Punjab

ਪੀ.ਯੂ. ‘ਚ ਲੱਗਣ ਵਾਲੇ ਗੁਰਦਾਸ ਮਾਨ ਦੇ ਅਖਾੜੇ ਦਾ ਵਿਰੋਧ ਸ਼ੁਰੂ, ਵਿਦਿਆਰਥੀ ਹੋਏ ਤੱਤੇ

ਚੰਡੀਗੜ੍ਹ: ਗੁਰਦਾਸ ਮਾਨ ਵੱਲੋਂ ਪੰਜਾਬੀਆਂ ਖਿਲਾਫ਼ ਵਰਤੀ ਮੰਦੀ ਸ਼ਬਦਾਵਲੀ ਕਾਰਨ ਪੰਜਾਬ ਯੂਨੀਵਰਸਿਟੀ ਵਿੱਚ 7 ਮਾਰਚ ਨੂੰ ਲੱਗ ਰਹੇ ਗੁਰਦਾਸ ਮਾਨ ਦੇ ਅਖਾੜੇ ਦਾ ਵਿਦਿਆਰਥੀਆਂ ਨੇ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਹੈ। ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਅੱਜ ਡੀਨ ਵਿਦਿਆਰਥੀ ਭਲਾਈ ਇਮੈਨੁਅਲ ਨਾਹਰ ਨੂੰ ਮੰਗ ਪੱਤਰ ਦਿੰਦਿਆਂ ਗੁਰਦਾਸ ਮਾਨ ਦੇ ਅਖਾੜੇ ਨੂੰ ਦਿੱਤੀ ਪ੍ਰਵਾਨਗੀ ਰੱਦ ਕਰਨ ਲਈ ਕਿਹਾ ਗਿਆ ਹੈ।

ਸੱਥ ਦੀ ਪੀਯੂ ਇਕਾਈ ਦੇ ਮੁੱਖ ਸੇਵਾਦਾਰ ਜੁਝਾਰ ਸਿੰਘ ਨੇ ਕਿਹਾ ਕਿ ਗੁਰਦਾਸ ਮਾਨ ਨੇ ਜਨਤਕ ਸਟੇਜ ਤੋਂ ਪੰਜਾਬੀ ਅਤੇ ਹੋਰ ਭਾਸ਼ਾਵਾਂ ਨੂੰ ਖਤਮ ਕਰਕੇ ਹਿੰਦੀ ਥੋਪਣ ਦੇ ਸੰਘੀ ਏਜੰਡੇ ਦਾ ਸਮਰਥਨ ਕਰਦਿਆਂ ‘ਇਕ ਦੇਸ਼ ਇਕ ਭਾਸ਼ਾ’ ਲਾਗੂ ਕਰਨ ਦੀ ਵਕਾਲਤ ਕੀਤੀ ਸੀ। ਉਹਨਾਂ ਕਿਹਾ ਕਿ ਜਦੋਂ ਪੰਜਾਬੀ ਵਿਰੋਧੀ ਇਸ ਬਿਆਨ ਖਿਲਾਫ ਪੰਜਾਬੀਆਂ ਨੇ ਗੁਰਦਾਸ ਮਾਨ ਦਾ ਵਿਰੋਧ ਕੀਤਾ ਤਾਂ ਉਸਨੇ ਮੁਆਫੀ ਮੰਗਣ ਦੀ ਬਜਾਏ ਜਨਤਕ ਸਟੇਜ ਤੋਂ ਪੰਜਾਬੀਆਂ ਲਈ ਭੱਦੀ ਸ਼ਬਦਾਵਲੀ ਵਰਤੀ।

ਜੁਝਾਰ ਸਿੰਘ ਨੇ ਕਿਹਾ ਕਿ ਪੰਜਾਬੀ ਬੋਲੀ ਅਤੇ ਪੰਜਾਬੀ ਲੋਕਾਂ ਦਾ ਨਿਰਾਦਰ ਕਰਨ ਵਾਲੇ ਗੁਰਦਾਸ ਮਾਨ ਨੂੰ ਪੰਜਾਬ ਯੂਨੀਵਰਸਿਟੀ ਦੀ ਸਟੇਜ ਤੋਂ ਬੋਲਣ ਦਾ ਹੱਕ ਨਹੀਂ ਦੇਣਾ ਚਾਹੀਦਾ। ਉਹਨਾਂ ਕਿਹਾ ਕਿ ਇਸ ਸੰਬੰਧੀ ਉਹਨਾਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਦਿੱਤਾ ਹੈ, ਪਰ ਜੇ ਪੰਜਾਬੀ ਭਾਸ਼ਾ ਵਿਰੋਧੀ ਗੁਰਦਾਸ ਮਾਨ ਦਾ ਪ੍ਰੋਗਰਾਮ ਰੱਦ ਨਹੀਂ ਕੀਤਾ ਜਾਂਦਾ ਤਾਂ ਵਿਦਿਆਰਥੀਆਂ ਵੱਲੋਂ ਇਸ ਖਿਲਾਫ਼ ਜਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਯੂਨੀਵਰਸਿਟੀ ਪ੍ਰਸ਼ਾਸਨ ਦੀ ਹੋਵੇਗੀ।

ਸੱਥ ਦੇ ਬੁਲਾਰੇ ਸੁਖਮਿੰਦਰ ਸਿੰਘ ਨੇ ਕਿਹਾ ਕਿ ਅੱਜ ਜਦੋਂ ਆਰ.ਐੱਸ.ਐੱਸ. ਭਾਰਤ ਸਰਕਾਰ ਨਾਲ ਮਿਲ ਕੇ ਹਿੰਦੂ ਰਾਸ਼ਟਰ ਬਣਾਉਣ ਲਈ ਹਿੰਦੀਕਰਨ ਦੀ ਨੀਤੀ ਲਾਗੂ ਕਰ ਰਹੀ ਹੈ ਤਾਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਇਸ ਫਾਸੀਵਾਦੀ ਨੀਤੀ ਦੇ ਗੁਰਦਾਸ ਮਾਨ ਵਰਗੇ ਸਮਰਥਕਾਂ ਖਿਲਾਫ਼ ਡਟਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਗੁਰਦਾਸ ਮਾਨ ਨੂੰ ਬੁਲਾ ਰਹੀ ਕਾਂਗਰਸ ਦੀ ਵਿਦਿਆਰਥੀ ਇਕਾਈ ਐੱਨ.ਐੱਸ.ਯੂ.ਆਈ. ਇਹ ਸਾਬਤ ਕਰ ਰਹੀ ਹੈ ਕਿ ਕਾਂਗਰਸ ਵੀ ਬੋਲੀਆਂ ਨੂੰ ਖ਼ਤਮ ਕਰਨ ਦੀ ਸੰਘੀ ਨੀਤੀ ਵਿਚ ਬਰਾਬਰ ਦੀ ਭਾਈਵਾਲ ਹੈ।