India Punjab

ਪੰਜਾਬ ਦੇ ਗੁਰੂ ਘਰਾਂ ‘ਚ ਜਾਣ ‘ਤੇ ਕੋਈ ਪਾਬੰਦੀ ਨਹੀਂ, ਸੰਗਤ ਨੂੰ ਸੈਨੀਟਾਈਜ਼ਰ ਮਿਲਣਗੇ

ਚੰਡੀਗੜ੍ਹ ( ਹਿਨਾ ) ਕਰੋਨਾਵਾਇਰਸ ਤੋਂ ਬਚਾਅ ਵਾਸਤੇ ਸ਼੍ਰੋਮਣੀ ਕਮੇਟੀ ਨੇ ਹੁਣ ਦਰਬਾਰ ਸਾਹਿਬ ਤੋਂ ਬਾਅਦ ਵੱਧ ਸੰਗਤ ਦੀ ਆਮਦ ਵਾਲੇ ਗੁਰੂ ਘਰਾਂ ਵਿਖੇ ਸ਼ਰਧਾਲੂਆਂ ਦੇ ਹੱਥ ਸਾਫ਼ ਕਰਨ ਲਈ ਸੈਨੇਟਾਈਜ਼ਰ ਮੁਹੱਈਆ ਕਰਨ ਦਾ ਫ਼ੈਸਲਾ ਲਿਆ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਇਹ ਉਪਰਾਲਾ ਸ੍ਰੀ ਦਰਬਾਰ ਸਾਹਿਬ ਤੋਂ ਸ਼ੁਰੂ ਕੀਤਾ ਹੈ। SGPC ਵੱਲੋਂ ਕਰੋਨਾਵਾਇਰਸ ਤੋਂ ਬਚਾਅ ਲਈ ਸਰਬੱਤ ਦੇ ਭਲੇ ਵਾਸਤੇ ਭਲਕੇ 17 ਮਾਰਚ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਿਆਂ ਵਿਚ ਅਖੰਡ ਪਾਠ ਸ਼ੁਰੂ ਕੀਤੇ ਜਾਣਗੇ, ਜਿਨ੍ਹਾਂ ਦਾ ਭੋਗ 19 ਮਾਰਚ ਨੂੰ ਪਵੇਗਾ।
ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਵੱਖ ਵੱਖ ਪ੍ਰਵੇਸ਼ ਦੁਆਰਾਂ ’ਤੇ ਹੱਥ ਸਾਫ਼ ਕਰਨ ਵਾਸਤੇ ਸੈਨੇਟਾਈਜ਼ਰ ਅਤੇ ਨੈਪਕਿਨ ਮੁਹੱਈਆ ਕੀਤੇ ਜਾਣ ਮਗਰੋਂ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਅਨੰਦਪੁਰ, ਤਖ਼ਤ ਸ੍ਰੀ ਦਮਦਮਾ ਸਾਹਿਬ ਤੇ ਹੋਰ ਪ੍ਰਮੁੱਖ ਗੁਰਦੁਆਰਿਆਂ ਵਿਚ ਜਿੱਥੇ ਸੰਗਤ ਦੀ ਵਧੇਰੇ ਆਮਦ ਹੈ, ਵਿਖੇ ਵੀ ਸੰਗਤ ਨੂੰ ਹੱਥ ਸਾਫ਼ ਕਰਨ ਲਈ ਸੈਨੇਟਾਈਜ਼ਰ ਮੁਹੱਈਆ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਭਾਵੇਂ ਸੰਗਤ ਦੀ ਵਧੇਰੇ ਆਮਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੈ ਪਰ ਸਾਰੇ ਹੀ ਪ੍ਰਮੁੱਖ ਗੁਰਦੁਆਰਿਆਂ ਵਿਚ ਸੰਗਤ ਵਾਸਤੇ ਸੈਨੇਟਾਈਜ਼ਰ ਦੀ ਸਹੂਲਤ ਮੁਹੱਈਆ ਕੀਤੀ ਜਾਵੇਗੀ।

