India Khaas Lekh Punjab

ਦਲੇਰ ਪੱਤਰਕਾਰ ਮਨਦੀਪ ਪੁਨੀਆ ਨੇ ਤਿਹਾੜ ਜੇਲ੍ਹ ਵਿੱਚ ਬੰਦ ਕਿਸਾਨਾਂ ਦਾ ਸੁਣਾਇਆ ਹਾਲ, ਪੜ੍ਹੋ ਖ਼ਾਸ ਰਿਪੋਰਟ

’ਦ ਖ਼ਾਲਸ ਬਿਊਰੋ: ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਨੂੰ ਸੰਘਰਸ਼ ਕਰਦਿਆਂ ਦੋ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਸਰਕਾਰ ਵੱਲੋਂ ਹਾਲੇ ਤਕ ਇਸ ਮਸਲੇ ਦਾ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ। ਕਿਸਾਨਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਦਾ ਦੌਰ ਵੀ ਫਿਲਹਾਲ ਬੰਦ ਹੈ। ਹੁਣ ਇਹ ਅੰਦੋਲਨ ਸਿਰਫ ਕਿਸਾਨਾਂ ਦੇ ਮੁੱਦੇ ਤਕ ਸੀਮਤ ਨਹੀਂ ਰਿਹਾ, ਇਸ ਵਿੱਚ ਬਹੁਤ ਸਾਰੇ ਨਵੇਂ ਮੁੱਦੇ ਜੁੜ ਗਏ ਹਨ। ਦਿੱਲੀ ਪੁਲਿਸ ਵੱਲੋਂ ਲਗਾਤਾਰ ਕਿਸਾਨਾਂ ’ਤੇ ਕੀਤੇ ਜਾ ਰਹੇ ਤਸ਼ੱਦਦ ਅਤੇ ਕੇਂਦਰ ਸਰਕਾਰ ਵੱਲੋਂ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਦੁਨੀਆ ਭਰ ਵਿੱਚ ਚਰਚਾ ਹੋ ਰਹੀ ਹੈ। 

ਇਸ ਦੇ ਨਾਲ ਹੀ ਪੱਤਰਕਾਰਾਂ ਦੇ ਅਧਿਕਾਰਾਂ ਦਾ ਮੁੱਦਾ ਵੀ ਭਖਿਆ ਹੈ। ਦਿੱਲੀ ਪੁਲਿਸ ਨੇ ਵੱਖ-ਵੱਖ ਧਾਰਾਵਾਂ ਲਾ ਕੇ ਸੁਤੰਤਰ ਪੱਤਰਕਾਰ ਮਨਦੀਪ ਪੁਨੀਆ ਨੂੰ ਗ੍ਰਿਫ਼ਤਾਰ ਕਰਕੇ ਤਿਹਾੜ ਜੇਲ੍ਹ ਭੇਜ ਦਿੱਤਾ ਸੀ, ਜਿਸ ਦੀ ਸੇਸ਼ਲ ਮੀਡੀਆ ’ਤੇ ਕਾਫੀ ਚਰਚਾ ਹੋਈ ਸੀ। ਫਿਲਹਾਲ ਪੁਨੀਆ ਨੂੰ ਜ਼ਮਾਨਤ ਮਿਲ ਗਈ ਹੈ। ਰੋਹਿਣੀ ਕੋਰਟ ਨੇ ਮਨਦੀਪ ਨੂੰ 25 ਹਜ਼ਾਰ ਰੁਪਏ ਦੇ ਮੁੱਚਲਕੇ ’ਤੇ ਜ਼ਮਾਨਤ ਦਿੱਤੀ ਗਈ ਹੈ। ਪੁਨੀਆ ਨੇ ਨਾਲ ਪੁਲਿਸ ਨੇ ਧਰਮੇਂਦਰ ਨਾਂ ਦੇ ਇੱਕ ਹੋਰ ਪੱਤਰਕਾਰ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ, ਪਰ ਉਸ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ ਸੀ। ਮਨਦੀਪ ਪੁਨੀਆ ਵੱਖ-ਵੱਖ ਆਨਲਾਈਨ ਮੀਡੀਆ ਨਾਲ ਜੁੜਿਆ ਹੋਇਆ ਹੈ ਅਤੇ ਸੁਤੰਤਰ ਤੌਰ ’ਤੇ ਰਿਪੋਰਟਿੰਗ ਕਰਦਾ ਹੈ।

ਪੁਲਿਸ ਨੇ ਪੁਨੀਆ ਨੂੰ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕਰਵਾਈ ਗਈ ਐਫਆਈਆਰ ਦੇ ਅਧਾਰ ‘ਤੇ ਗ੍ਰਿਫਤਾਰ ਕੀਤਾ ਸੀ, ਜਿਸ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 186, 353 ਅਤੇ 332 ਸ਼ਾਮਲ ਸਨ। ਜੇਲ੍ਹ ਵਿੱਚੋਂ ਬਾਹਰ ਆਉਣ ਮਗਰੋਂ ਪੁਨੀਆ ਨੇ ਦਿੱਲੀ ਪੁਲਿਸ ਦੀ ਕਾਰਵਾਈ ਬਾਰੇ ਕਾਫੀ ਜਾਣਕਾਰੀ ਸਾਂਝੀ ਕੀਤੀ ਹੈ। ਉਸ ਨੇ ਦੱਸਿਆ ਕਿਵੇਂ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਜੇਲ੍ਹਾਂ ਅੰਦਰ ਬੰਦ ਕੀਤਾ ਹੈ ਅਤੇ ਉਨ੍ਹਾਂ ਨਾਲ ਤਸ਼ੱਦਦ ਕੀਤੇ ਜਾ ਰਹੇ ਹਨ।

ਕਿਉਂ ਹੋਈ ਸੀ ਮਨਦੀਪ ਪੁਨੀਆ ਦੀ ਗ੍ਰਿਫ਼ਤਾਰੀ 

ਦਿੱਲੀ ਪੁਲਿਸ ਨੇ ਮਨਦੀਪ ਪੁਨੀਆ ਅਤੇ ਧਰਮੇਂਦਰ ਨੂੰ ਸਿੰਘੂ ਬਾਰਡਰ ਵਿਖੇ ਹੋਏ ਕਿਸਾਨ ਪ੍ਰਦਰਸ਼ਨਾਂ ਦੇ ਸਥਾਨ ਤੋਂ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਦੋਵਾਂ ਪੱਤਰਕਾਰਾਂ ਨੂੰ ਉਸ ਵੇਲੇ ਹਿਰਾਸਤ ਵਿੱਚ ਲਿਆ ਸੀ ਜਦੋਂ ਦੋਵੇਂ ਸਿੰਘੂ ਬਾਰਡਰ ’ਤੇ ਖ਼ਬਰਾਂ ਦੀ ਕਵਰੇਜ ਕਰ ਰਹੇ ਸਨ। ਉਸ ਸਮੇਂ ਦੋਵੇਂ ਪੱਤਰਕਾਰ ਬੰਦ ਸੜਕ ਅਤੇ ਬੈਰੀਕੇਡਾਂ ਵੱਲ ਵਧ ਰਹੇ ਸਨ।

