India

ਪ੍ਰਵਾਸੀ ਮਜ਼ਦੂਰਾਂ ਨੂੰ ਯੂਪੀ ‘ਚ ਦਾਖਲ ਨਹੀਂ ਹੋਣ ਦਿੱਤਾ, ਪੰਜਾਬ ਬਾਰਡਰ ‘ਤੇ ਵਾਪਸ ਛੱਡਿਆ

‘ਦ ਖ਼ਾਲਸ ਬਿਊਰੋ :- ਲਾਕਡਾਊਨ ਕਾਰਨ ਦੇਸ਼ ਭਰ ‘ਚ ਹਰੇਕ ਵਰਗ ਨੂੰ ਮਾਰ ਪੈ ਰਹੀ ਹੈ ਪਰ ਇਸ ਤੋਂ ਪਰਵਾਸੀ ਮਜ਼ਦੂਰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਵੱਲੋਂ ਉਨ੍ਹਾਂ ਦੇ ਪਿੱਤਰੀ ਰਾਜਾਂ ’ਚ ਵਾਪਸ ਭੇਜਣ ਲਈ ਭਾਵੇਂ ਰੇਲ ਗੱਡੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਪਰ ਹਜ਼ਾਰਾਂ ਮਜ਼ਦੂਰ ਪੈਦਲ ਜਾਂ ਸਾਈਕਲਾਂ ’ਤੇ ਹੀ ਆਪਣੇ ਘਰਾਂ ਨੂੰ ਸਵਾਰ ਹੋ ਪਏ ਹਨ।

ਅਜਿਹੇ ਸੌ ਤੋਂ ਵੱਧ ਪਰਵਾਸੀ ਮਜ਼ਦੂਰਾਂ, ਜਿਨ੍ਹਾਂ ਵਿੱਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ, ਨੂੰ ਭਾਰੀ ਖ਼ੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਲੁਧਿਆਣਾ ਤੋਂ ਪੌਣੇ ਦੋ ਸੌ ਕਿਲੋਮੀਟਰ ਪੈਦਲ ਚੱਲ ਕੇ ਸਹਾਰਨਪੁਰ ਬੈਰੀਅਰ ’ਤੇ ਪੁੱਜੇ ਇਨ੍ਹਾਂ ਮਜ਼ਦੂਰਾਂ ਨੂੰ ਹਰਿਆਣਾ ਪੁਲੀਸ ਨੇ ਯੂ.ਪੀ ਵਿੱਚ ਦਾਖ਼ਲ ਨਾ ਹੋਣ ਦਿੱਤਾ ਤੇ ਬੱਸਾਂ ਰਾਹੀਂ ਉਨ੍ਹਾਂ ਨੂੰ ਸ਼ੰਭੂ ਬੈਰੀਅਰ ਰਾਹੀਂ ਵਾਪਸ ਪੰਜਾਬ ਛੱਡ ਦਿੱਤਾ। ਇਸ ’ਤੇ ਮਜ਼ਦੂਰਾਂ ਨੇ ਸ਼ੰਭੂ ਬੈਰੀਅਰ ’ਤੇ ਹੀ ਹਰਿਆਣਾ ਪੁਲੀਸ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।

ਮਗਰੋਂ ਪਟਿਆਲਾ ਪੁਲਿਸ ਨੇ ਉਨ੍ਹਾਂ ਵਿਚੋਂ ਕੁਝ ਨੂੰ ਰਾਜਪੁਰਾ ਖੇਤਰ ’ਚ ਧਾਰਮਿਕ ਸਥਾਨ ’ਚ ਠਹਿਰਾਇਆ ਤੇ ਕੁੱਝ ਲੁਧਿਆਣਾ ਮੁੜ ਪਰਤ ਆਏ ਤੇ ਕਈ ਵਾਪਸ ਹਰਿਆਣਾ ਵੱਲ ਨੂੰ ਹੀ ਖਿਸਕ ਗਏ।

ਇਨ੍ਹਾਂ ਮਜ਼ਦੂਰਾਂ ’ਚ ਸ਼ਾਮਲ ਰਾਏਬਰੇਲੀ ਵਾਸੀ ਸੂਰਜ ਕੁਮਾਰ, ਲਖਨਊ ਵਾਸੀ ਵਨੀਤਾ ਤੇ ਸਰਬਣ, ਔਰੰਗਾਬਾਦ ਵਾਸੀ ਕਮਲਾ, ਬਿੰਦਾ ਆਦਿ ਨੇ ਕਿਹਾ ਕਿ ਹਫ਼ਤਾ ਪਹਿਲਾਂ ਲੁਧਿਆਣਾ ਤੋਂ ਪੈਦਲ ਚੱਲਦਿਆਂ, ਉਹ ਅੱਜ ਸਹਾਰਨਪੁਰ ਨੇੜੇ ਪੁੱਜ ਗਏ ਸਨ ਪਰ ਹਰਿਆਣਾ ਪੁਲੀਸ ਤਿੰਨ ਬੱਸਾਂ ਵਿੱਚ ਬਿਠਾ ਕੇ ਉਨ੍ਹਾਂ ਨੂੰ ਵਾਪਸ ਸ਼ੰਭੂ ਬੈਰੀਅਰ ’ਤੇ ਛੱਡ ਗਈ। ਕਈ ਮਜ਼ਦੂਰਾਂ ਨੇ ਪੈਰਾਂ ’ਚ ਪਏ ਛਾਲੇ ਵੀ ਵਿਖਾਏ। ਸਾਬਕਾ ਸਰਪੰਚ ਹਰੀ ਸਿੰਘ ਢੀਂਡਸਾ ਤੇ ਨਿਰਮਲ ਧਾਲੀਵਾਲ ਨੇ ਮਜ਼ਦੂਰਾਂ ਨੂੰ ਖੱਜਲ ਕਰਨ ਦੀ ਨਿੰਦਾ ਕੀਤੀ ਹੈ।