India Khaas Lekh

ਨੌਦੀਪ ਦੇ ਕਰੀਬੀ ਸ਼ਿਵ ਕੁਮਾਰ ਨੂੰ 52 ਦਿਨਾਂ ਬਾਅਦ ਮਿਲੀ ਜ਼ਮਾਨਤ, ਜੇਲ੍ਹ ਵਿੱਚ ਪੁਲਿਸ ਨੇ ਦਿੱਤੇ ਭਾਰੀ ਤਸੀਹੇ, ਸਦਮੇ ਦੇ ਬਾਵਜੂਦ ਨਹੀਂ ਹੋਇਆ ਇਲਾਜ- ਖ਼ਾਸ ਰਿਪੋਰਟ

’ਦ ਖ਼ਾਲਸ ਬਿਊਰੋ: ਮਜ਼ਦੂਰ ਅਧਿਕਾਰਾਂ ਦੀ ਕਾਰਕੁੰਨ ਨੌਦੀਪ ਕੌਰ ਤੋਂ ਬਾਅਦ ਉਸ ਦੀ ਜਥੇਬੰਦੀ ਦੇ ਪ੍ਰਧਾਨ ਸ਼ਿਵ ਕੁਮਾਰ ਨੂੰ ਵੀ ਜ਼ਮਾਨਤ ਮਿਲ ਗਈ ਹੈ। ਇਨ੍ਹਾਂ ਦੀ ਰਿਹਾਈ ਲਈ ਸੋਸ਼ਲ ਮੀਡੀਆ ਉੱਤੇ ਆਲਮੀ ਪੱਧਰ ’ਤੇ ਮੁਹਿੰਮ ਚਲਾਈ ਗਈ ਸੀ। ਸ਼ਿਵ ਕੁਮਾਰ ਨੂੰ ਕੁਝ ਦਿਨ ਪਹਿਲਾਂ ਹੀ ਰਿਹਾਅ ਕੀਤਾ ਗਿਆ ਹੈ। ਜੇਲ੍ਹ ਵਿੱਚੋਂ ਬਾਹਰ ਆ ਕੇ ਨੌਦੀਪ ਕੌਰ ਅਤੇ ਸ਼ਿਵ ਕੁਮਾਰ ਨੇ ਆਪਣੇ ਨਾਲ ਹੋਏ ਤਸ਼ੱਦਦ ਅਤੇ ਬਦਸਲੂਕੀ ਦੀਆਂ ਕਹਾਣੀਆਂ ਬਿਆਨ ਕੀਤੀਆਂ ਹਨ। ਦੋਵੇਂ ਹੀ ਬੇਕਸੂਰ ਹਨ ਅਤੇ ਸਿਸਟਮ ਦੇ ਸ਼ਿਕਾਰ ਹੋਏ ਹਨ। ਇਹ ਗੱਲ ਜੱਗ ਜ਼ਾਹਰ ਹੈ ਕਿ ਮੌਜੂਦਾ ਸਮੇਂ ਵਿੱਚ ਜੋ ਵੀ ਸਿਸਟਮ ਦੇ ਖ਼ਿਲਾਫ਼ ਆਵਾਜ਼ ਚੁੱਕਦਾ ਹੈ, ਉਸ ਨੂੰ ‘ਸਬਕ’ ਸਿਖਾਉਣ ਲਈ ਜਾਂ ਤਾਂ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਜਾਂ ‘ਟਰੋਲ ਆਰਮੀ’ ਦੇ ਸਹਾਰੇ ਉਨ੍ਹਾਂ ਦਾ ਜੀਣਾ ਮੁਹਾਲ ਕਰ ਦਿੱਤਾ ਜਾਂਦਾ ਹੈ।  