ਪਹਿਲਾਂ ਦਿੱਲੀ ਪੁਲਿਸ ਦਾ ਕਹਿਣਾ ਸੀ ਕਿ ਪੁਨੀਆ ਪੁਲਿਸ ਨਾਲ ਬਦਸਲੂਕੀ ਕਰ ਰਿਹਾ ਸੀ ਅਤੇ ਉਨ੍ਹਾਂ ਦੀ ਕਾਰਵਾਈ ਵਿੱਚ ਦਖ਼ਲਅੰਦਾਜ਼ੀ ਕਰ ਰਿਹਾ ਸੀ। ਪਰ ਬਾਅਦ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਸਾਫ਼ ਨਜ਼ਰ ਆ ਰਿਹਾ ਸੀ ਕਿ ਕਿਵੇਂ ਪੁਲਿਸ ਉਸ ਨੂੰ ਧੂਹ-ਧੂਹ ਕੇ ਲਿਜਾ ਰਹੀ ਹੈ। ਇਸ ਮਗਰੋਂ ਪੁਨੀਆ ਦੀ ਰਿਹਾਈ ਲਈ ਸੋਸ਼ਲ ਮੀਡੀਆ ’ਤੇ ਮੁਹਿੰਮ ਛਿੜ ਗਈ। 

ਆਪਣੀ ਰਿਹਾਈ ਤੋਂ ਬਾਅਦ ਪੁਨੀਆ ਨੇ ਬਹੁਤ ਸਾਰੇ ਖ਼ਬਰੀਆ ਚੈਨਲਾਂ ਅਤੇ ਸੁਤੰਤਰ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਹੈ। ਐਨਡੀਟੀਵੀ ਨਾਲ ਗੱਲਬਾਤ ਦੌਰਾਨ ਪੁਨੀਆ ਨੇ ਦੱਸਿਆ ਕਿ ਉਸ ਨੇ ਆਪਣੇ ਫੇਸਬੁੱਕ ਪੇਜ ਤੋਂ ਸਿੰਘੂ ਬਾਰਡਰ ‘ਤੇ ਕਿਸਾਨਾਂ ‘ਤੇ ਪਥਰਾਅ ਕਰ ਵਾਲੇ ਲੋਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 

ਉਸ ਨੇ ਕਿਹਾ, ‘ਮੈਂ ਬੈਰੀਕੇਡ ਦੇ ਕੋਲ ਖੜ੍ਹਾ ਸੀ ਅਤੇ ਰਿਪੋਰਟ ਕਰ ਰਿਹਾ ਸੀ। ਉੱਥੇ ਕੁਝ ਪ੍ਰਵਾਸੀ ਮਜ਼ਦੂਰ ਸਨ ਜੋ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਿਸ ਵਾਲੇ ਉਨ੍ਹਾਂ ਨਾਲ ਲਗਾਤਾਰ ਗਾਲ੍ਹਾਂ ਕੱਢ ਰਹੇ ਸਨ। ਪੁਲਿਸ ਵਾਲਿਆਂ ਨੇ ਪਹਿਲਾਂ ਪੱਤਰਕਾਰ ਧਰਮਿੰਦਰ ਨੂੰ ਖਿੱਚਿਆ। ਜਦੋਂ ਮੈਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਰਿਹਾ ਮਨਦੀਪ ਪੁਨੀਆ, ਇਸ ਨੂੰ ਵੀ ਖਿੱਚ ਲਓ। ਉਨ੍ਹਾਂ ਨੇ ਮੈਨੂੰ ਵੀ ਖਿੱਚ ਲਿਆ ਅਤੇ ਡਾਂਗਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।’

ਕਿਸਾਨਾਂ ’ਤੇ ਪਥਰਾਅ ਕਰਨ ਵਾਲਿਆਂ ਦੀ ਖੋਲ੍ਹੀ ਸੀ ਪੋਲ 

ਪੂਨੀਆ ਨੇ ਕਿਹਾ, ‘ਮੈਂ ਸਿੰਘੂੰ ਬਾਰਡਰ ‘ਤੇ ਸੀ, ਪੁਲਿਸ ਵਾਲਿਆਂ ਦੇ ਬਿਆਨ ਲੈ ਰਿਹਾ ਸੀ। ਮੈਂ ਉੱਥੇ ਜੋ ਪੁਲਿਸ ਮੁਲਾਜ਼ਮ ਸਨ ਉਨ੍ਹਾਂ ਨਾਲ ਵੀ ਗੱਲਬਾਤ ਕੀਤੀ ਸੀ। ਕਿਸਾਨਾਂ ‘ਤੇ ਜੋ ਪੱਥਰਬਾਜ਼ੀ ਹੋਈ ਸੀ ਉਸ ਦੀ ਰਿਪੋਰਟ ਤਿਆਰ ਕਰ ਰਿਹਾ ਸੀ। ਮੈਂ ਉਸ ਵੇਲੇ ਵੀਡੀਓ ਵੀ ਬਣਾਈ ਸੀ ਤੇ ਜਿਹੜੇ ਲੋਕ ਪੱਥਰ ਸੁੱਟ ਰਹੇ ਸਨ ਉਨ੍ਹਾਂ ਨੂੰ ਮੈਂ ਫੇਸਬੁੱਕ ਅਤੇ ਆਪਣੇ ਸਥਾਨਕ ਸੂਤਰਾਂ ਤੋਂ ਲੱਭ ਲਿਆ ਸੀ। ਮੈਂ ਇੱਕ ਵੀਡੀਓ ਵੀ ਜਾਰੀ ਕੀਤਾ ਸੀ ਜਿਸ ਵਿੱਚ ਦੱਸਿਆ ਸੀ ਕਿ ਉਹ ਬੀਜੇਪੀ ਵਰਕਰ ਸਨ। ਉਨ੍ਹਾਂ ਵਿੱਚੋਂ 5 ਤਾਂ ਅਹੁਦੇਦਾਰ ਵੀ ਸਨ। 

ਪੁਲਿਸ ਨੇ ਕੀਤੀ ਕੁੱਟਮਾਰ 

ਪੁਨੀਆ ਮੁਤਾਬਕ, ‘ਪੁਲਿਸ ਵਾਲੇ ਕਹਿ ਰਹੇ ਸਨ ਕਿ ਇਸ ਨੂੰ ਤਾਂ ਅਸੀਂ ਰਿਪੋਰਟ ਕਰਵਾਵਾਂਗੇ। ਕਈ ਦਿਨਾਂ ਤੋਂ ਉਛਲ ਰਿਹਾ ਹੈ। ਕੁੱਟ-ਕੁੱਟ ਕੇ ਇਸ ਨੂੰ ਇੱਕ ਵੱਡਾ ਰਿਪੋਰਟਰ ਬਣਾਵਾਂਗੇ। ਫਿਰ ਮੈਨੂੰ ਤੰਬੂ ਵਿੱਚ ਲੈ ਗਏ ਅਤੇ ਉੱਥੇ ਵੀ ਕੁੱਟਿਆ। ਮੇਰਾ ਕੈਮਰਾ ਅਤੇ ਫੋਨ ਤੋੜ ਦਿੱਤਾ। ਉਸ ਤੋਂ ਬਾਅਦ ਮੈਨੂੰ ਚਿੱਟੀ ਸਕਾਰਪੀਓ ਵਿੱਚ ਬਿਠਾ ਕੇ ਵੱਖ-ਵੱਖ ਥਾਣਿਆਂ ਵਿੱਚ ਘੁਮਾਉਣਾ ਸ਼ੁਰੂ ਕਰ ਦਿੱਤਾ। ਫਿਰ ਰਾਤ ਨੂੰ ਦੋ ਵਜੇ ਮੈਡੀਕਲ ਲਈ ਲੈ ਗਏ। ਉੱਥੇ ਵੀ ਡਾਕਟਰ ਨੂੰ ਵਾਰ-ਵਾਰ ਬੋਲ ਰਹੇ ਸਨ ਕਿ ਇਹ ਸਟਾਫ ਦਾ ਮਾਮਲਾ ਹੈ, ਤੁਸੀਂ ਦੇਖ ਲਵੋ।’

‘ਪਰ ਡਾਕਟਰ ਨੇ ਸ਼ਾਇਦ ਵੀਡੀਓ ਦੇਖੀ ਹੋਵੇਗੀ। ਉਨ੍ਹਾਂ ਨੇ ਪੁਲਿਸ ਵਾਲਿਆਂ ਨੂੰ ਕਿਹਾ ਕਿ ਤੁਸੀਂ ਪਿੱਛੇ ਹਟ ਜਾਓ। ਮੈਂ ਇਸ ਦਾ ਪੂਰਾ ਮੈਡੀਕਲ ਕਰੂੰਗਾ। ਮੈਂ ਡਾਕਟਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਸਾਰੇ ਮੈਡੀਕਲ ਤੋਂ ਬਾਅਦ ਮੈਨੂੰ ਬਾਅਦ ਦੁਪਹਿਰ ਸਾਢੇ 3 ਵਜੇ ਸਮਾਈਪੁਰ ਬੀਦਲੀ ਹਵਾਲਾਤ ਵਿੱਚ ਬੰਦ ਕਰ ਦਿੱਤਾ ਗਿਆ।’

ਜੇਲ੍ਹ ਵਿੱਚ ਸਰੀਰ ’ਤੇ ਲਿਖੇ ਕਿਸਾਨਾਂ ਦੇ ਬਿਆਨ

ਮਨਦੀਪ ਪੁਨੀਆ ਨੇ ਕਿਹਾ ਕਿ ਜੇਲ੍ਹ ਵਿੱਚ ਉਸ ਨਾਲ ਚੰਗਾ ਵਿਵਹਾਰ ਕੀਤਾ ਗਿਆ। ਜਿਸ ਵਾਰਡ ਵਿੱਚ ਉਸ ਨੂੰ ਰੱਖਿਆ ਗਿਆ ਸੀ, ਉੱਥੇ ਕਿਸਾਨ ਵੀ ਸਨ। ਉਨ੍ਹਾਂ ਨੇ ਪੁਨੀਆ ਨੂੰ ਆਪਣੀਆਂ ਕਹਾਣੀਆਂ ਸੁਣਾਈਆਂ ਅਤੇ ਸੱਟਾਂ ਦੇ ਨਿਸ਼ਾਨ ਵੀ ਦਿਖਾਏ। ਫਿਰ ਉਸ ਨੇ ਪੀੜਤਾਂ ਦੇ ਬਿਆਨ ਲੈਣੇ ਸ਼ੁਰੂ ਕਰ ਦਿੱਤੇ। ਪੁਨੀਆ ਨੇ ਆਪਣੀ ਰਿਪੋਰਟ ਲਈ ਕਿਸੇ ਤਰ੍ਹਾਂ ਪੈੱਨ ਦਾ ਇੰਤਜ਼ਾਮ ਕੀਤਾ ਅਤੇ ਆਪਣੇ ਸਰੀਰ ‘ਤੇ ਹੀ ਕਿਸਾਨਾਂ ਦੇ ਬਿਆਨ ਲਿਖੇ। 

ਪੁਨੀਆ ਨੇ ਦੱਸਿਆ ਕਿ ਉੱਥੇ ਮੌਜੂਦ ਕਿਸਾਨ ਮਜ਼ਬੂਤ ​​ਸਨ, ਪਰ ਉਨ੍ਹਾਂ ਦੀਆਂ ਚਿੰਤਾਵਾਂ ਸਨ ਕਿ ਉਨ੍ਹਾਂ ‘ਤੇ ਕਿਹੜੀਆਂ ਧਾਰਾਵਾਂ ਲਗਾਈਆਂ ਗਈਆਂ ਹਨ। ਤਿਹਾੜ ਜੇਲ੍ਹ ਵਿੱਚ ਬੰਦ ਕਿਸਾਨਾਂ ਨੂੰ ਇਹ ਤਕ ਨਹੀਂ ਪਤਾ ਕਿ ਉਨ੍ਹਾਂ ਨੂੰ ਆਖ਼ਰ ਇੱਥੇ ਕੈਦ ਕਿਉਂ ਕੀਤਾ ਗਿਆ ਹੈ। ਫਿਰ ਵੀ ਉਨਾਂ ਦੇ ਹੌਂਸਲੇ ਬੁਲੰਦ ਹਨ। ਕਿਸਾਨਾਂ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਕਾਲੇਪਾਣੀ ਵੀ ਭੇਜ ਦਿੱਤਾ ਜਾਵੇ, ਤਿੰਨਾਂ ਕਾਨੂੰਨਾਂ ਦੇ ਵਾਪਸ ਹੋਣ ਤੱਕ ਉਹ ਪਿੱਛੇ ਨਹੀਂ ਹਟਣਗੇ।

