀਆਂ ਸੜਕਾਂ ‘ਤੇ ਭੀੜ ਘਟਾਉਣ ਤੋਂ ਇਲਾਵਾ ਕਾਨੂੰਨ ਵਿਵਸਥਾ ਯਕੀਨੀ ਬਣਾਉਣ ਅਤੇ ਲੋਕਾਂ ਤੇ ਆਵਾਜਾਈ ਦਾ ਪ੍ਰਵਾਹ ਸੁਚਾਰੂ ਰੱਖਣ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਨੂੰ ਖ਼ਰੀਦ ਕੇਂਦਰਾਂ ਵਿੱਚ ਸਮਾਜਕ ਦੂਰੀ ਬਣਾਈ ਰੱਖਣ ਅਤੇ ਮੰਡੀਆਂ ਵਿੱਚ ਭੀੜ-ਭੜੱਕੇ ਨੂੰ ਘਟਾਉਣ ਲਈ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਜਾਰੀ ਪਾਸਾਂ ਦੀ ਜਾਂਚ ਦਾ ਜ਼ਿੰਮਾ ਵੀ ਸੌਂਪਿਆ ਗਿਆ ਹੈ।

 

ਗੁਪਤਾ ਨੇ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਸ਼ਾਮ 7 ਵਜੇ ਤੋਂ ਬਾਅਦ ਰਾਤ ਨੂੰ ਕੰਬਾਈਨਾਂ ਨਾ ਚੱਲਣੀਆਂ ਯਕੀਨੀ ਬਣਾਈਆਂ ਜਾਣ ਅਤੇ ਪਿੰਡ ਦੇ ਐਂਟਰੀ ਪੁਆਇੰਟ ਤੋਂ ਸਿਰਫ਼ ਪ੍ਰਮਾਣਕ ਕੂਪਨ ਵਾਲਾ ਇੱਕ ਵਿਅਕਤੀ ਇੱਕ ਟਰਾਲੀ ਲੈ ਕੇ ਮੰਡੀ ਜਾਵੇ। ਤੇ ਵਾਢੀ/ਖ਼ਰੀਦ ਸਮੇਂ ਵਲੰਟੀਅਰਾਂ ਦੀ ਭੂਮਿਕਾ ਬਾਰੇ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਨੇ ਦੱਸਿਆ ਕਿ ਉਨ੍ਹਾਂ ਨੂੰ ਲੋਕਾਂ ਖਾਸ ਤੌਰ ‘ਤੇ ਕਿਸਾਨਾਂ ਨੂੰ ਸਮਾਜਿਕ ਦੂਰੀ ਦੇ ਮਹੱਤਵ ਬਾਰੇ ਜਾਣੂੰ ਕਰਵਾਉਂਦਿਆਂ ਮੰਡੀਆਂ ਵਿੱਚ ਇਸ ਮਾਪਦੰਡ ਦੀ ਪਾਲਣਾ ਦਾ ਕੰਮ ਸੌਂਪਿਆ ਗਿਆ ਹੈ। ਇਨ੍ਹਾਂ ਵਾਲੰਟੀਅਰਾਂ ਨੇ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਹਿੱਸੇਦਾਰਾਂ ਤੋਂ ਸਮਾਜਿਕ ਦੂਰੀ ਬਰਕਰਾਰ ਰਖਵਾਉਣ, ਮਾਸਕ/ਦਸਤਾਨੇ ਪਹਿਨਣੇ ਯਕੀਨੀ ਬਣਾਉਣ ਅਤੇ ਸੈਨੇਟਾਈਜ਼ਰ ਦੀ ਵਰਤੋਂ ਵਰਗੇ ਨੇਮਾਂ ਦੀ ਪਾਲਣਾ ਕਰਵਾਉਣ ਵਿੱਚ ਪੁਲਿਸ ਦੀ ਸਹਾਇਤਾ ਲਈ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕੀਤੀ ਹੈ।

ਇਨ੍ਹਾਂ ਤੋਂ ਇਲਾਵਾ ਉਹ ਮੰਡੀਆਂ ਦੇ ਬਾਹਰ ਅਤੇ ਖ਼ਰੀਦ ਕੇਂਦਰਾਂ ਨੂੰ ਜਾਣ ਵਾਲੀਆਂ ਸੜਕਾਂ ‘ਤੇ ਟ੍ਰੈਫਿਕ ਪ੍ਰਬੰਧਨ ਵਿੱਚ ਵੀ ਪੁਲਿਸ ਦੀ ਮਦਦ ਕਰ ਰਹੇ ਹਨ। ਉਹ ਫ਼ਸਲ ਦੀ ਵਾਢੀ ਕਰਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਵੀ ਸਮਾਜਕ ਦੂਰੀ ਬਣਾਈ ਰੱਖਣ, ਮਾਸਕ ਪਹਿਨਣ ਜਾਂ ਕੱਪੜੇ ਨਾਲ ਆਪਣੇ ਚਿਹਰੇ ਢਕਣ ਲਈ ਵੀ ਜਾਗਰੂਕ ਕਰ ਰਹੇ ਹਨ। ਵਲੰਟੀਅਰ ਸਮਾਜਿਕ ਦੂਰੀ ਅਤੇ ਕੋਰੋਨਾ ਤੋਂ ਬਚਣ ਦੇ ਤਰੀਕਿਆਂ ਬਾਰੇ ਮੰਡੀਆਂ ਦੇ ਐਂਟਰੀ ਪੁਆਇੰਟਾਂ ਅਤੇ ਮੰਡੀ ਦੇ ਅਹਾਤਿਆਂ ਵਿੱਚ ਮੁਨਾਦੀ ਵੀ ਕਰ ਰਹੇ। ਇਸ ਤੋਂ ਇਲਾਵਾ ਉਹ ਪਾਸਾਂ ਦੀ ਪੜਤਾਲ ਕਰਨ ਅਤੇ ਕਿਸਾਨਾਂ ਨੂੰ ਰੋਗਾਣੂ ਮੁਕਤ ਹੋਣ ਦੇ ਤਰੀਕਿਆਂ ਬਾਰੇ ਵੀ ਦੱਸ ਰਹੇ ਹਨ। ਉਹ ਮੰਡੀਆਂ ਵਿੱਚ ਕੰਬਾਈਨ ਅਤੇ ਟਰੈਕਟਰ ਟਰਾਲੀਆਂ ਦੇ ਪ੍ਰਬੰਧਨ ਲਈ ਟ੍ਰੈਫਿਕ ਮਾਰਸ਼ਲਾਂ ਦਾ ਕੰਮ ਵੀ ਕਰਦੇ ਹਨ।
ਵਲੰਟੀਅਰਾਂ ਨੂੰ ਕਿਸਾਨਾਂ ਦੀ ਆਮਦ ਸਮੇਂ ਮਦਦ ਤੇ ਚੈਕਿੰਗ, ਵੰਡ ਏਜੰਟ, ਆੜ੍ਹਤੀਆਂ ਅਤੇ ਪੱਲੇਦਾਰਾਂ ਦੇ ਵੱਖ-ਵੱਖ ਪਾਸਾਂ ਦੀ ਜਾਂਚ ਦਾ ਜ਼ਿੰਮਾ ਵੀ ਦਿੱਤਾ ਗਿਆ ਹੈ। ਇਸ ਦੇ ਨਾਲ ਨਾਲ ਉਹ ਭੋਜਨ, ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਉਣ ਅਤੇ ਸਵੱਛਤਾ ਨੂੰ ਯਕੀਨੀ ਬਣਾਉਣ ਵਿੱਚ ਵੀ ਪ੍ਰਸ਼ਾਸਨ ਦੀ ਸਹਾਇਤਾ ਕਰ ਰਹੇ ਹਨ। ਉਹ ਵੱਖ-ਵੱਖ ਤਰ੍ਹਾਂ ਦੇ ਮਜ਼ਦੂਰਾਂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਕੰਮ ਕਰ ਰਹੇ ਪਰਵਾਸੀਆਂ ਦੀ ਸਹਾਇਤਾ ਲਈ ‘ਹੈਲਪਿੰਗ ਬਡੀ’ ਵਜੋਂ ਕੰਮ ਕਰ ਰਹੇ ਹਨ।

ਇਹ ਵਲੰਟੀਅਰ ਵੱਖ ਵੱਖ ਪਿੰਡਾਂ (5600), ਜੀਓਜੀ (1717), ਐਨਸੀਸੀ (135), ਸਾਬਕਾ ਪੁਲਿਸ ਮੁਲਾਜ਼ਮ (102), ਵਣ ਗਾਰਡ (35), ਯੂਥ ਐਂਡ ਸਪੋਰਟਸ ਕਲੱਬਾਂ (142) ਨਾਲ ਸਬੰਧਤ ਹਨ। ਡੀਜੀਪੀ ਨੇ ਕਿਹਾ ਕਿ ਮੌਜੂਦਾ ਯੋਜਨਾ ਅਨੁਸਾਰ ਉਨ੍ਹਾਂ ਨੂੰ ਸਿਰਫ਼ ਵੱਡੀਆਂ ਮੰਡੀਆਂ ਵਿੱਚ ਤਾਇਨਾਤ ਕੀਤਾ ਜਾ ਰਿਹਾ ਹੈ।

ਸੰਗਰੂਰ ਜ਼ਿਲ੍ਹਾਂ ਵਿੱਚ ਸਭ ਤੋਂ ਵੱਧ 992 ਪੁਲਿਸ ਕਰਮਚਾਰੀ ਅਤੇ 1919 ਵਾਲੰਟੀਅਰ ਤਾਇਨਾਤ ਹਨ। ਇਸ ਤੋਂ ਇਲਾਵਾ ਪਟਿਆਲਾ ਵਿੱਚ 676 ਪੁਲਿਸ ਕਰਮੀ ਅਤੇ 69 ਵਾਲੰਟੀਅਰ, ਬਠਿੰਡਾ ਵਿੱਚ 635 ਪੁਲਿਸ ਮੁਲਾਜ਼ਮ ਅਤੇ 358 ਵਾਲੰਟੀਅਰ, ਮੋਗਾ ਵਿੱਚ 517 ਪੁਲਿਸ ਕਰਮਚਾਰੀ ਅਤੇ 110 ਵਾਲੰਟੀਅਰ, ਜਲੰਧਰ ਦਿਹਾਤੀ ਵਿੱਚ 496 ਪੁਲੀਸ ਬਲ ਅਤੇ 490 ਵਾਲੰਟੀਅਰ, ਬਰਨਾਲਾ ਵਿੱਚ 449 ਪੁਲੀਸ ਵਾਲੇ ਅਤੇ 458 ਵਾਲੰਟੀਅਰ ਸ਼ਾਮਲ ਹਨ। ਬਾਕੀ ਰਹਿੰਦੇ ਵਲੰਟੀਅਰ ਹੋਰ ਜ਼ਿਲ੍ਹਿਆਂ ਵਿੱਚ ਡਿਊਟੀ ਨਿਭਾ ਰਹੇ ਹਨ।