12 ਜਨਵਰੀ ਨੂੰ ਨੌਦੀਪ ਕੌਰ ਨੂੰ ਗ੍ਰਿਫਤਾਰ ਕਰਨ ਦੇ ਚਾਰ ਦਿਨ ਬਾਅਦ 16 ਜਨਵਰੀ ਨੂੰ ਹਰਿਆਣਾ ਦੀ ਪੁਲਿਸ ਵੱਲੋਂ ਸ਼ਿਵ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐਮਸੀਐਚ), ਚੰਡੀਗੜ੍ਹ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸੌਂਪੀ ਗਈ ਡਾਕਟਰੀ ਜਾਂਚ ਰਿਪੋਰਟ ਵਿੱਚ ਸ਼ਿਵ ਕੁਮਾਰ ਨੂੰ ਕਈ ਸੱਟਾਂ ਦਾ ਖ਼ੁਲਾਸਾ ਹੋਇਆ ਸੀ। ਮੈਡੀਕਲ ਰਿਪੋਰਟ ਮੁਤਾਬਕ ਉਸ ਦੇ ਸ਼ਰੀਰ ’ਚ ਦੋ ਫਰੈਕਚਰ ਵੀ ਸਾਹਮਣੇ ਆਏ ਸਨ। ਹੁਣ ਸ਼ਿਵ ਕੁਮਾਰ ਦੀ ਜ਼ਮਾਨਤ ਹੋ ਗਈ ਹੈ। ਇਸ ਦਾ ਕਰੈਡਿਟ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤਾ ਜਾ ਰਿਹਾ ਹੈ। 

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਵਜੀਤ ਸਿੰਘ ਵਿਰਕ ਮੁਤਾਬਕ ਸੋਨੀਪਤ ਸੈਸ਼ਨ ਕੋਰਟ ਨੇ ਲੰਘੇ ਵੀਰਵਾਰ ਨੂੰ ਜ਼ਮਾਨਤ ਦੇਣ ਲਈ ਨਿਰਦੇਸ਼ ਦਿੱਤੇ ਹਨ। ਵਿਰਕ ਨੇ ਦੱਸਿਆ ਕਿ ਸ਼ਿਵ ਕੁਮਾਰ ਵੀ ਸੋਨੀਪਤ ਜੇਲ੍ਹ ਅੰਦਰ ਨਵਦੀਪ ਕੌਰ ਨਾਲ ਝੂਠੇ ਕੇਸ ਵਿੱਚ ਬੰਦ ਸੀ। ਕੁੰਡਲੀ ਪੁਲਿਸ ਨੇ ਉਨ੍ਹਾਂ ਖਿਲਾਫ 12 ਜਨਵਰੀ, 2021 ਨੂੰ ਐਫਆਈਆਰ ਨੰ: 25, ਧਾਰਾ 148, 149, 332, 353, 186, 384, 379-ਬੀ ਅਤੇ 307 ਦੇ ਤਹਿਤ ਕੇਸ ਦਰਜ ਕੀਤਾ ਸੀ। ਇੰਨਾ ਹੀ ਨਹੀਂ, ਸ਼ਿਵ ਕੁਮਾਰ ‘ਤੇ ਪੁਲਿਸ ਦੁਆਰਾ ਥਰਡ ਡਿਗਰੀ ਦੀ ਵਰਤੋਂ ਕਰਨ ਨਾਲ ਉਸ ਦੀ ਹਾਲਤ ਵਿਗੜ ਗਈ ਸੀ। 

‘ਮਜ਼ਦੂਰ ਅਧਿਕਾਰ ਸੰਗਠਨ’ ਦੇ ਪ੍ਰਧਾਨ ਸ਼ਿਵ ਕੁਮਾਰ ਦੀ ਉਮਰ 24 ਸਾਲ ਹੈ ਤੇ ਉਹ ਸੋਨੀਪਤ ਦਾ ਰਹਿਣ ਵਾਲਾ ਹੈ। ਜਦ ਉਹ 10ਵੀਂ ਜਮਾਤ ਵਿੱਚ ਪੜ੍ਹਦਾ ਸੀ ਤਾਂ ਉਸ ਦੀ ਅੱਖ ਵਿੱਚ ਨੁਕਸ ਪੈ ਗਿਆ, ਉਦੋਂ ਤੋਂ ਹੀ ਇੱਕ ਅੱਖ ਖ਼ਰਾਬ ਹੈ। ਉਸ ਦੀ ਮਾਂ ਪਿਛਲੇ 23 ਸਾਲਾਂ ਤੋਂ ਬਿਮਾਰ ਹੈ ਅਤੇ ਮੰਜੇ ’ਤੇ ਹੈ। 