ਜੇਲ੍ਹ ’ਚ ਬੰਦ ਕਿਸਾਨਾਂ ਨੇ ਕੀ ਕਿਹਾ 

ਪੁਨੀਆ ਮੁਤਾਬਕ ਜੇਲ੍ਹ ਵਿੱਚ ਉਸ ਨਾਲ ਮੌਜੂਦ ਰਹੇ ਪੰਜਾਬ ਦੇ ਪਿੰਡ ਪੇਰੋਂ ਦੇ ਇੱਕ 43 ਸਾਲਾ ਕਿਸਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਸ਼ਾਇਦ ਸੱਤਾਧਾਰੀ ਸਾਡੇ ਇਤਿਹਾਸ ਨੂੰ ਨਹੀਂ ਜਾਣਦੇ। ਸਾਡਾ ਇਤਿਹਾਸ ਹੀ ਲੜਨ ਦਾ ਰਿਹਾ ਹੈ ਅਤੇ ਅਸੀਂ ਵੱਖ-ਵੱਖ ਦੌਰ ਵਿੱਚ ਸੰਘਰਸ਼ ਕੀਤਾ ਹੈ। ਕਿਸਾਨਾਂ ਨੇ ਪੁਨੀਆ ਨੂੰ ਦੁੱਲਾ ਭੱਟੀ, ਬਾਬਾ ਬੰਦਾ ਬਹਾਦਰ ਸਿੰਘ ਦੇ ਨਾਂ ਗਿਣਾਏ, ਜਿਨ੍ਹਾਂ ਨੇ ਕਿਸਾਨਾਂ ਲਈ ਸੰਘਰਸ਼ ਕੀਤਾ। 

ਜਸਮਿੰਦਰ ਨੇ ਪੁਨੀਆ ਨੂੰ ਦੱਸਿਆ ਕਿ ਉਹ ਦਿੱਲੀ ਦੀ ਸਿੰਘੂ ਸਰਹੱਦ ਨੇੜੇ ਨਰੇਲਾ ਤੋਂ ਵਾਪਸ ਆ ਰਹੇ ਸੀ। ਉਹ ਨਰੇਲਾ ਤੋਂ ਸਬਜ਼ੀਆਂ ਅਤੇ ਹੋਰ ਸਮਾਨ ਖਰੀਦਣ ਗਏ ਸਨ। ਜਦੋਂ ਉਹ ਵਾਪਸ ਆ ਰਹੇ ਸਨ ਤਾਂ ਪੁਲਿਸ ਨੇ ਉਨ੍ਹਾਂ ਉੱਤੇ ਡੰਡਿਆਂ ਨਾਲ ਹਮਲਾ ਕੀਤਾ। ਫਿਰ ਸਾਰੇ ਕਿਸਾਨਾਂ ਨੂੰ ਹਰੇ ਰੰਗ ਦੀ ਬੱਸ ਵਿੱਚ ਬਿਠਾ ਲਿਆ, ਉਨ੍ਹਾਂ ਦਾ ਮੈਡੀਕਲ ਕਰਾਇਆ ਅਤੇ ਫਿਰ ਤਿਹਾੜ ਜੇਲ੍ਹ ਵਿੱਚ ਬੰਦ ਕਰ ਦਿੱਤਾ।

ਟੋਹਾਣਾ ਤਹਿਸੀਲ ