India

ਭਾਰਤ ‘ਚ ਕੋਰੋਨਾ ਦਾ ਵਧਿਆ ਕਹਿਰ, ਸਭ ਤੋਂ ਪ੍ਰਭਾਵਿਤ ਸੂਬੇ ਨੂੰ ਵੀ ਪਛਾੜਿਆ

‘ਦ ਖ਼ਾਲਸ ਬਿਊਰੋ:- ਕੋਰੋਨਾਵਾਇਰਸ ਕਾਰਨ ਪੰਜਾਬ ਵਿੱਚ ਹੋਈਆਂ 71 ਹੋਰ ਤਾਜ਼ਾ ਮੌਤਾਂ ਕਾਰਨ ਸੂਬੇ ਦੀ ਮੌਤ ਦਰ ਮਹਾਂਮਾਰੀ ਨਾਲ ਸਭ ਤੋਂ ਪ੍ਰਭਾਵਿਤ ਸੂਬੇ ਮਹਾਰਾਸ਼ਟਰ (2.90%) ਨੂੰ ਪਿੱਛੇ ਛੱਡ ਕੇ 2.95% ਹੋ ਗਈ ਹੈ। ਪੰਜਾਬ ਵਿੱਚ ਕੋਰੋਨਾਵਾਇਰਸ ਦੇ ਕੁੱਲ 69,684 ਮਰੀਜ਼ਾਂ ਵਿੱਚੋਂ ਹੁਣ ਤੱਕ 2,061 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਨ੍ਹਾਂ ਵਿੱਚੋਂ ਪ੍ਰਤੀ ਦਿਨ 41.8 ਦੀ ਔਸਤਨ ਨਾਲ 1,165 ਮੌਤਾਂ ਪਹਿਲੀ ਅਗਸਤ ਤੋਂ ਬਾਅਦ ਹੋਈਆਂ ਹਨ।

ਪੰਜਾਬ ਵਿੱਚ ਕੋਰੋਨਾਵਾਇਰਸ ਦੀ ਵਿਗੜਦੀ ਹਾਲਤ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਦੀ ਮਾਹਰਾਂ ਦੀ ਟੀਮ ਸੂਬੇ ਦੇ ਦੌਰੇ ‘ਤੇ ਹੈ। ਇਸ ਟੀਮ ਵਿੱਚ ਪੀਜੀਆਈ ਦੇ ਕਮਿਊਨਿਟੀ ਮੈਡੀਸਨ ਦੇ ਮਾਹਰ ਜੇਐੱਸ ਠਾਕੁਰ ਅਤੇ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦੇ ਨਿਰਦੇਸ਼ਕ ਅਸ਼ੋਕ ਕੁਮਾਰ ਹਨ।

ਇਹ ਟੀਮ ਕੋਰੋਨਾਵਾਇਰਸ ਮਹਾਂਮਾਰੀ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਲੁਧਿਆਣਾ, ਅੰਮ੍ਰਿਤਸਰ, ਪਟਿਆਲਾ, ਜਲੰਧਰ ਅਤੇ ਮੋਹਾਲੀ ਜ਼ਿਲ੍ਹਿਆਂ ਦਾ ਦੌਰਾ ਕਰ ਕੇ ਸਥਿਤੀ ਦਾ ਮੁਆਇਨਾ ਕਰ ਰਹੀ ਹੈ। ਇਨ੍ਹਾਂ ਪੰਜ ਜ਼ਿਲ੍ਹਿਆਂ ਵਿੱਚ ਹੀ ਪੰਜਾਬ ਦੀਆਂ 63% ਮੌਤਾਂ ਦਰਜ ਕੀਤੀਆਂ ਗਈਆਂ ਹਨ।

ਪੰਜਾਬ ਸਰਕਾਰ ਦੇ ਕੋਵਿਡ ਨੋਡਲ ਅਫ਼ਸਰ ਡਾ. ਰਾਜੇਸ਼ ਭਾਸਕਰ ਨੇ ਮੌਤਾਂ ਵਿੱਚ ਹੋਏ ਇਸ ਵਾਧੇ ਲਈ ਮਰੀਜ਼ਾਂ ਦੀਆਂ ਹੋਰ ਬਿਮਾਰੀਆਂ ਅਤੇ ਦੇਰੀ ਨਾਲ ਰਿਪੋਰਟ ਕਰਨ ਨੂੰ ਜ਼ਿੰਮੇਵਾਰ ਦੱਸਿਆ ਹੈ।