ਸ਼ਿਵ ਕੁਮਾਰ ਨਾਲ ਭਾਰੀ ਤਸ਼ੱਦਦ, ਮੈਡੀਕਲ ਰਿਪੋਰਟ ’ਚ ਖ਼ੁਲਾਸਾ  

‘ਦ ਇੰਡੀਅਨ ਐਕਸਪ੍ਰੈਸ’ ਦੀ ਖ਼ਬਰ ਮੁਤਾਬਕ 19 ਫਰਵਰੀ ਨੂੰ ਅਦਾਲਤ ਨੇ ਐਸਪੀ, ਸੋਨੀਪਤ ਜੇਲ੍ਹ ਨੂੰ ਨਿਰਦੇਸ਼ ਦਿੱਤੇ ਸ਼ਿਵ ਕੁਮਾਰ ਦੀ ਡਾਕਟਰੀ ਜਾਂਚ ਕਰਾਈ ਜਾਵੇ ਕਿਉਂਕਿ ਸ਼ਿਵ ਕੁਮਾਰ ਦੇ ਪਿਤਾ ਰਾਜਬੀਰ ਨੇ ਅਦਾਲਤ ਨੂੰ ਦੱਸਿਆ ਸੀ ਕਿ ਸ਼ਿਵ ਕੁਮਾਰ ਨਾਲ ਪੁਲਿਸ ਵੱਲੋਂ ਤਸ਼ੱਦਦ ਕੀਤਾ ਜਾ ਰਿਹਾ ਸੀ।

ਜੀਐਮਸੀਐਚ ਦੀ ਰਿਪੋਰਟ ਮੁਤਾਬਕ ਕੁਮਾਰ (23) ਦੇ ਸੱਜੇ ਤੇ ਖੱਬੇ ਪੈਰ ‘ਚ ਸੋਜ਼ਿਸ਼ ਅਤੇ ਸੱਟਾਂ ਦੇ ਸਬੂਤ ਮਿਲੇ ਸਨ। ਰਿਪਰੋਟ ਮੁਤਾਬਕ ਉਸ ਦੇ ਸੱਜੇ ਪੈਰ ਦੀ ਤੀਜੀ ਉਂਗਲ ਦੇ ਨਹੁੰ ਟੁੱਟੇ ਹੋਏ ਸਨ ਅਤੇ ਚਮੜੀ ਦਾ ਰੰਗ ਲਾਲ ਹੋ ਗਿਆ ਸੀ ਜੋ ਕਿ ਅੰਦਰੂਨੀ ਸੱਟਾਂ ਵੱਲ ਇਸ਼ਾਰਾ ਕਰਦਾ ਹੈ। ਰਿਪੋਰਟ ਵਿੱਚ ਸਪਸ਼ਟ ਹੋਇਆ ਕਿ ਉਸ ਦੇ ਹੱਥਾਂ-ਪੈਰਾਂ ਦੀਆਂ ਹੱਡੀਆਂ ਟੁੱਟੀਆਂ ਹਨ ਅਤੇ ਉਸ ਦੇ ਨਹੁੰ ਵੀ ਖਿੱਚੇ ਗਏ ਸਨ। ਇਸ ਤੋਂ ਇਲਾਵਾ ਸਦਮੇ ਦੇ ਲੱਛਣ ਵੀ ਸਾਹਮਣੇ ਆਏ। ਸ਼ਿਵ ਕੁਮਾਰ ਦੇ ਸਰੀਰ ਤੇ ਬਹੁਤ ਸਾਰੀਆਂ ਸੱਟਾਂ ਦੇ ਨਿਸ਼ਾਨ ਪਾਣ ਗਏ ਸਨ। 

ਸ਼ਿਵ ਦੇ ਪਿਤਾ ਦਾ ਬਿਆਨ 

ਮੀਡੀਆ ਨਾਲ ਗੱਲਬਾਤ ਦੌਰਾਨ ਸ਼ਿਵ ਕੁਮਾਰ ਦੇ ਪਿਤਾ ਨੇ ਦੱਸਿਆ ਕਿ ਜਦ ਉਹ ਉਸ ਨੂੰ ਮਿਲਣ ਗਏ ਸੀ ਤਾਂ ਉਹ ਇੱਕ ਪੈਰ ਤੋਂ ਲੰਗੜਾ ਕੇ ਚੱਲ ਰਿਹਾ ਸੀ। ਉਹ ਮੁਸ਼ਕਲ ਨਾਲ ਚੱਲ ਪਾ ਰਿਹਾ ਸੀ। ਹਾਲਾਂਕਿ ਪਿਤਾ ਨੇ ਸ਼ਿਵ ਕੁਮਾਰ ਨੂੰ ਦੂਰੋਂ ਦੇਖਿਆ, ਪਰ ਉਸ ਦੇ ਸਾਥੀਆਂ ਨੇ ਦੱਸਿਆ ਕਿ ਉਸ ਦੀ ਹਾਲਤ ਬੇਹੱਦ ਖ਼ਰਾਬ ਸੀ। ਪੈਰਾਂ ਦੇ ਨਹੁੰ ਨੀਲੇ ਹੋਏ ਸਨ। ਉਸ ਦੀਆਂ ਜਾਂਘਾਂ ’ਤੇ ਵੀ ਨੀਲ ਪਏ ਸਨ ਅਤੇ ਪੈਰਾਂ ’ਤੇ ਵੀ ਕਾਫੀ ਸੋਜ਼ਿਸ਼ ਪਈ ਸੀ।

ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਸ਼ਿਵ ਕੁਮਾਰ ਨਾਲ ਗੱਲਬਾਤ ਹੋਈ ਸੀ। ਉਸ ਦੌਰਾਨ ਸ਼ਿਵ ਕੁਮਾਰ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਉਹ ਠੀਕ-ਠਾਕ ਹੈ। ਪੈਸਿਆਂ ਦੀ ਕਮੀ ਹੈ। ਉਸ ਲਈ ਪੈਸੇ ਅਤੇ ਥੋੜੇ ਕੱਪੜੇ ਜੇਲ੍ਹ ਵਿੱਚ ਭੇਜੇ ਜਾਣ। ਪਿਤਾ ਨੇ ਦੱਸਿਆ ਕਿ ਜਦ ਲੋਕਾਂ ਤੋਂ ਸ਼ਿਵ ਦੀ ਹਾਲਤ ਬਾਰੇ ਸੁਣਦੇ ਸੀ ਤਾਂ ਉਨ੍ਹਾਂ ਦਾ ਦਿਲ ਭਰ ਆਉਂਦਾ ਸੀ। ਉਨ੍ਹਾਂ ਦਾ ਜੀਅ ਘਬਰਾਉਣ ਲੱਗ ਪੈਂਦਾ ਸੀ, ਆਪਣੇ ਪੁੱਤਰ ’ਤੇ ਇੰਨਾ ਤਸ਼ੱਦਦ ਉਹ ਸਹਿਣ ਨਹੀਂ ਕਰ ਸਕਦੇ। ਸ਼ਿਵ ਕੁਮਾਰ ਦੀ ਚਿੰਤਾ ਵਿੱਚ ਨਾ ਉਹ ਸੌਂ ਸਕਦੇ ਸੀ ਅਤੇ ਨਾ ਹੀ ਕੁਝ ਖਾ ਸਕਦੇ ਸੀ। 

ਨੌਦੀਪ ਕੌਰ ਨੇ ਵੀ ‘ਪੁਲਿਸ ਤਸ਼ੱਦਦ’ ਦੀ ਕੀਤੀ ਪੁਸ਼ਟੀ 

ਸ਼ਿਵ ਕੁਮਾਰ ਦੇ ਰਿਹਾਅ ਹੋਣ ਤੋਂ ਪਹਿਲਾਂ ਨੌਦੀਪ ਕੌਰ ਨੇ ਵੀ ਮੀਡੀਆ ਨੂੰ ਸ਼ਿਵ ਕੁਮਾਰ ਨਾਲ ਹੋ ਰਹੇ ਤਸ਼ੱਦਦ ਬਾਰੇ ਜਾਣਕਾਰੀ ਦਿੱਤੀ ਸੀ। ਉਸ ਨੇ ਦੱਸਿਆ ਕਿ ਪੁਲਿਸ ਵੱਲੋਂ ਸ਼ਿਵ ਕੁਮਾਰ ਦੇ ਗੁਪਤ ਅੰਗਾਂ ’ਤੇ ਸੱਟਾਂ ਮਾਰੀਆਂ ਗਈਆਂ ਸਨ। ਭੱਦੀਆਂ ਗਾਲ੍ਹਾਂ ਕੱਢੀਆਂ ਗਈਆਂ ਸਨ। ਇੱਥੋਂ ਤਕ ਕਿ ਉਨ੍ਹਾਂ ਦੀ ਜਾਤੀ ਦੇ ਆਧਾਰ ’ਤੇ ਵੀ ਟਿੱਪਣੀਆਂ ਕੀਤੀਆਂ ਗਈਆਂ ਹਨ। ਦੋਵੇਂ ਦਲਿਤ ਭਾਈਚਾਰੇ ਨਾਲ ਸਬੰਧ ਰੱਖਦੇ ਹਨ। 

ਨੌਦੀਪ ਨੇ ਦੱਸਿਆ ਕਿ 12 ਜਨਵਰੀ ਵਾਲੇ ਦਿਨ ਸ਼ਿਵ ਕੁਮਾਰ ਘਟਨਾ ਵਾਲੀ ਥਾਂ ’ਤੇ ਮੌਜੂਦ ਵੀ ਨਹੀਂ ਸੀ। ਪਰ ਪੁਲਿਸ ਨੇ 16 ਜਨਵਰੀ ਨੂੰ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਪਰ 24 ਤਰੀਕ ਨੂੰ ਪੇਸ਼ ਕੀਤਾ ਗਿਆ। ਨੌਦੀਪ ਨੇ ਦਾਅਵਾ ਕੀਤਾ ਹੈ ਕਿ ਇਸ ਦੌਰਾਨ ਪੁਲਿਸ ਵੱਲੋਂ ਸ਼ਿਵ ਕੁਮਾਰ ਨਾਲ 3 ਡਿਗਰੀ ਦਾ ਤਸ਼ੱਦਦ ਕੀਤਾ ਗਿਆ ਸੀ। 

ਨੌਦੀਪ ਨੇ ਦੱਸਿਆ ਕਿ ਸ਼ਿਵ ਕੁਮਾਰ ’ਤੇ ਏਨੇ ਤਸ਼ੱਦਦ ਕੀਤੇ ਗਏ ਹਨ ਕਿ ਉਹ ਸਦਮੇ ਵਿੱਚ ਚਲਾ ਗਿਆ। ਮੈਡੀਕਲ ਰਿਪੋਰਟ ਵਿੱਚ ਵੀ ਇਸ ਦਾ ਖ਼ੁਲਾਸਾ ਹੋਇਆ ਸੀ ਪਰ ਇਸ ਦੇ ਬਾਵਜੂਦ ਉਸ ਦਾ ਇਲਾਜ ਨਹੀਂ ਕਰਵਾਇਆ ਗਿਆ। ਇੱਥੋਂ ਤੱਕ ਕਿ ਅਦਾਲਤ ਦੇ ਆਰਡਰ ਤੋਂ ਬਾਅਦ ਵੀ ਉਸ ਦਾ ਇਲਾਜ ਨਹੀਂ ਕਰਵਾਇਆ ਗਿਆ। 

ਕੀ ਹੈ ਪੂਰਾ ਮਾਮਲਾ 

12 ਜਨਵਰੀ ਨੂੰ ਨੌਦੀਪ ਕੌਰ ਕੁੰਡਲੀ ਉਦਯੋਗਿਕ ਖੇਤਰ ਵਿੱਚ ਆਪਣੇ 20 ਹੋਰ ਸਾਥੀਆਂ ਨਾਲ ਮਜ਼ਦੂਰੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀ ਸੀ। ਇਸੇ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਹੋ ਗਈ। ਇਸਦੇ ਬਾਅਦ ਪੁਲਿਸ ਨੇ ਨੌਦੀਪ ਕੌਰ ਨੂੰ ਕਤਲ, ਜਬਰਨ ਵਸੂਲੀ, ਚੋਰੀ, ਦੰਗੇ ਕਰਨ, ਗੈਰਕਾਨੂੰਨੀ ਇਕੱਠ ਕਰਨ ਆਦਿ ਦੋਸ਼ਾਂ ਦੇ ਤਹਿਤ ਗ੍ਰਿਫ਼ਤਾਰ ਕਰ ਲਿਆ। 

ਪਰਵਾਸੀ ਮਜ਼ਦੂਰਾਂ ਦਾ ਬਕਾਇਆ ਮਿਹਨਤਾਨਾ ਨਾ ਦਿੱਤੇ ਜਾਣ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਨੌਦੀਪ ਖ਼ਿਲਾਫ਼ ਦਰਜ ਵੱਖਰੇ-ਵੱਖਰੇ ਕੇਸਾਂ ਵਿੱਚ ਇਲਜ਼ਾਮ ਸਨ ਕਿ ਉਹ ਤੇ ਉਸ ਦੇ ਸਾਥੀ ਕਥਿਤ ਤੌਰ ‘ਤੇ ਜ਼ਬਰਨ ਪੈਸੇ ਉਗਰਾਹ ਰਹੇ ਸਨ। ਜਦੋਂ ਪੁਲਿਸ ਅਧਿਕਾਰੀਆਂ ਦੀ ਇੱਕ ਟੀਮ ਉਨ੍ਹਾਂ ਦੇ ਵਿਰੋਧ ਪ੍ਰਦਰਸ਼ਨ ਵਾਲੀ ਥਾਂ ਪਹੁੰਚੀ ਤਾਂ ਸ਼ਾਂਤੀਮਈ ਪ੍ਰਦਰਸ਼ਨ ਕਰ ਰਹੇ ਮਜ਼ਦੂਰਾਂ ’ਤੇ ਲਾਠੀਚਾਰਜ ਕਰ ਦਿੱਤਾ ਗਿਆ। 

ਇੱਥੇ ਨੌਦੀਪ ਸਣੇ ਮਹਿਲਾ ਮਜ਼ਦੂਰਾਂ ਨਾਲ ਪੁਲਿਸ ਨੇ ਬਦਸਲੂਕੀ ਕੀਤੀ, ਜਿਸ ਦੇ ਜਵਾਬ ਵਿੱਚ ਕੁਝ ਮਜ਼ਦੂਰਾਂ ਨੇ ਪੁਲਿਸ ਨਾਲ ਝੜਪ ਕੀਤੀ। ਉਹ ਮਹਿਲਾਵਾਂ ਨੂੰ ਸੁਰੱਖਿਅਤ ਕਰਨਾ ਚਾਹੁੰਦੇ ਸਨ। ਪਰ ਇਸ ਦੌਰਾਨ ਮਾਹੌਲ ਵਿਗੜ ਗਿਆ ਸੀ। ਨੌਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਇਸ ਦੇ 4 ਦਿਨ ਮਗਰੋਂ ਉਨ੍ਹਾਂ ਦੀ ਜਥੇਬੰਦੀ ਦੇ ਪ੍ਰਧਾਨ ਸ਼ਿਵ ਕੁਮਾਰ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ, ਜੋ ਘਟਨਾ ਦੌਰਾਨ ਮੌਕੇ ’ਤੇ ਮੌਜੂਦ ਵੀ ਨਹੀਂ ਸੀ। ਫਿਲਹਾਲ ਦੋਵਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ।