India

ਭਾਰਤ ਵਿੱਚ 1 ਦਿਨ ‘ਚ ਰਿਕਾਰਡ 71 ਮੌਤਾਂ

‘ਦ ਖ਼ਾਲਸ ਬਿਊਰੋ :- ਪਿਛਲੇ 24 ਘੰਟਿਆਂ ਵਿੱਚ 71 ਮੌਤਾਂ ਦੇ ਰਿਕਾਰਡ ਨਾਲ ਦੇਸ਼ ਵਿੱਚ ਕੋਵਿਡ-19 ਕਰਕੇ ਦਮ ਤੋੜਨ ਵਾਲਿਆਂ ਦਾ ਅੰਕੜਾ ਇੱਕ ਹਜ਼ਾਰ ਦੇ ਅੰਕੜੇ ਨੂੰ ਪਾਰ ਪਾਉਂਦਿਆਂ 1008 ਹੋ ਗਿਆ ਹੈ। ਉਧਰ ਮੰਗਲਵਾਰ ਤੋਂ ਹੁਣ ਤੱਕ 1813 ਨਵੇਂ ਕੇਸਾਂ ਨਾਲ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 31,787 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਕੁੱਲ ਗਿਣਤੀ ਵਿੱਚ ਸਰਗਰਮ ਕੋਵਿਡ-19 ਕੇਸਾਂ ਦੀ ਗਿਣਤੀ 22,982 ਹੈ ਜਦੋਂਕਿ ਹੁਣ ਤੱਕ 7797 ਮਰੀਜ਼ ਵਾਇਰਸ ਦੀ ਲਾਗ ਨਾਲ ਲੜਦਿਆਂ ਸਿਹਤਯਾਬ ਹੋ ਚੁੱਕੇ ਹਨ। ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਸਿਹਤਯਾਬ ਹੋਣ ਵਾਲਿਆਂ ਦੀ ਫੀਸਦ 24.52 ਦੇ ਕਰੀਬ ਬਣਦੀ ਹੈ। ਕੁੱਲ ਕੇਸਾਂ ਵਿੱਚ 111 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ।

ਉਧਰ ਖ਼ਬਰ ਏਜੰਸੀ ਪੀਟੀਆਈ ਨੇ ਵੱਖ – ਵੱਖ ਰਾਜਾਂ ਵੱਲੋਂ ਜਾਰੀ ਅੰਕੜਿਆਂ ਦੇ ਅਧਾਰ ’ਤੇ ਪਾਜ਼ੀਟਿਵ ਕੇਸਾਂ ਦੀ ਗਿਣਤੀ 31,621 ਤੇ ਮੌਤਾਂ ਦੀ ਗਿਣਤੀ 1,013 ਦੱਸੀ ਹੈ। ਕੱਲ੍ਹ ਦੀ ਰਿਪੋਰਟ ਮੁਤਾਬਕ 71 ਮੌਤਾਂ ਵਿੱਚ 31 ਮਹਾਰਾਸ਼ਟਰ, 19 ਗੁਜਰਾਤ, 6 ਮੱਧ ਪ੍ਰਦੇਸ਼, ਰਾਜਸਥਾਨ ਤੇ ਉੱਤਰ ਪ੍ਰਦੇਸ਼ ’ਚ 5-5, ਪੱਛਮੀ ਬੰਗਾਲ ’ਚ 2 ਅਤੇ ਜੰਮੂ ਤੇ ਕਸ਼ਮੀਰ, ਪੰਜਾਬ ਤੇ ਤਾਮਿਲ ਨਾਡੂ ’ਚ ਇਕ – ਇਕ ਮੌਤ ਹੋਈ ਹੈ। ਕੁੱਲ 1008 ਮੌਤਾਂ ਵਿੱਚੋਂ 400 ਦੇ ਅੰਕੜੇ ਨਾਲ ਮਹਾਰਾਸ਼ਟਰ ਅਜੇ ਵੀ ਸਿਖਰ ’ਤੇ ਹੈ। ਪਾਜ਼ੀਟਿਵ ਕੇਸਾਂ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ ਵਿੱਚ 9318, ਗੁਜਰਾਤ ’ਚ 3774, ਦਿੱਲੀ ’ਚ 3314, ਮੱਧ ਪ੍ਰਦੇਸ਼ ’ਚ 2561, ਰਾਜਸਥਾਨ ’ਚ 2364, ਉੱਤਰ ਪ੍ਰਦੇਸ਼ ’ਚ 2115 ਤੇ ਤਾਮਿਲ ਨਾਡੂ ਵਿੱਚ 2058 ਕੇਸ ਹਨ।