ਅਜਿਹਾ ਕਰੋਨਾਵਾਇਰਸ ਤੋਂ ਬਚਾਅ ਦੇ ਉਪਰਾਲੇ ਵਜੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੰਗਤ ਨੂੰ ਵਧੇਰੇ ਸਾਵਧਾਨੀ ਅਤੇ ਚੌਕਸੀ ਵਾਸਤੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਇਸ ਬਿਮਾਰੀ ਦੇ ਪ੍ਰਕੋਪ ਤੋਂ ਬਚਾਅ ਵਾਸਤੇ ਗੁਰੂ ਚਰਨਾਂ ਵਿਚ ਅਰਦਾਸ ਲਈ ਸਿੱਖ ਸੰਸਥਾ ਦੇ ਪ੍ਰਬੰਧ ਹੇਠਲੇ ਸਮੂਹ ਗੁਰਦੁਆਰਿਆਂ ਵਿਚ ਭਲਕੇ 17 ਮਾਰਚ ਨੂੰ ਅਖੰਡ ਪਾਠ ਸ਼ੁਰੂ ਕੀਤੇ ਜਾਣਗੇ। ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਇਨ੍ਹਾਂ ਅਖੰਡ ਪਾਠਾਂ ਦੇ ਭੋਗ 19 ਮਾਰਚ ਨੂੰ ਪੈਣਗੇ, ਜਿਸ ਵਿਚ ਮਨੁੱਖਤਾ ਦੀ ਸਲਾਮਤੀ ਲਈ ਅਰਦਾਸ ਕੀਤੀ ਜਾਵੇਗੀ। ਇਸ ਸਬੰਧੀ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਖੰਡ ਪਾਠ ਰੱਖੇ ਜਾਣਗੇ। ਇਸ ਤੋਂ ਬਚਾਅ ਵਾਸਤੇ ਸਮੂਹ ਗੁਰਦੁਆਰਿਆਂ ਦੇ ਮੈਨੇਜਰਾਂ ਨੂੰ ਪ੍ਰਬੰਧਕੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਗੁਰਦੁਆਰਿਆਂ ਵਿਚ ਦਾਖ਼ਲ ਹੋਣ ਸਮੇਂ ਹੱਥ ਧੋਣ ਤੋਂ ਬਾਅਦ ਹੱਥ ਸਾਫ਼ ਕਰਨ ਲਈ ਤੌਲੀਏ ਹਟਾ ਦਿੱਤੇ ਗਏ ਹਨ ਅਤੇ ਇਨ੍ਹਾਂ ਦੀ ਥਾਂ ਨੈਪਕਿਨ ਲਾਜ਼ਮੀ ਰੱਖਣ ਲਈ ਆਖਿਆ ਗਿਆ ਹੈ। ਪ੍ਰਬੰਧਕਾਂ ਨੂੰ ਗੁਰਦੁਆਰਿਆਂ ਵਿਚ ਸਫਾਈ ਦਾ ਧਿਆਨ ਰੱਖਣ ਅਤੇ ਸੈਨੇਟਾਈਜ਼ਰ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਰਾਖਵਾਂ ਵਾਰਡ ਵੀ ਬਣਾਇਆ ਗਿਆ ਹੈ।

ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਕਰੋਨਾਵਾਇਰਸ ਤੋਂ ਬਚਾਅ ਲਈ ਸਾਵਧਾਨੀ ਵਰਤਣ ਲਈ ਵੱਡੇ ਪੋਸਟਰ ਲਾ ਦਿੱਤੇ ਗਏ ਹਨ। ਮੈਨੇਜਰ ਦੇ ਨਾਂ ਹੇਠ ਲਾਏ ਇਨ੍ਹਾਂ ਪੋਸਟਰਾਂ ਵਿਚ ਸੰਗਤ ਨੂੰ ਚੰਗੀ ਤਰ੍ਹਾਂ ਹੱਥ ਧੋ ਕੇ ਅੰਦਰ ਜਾਣ, ਕਿਸੇ ਨਾਲ ਹੱਥ ਨਾ ਮਿਲਾਉਣ ਅਤੇ ਹੱਥ ਧੋਣ ਲਈ ਸੈਨੇਟਾਈਜ਼ਰ ਜਾਂ ਸਾਬਣ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ। ਇਹ ਪੋਸਟਰ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਹਨ।