International

ਦੁਨੀਆ ਭਰ ਵਿੱਚ 43 ਫੀਸਦੀ ਸਕੂਲਾਂ ਦੇ ਬੱਚਿਆਂ ਨੂੰ ਹੱਥ ਧੋਣ ਲਈ ਪਾਣੀ ਵੀ ਨਹੀਂ ਮਿਲਦਾ- WHO

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਦੁਨੀਆ ਭਰ ਦੇ ਸਕੂਲ ਦੁਬਾਰਾ ਖੁੱਲ੍ਹਣ ਲਈ ਜਿੱਥੇ ਸੰਘਰਸ਼ ਕਰ ਰਹੇ ਹਨ, ਉੱਥੇ ਹੀ  WHO/UNICEF ਦੇ ਸੰਯੁਕਤ ਨਿਗਰਾਨੀ ਪ੍ਰੋਗਰਾਮ (JMP) ਦੇ ਤਾਜ਼ਾ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਵਿਸ਼ਵ ਭਰ ਦੇ 43 ਪ੍ਰਤੀਸ਼ਤ ਸਕੂਲਾਂ ਵਿੱਚ ਬੱਚਿਆਂ ਲਈ ਹੱਥ ਧੋਣ ਲਈ ਪਾਣੀ ਦੀ ਮੁੱਢਲੀ ਸਹੂਲਤ ਦੀ ਘਾਟ ਹੈ।

UNICEF ਦੇ ਕਾਰਜਕਾਰੀ ਡਾਇਰੈਕਟਰ ਹੈਨਰੀਏਟਾ ਫੋਰ ਨੇ ਕਿਹਾ ਕਿ, “ਕੋਵੀਡ -19 ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਵਿਸ਼ਵ-ਵਿਆਪੀ ਸਕੂਲ ਬੰਦ ਹੋਣ ਨਾਲ ਬੱਚਿਆਂ ਦੀ ਸਿੱਖਿਆ ਅੱਗੇ ਇੱਕ ਵੱਡੀ ਚੁਣੌਤੀ ਆਈ ਹੈ। ਇਸ ਲਈ ਸਾਨੂੰ ਬੱਚਿਆਂ ਦੀ ਸਿੱਖਿਆ ਨੂੰ ਪਹਿਲ ਦੇਣੀ ਚਾਹੀਦੀ ਹੈ। ਇਸ ਲਈ ਹੱਥਾਂ ਦੀ ਸਫਾਈ, ਸਾਫ ਪੀਣ ਵਾਲਾ ਪਾਣੀ ਅਤੇ ਕੋਰੋਨਾਵਾਇਰਸ ਤੋਂ ਸਾਵਧਾਨੀਆਂ ਦੇ ਪ੍ਰਬੰਧ ਤੋਂ ਬਾਅਦ ਹੀ ਦੁਬਾਰਾ ਸਕੂਲ ਖੋਲ੍ਹੇ ਜਾਣਗੇ।”

ਰਿਪੋਰਟ ਅਨੁਸਾਰ ਲਗਭਗ 818 ਮਿਲੀਅਨ ਸਕੂਲਾਂ ਵਿੱਚ ਬੱਚਿਆਂ ਦੇ ਹੱਥ ਧੋਣ ਦੀਆਂ ਮੁੱਢਲੀਆਂ ਸਹੂਲਤਾਂ ਦੀ ਘਾਟ ਹੈ, ਜਿਸ ਕਾਰਨ ਉਹਨਾਂ ਨੂੰ ਕੋਵਿਡ-19 ਅਤੇ ਹੋਰ ਸੰਕਰਮਿਤ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਾਰ ਸਕੂਲ ਅਫਰੀਕਾ ਦੇ ਹਨ।

WHO ਦੇ ਡਾਇਰੈਕਟਰ ਜਨਰਲ ਡਾ. ਟੇਡਰੋਸ ਅਡਾਨੋਮ ਗੈਬਰੇਅਸਿਸ ਨੇ ਕਿਹਾ ਕਿ, “ਸਕੂਲਾਂ ਸਮੇਤ ਸਾਰੇ ਅਦਾਰਿਆਂ ਵਿੱਚ ਕੋਰੋਨਾਵਾਇਰਸ ਦੀ ਰੋਕਥਾਮ ਲਈ ਪਾਣੀ, ਸੈਨੀਟੇਸ਼ਨ ਅਤੇ ਸਫਾਈ ਸੇਵਾਵਾਂ ਤੱਕ ਪਹੁੰਚ ਜ਼ਰੂਰ ਬਣਾਈ ਜਾਵੇਗੀ।”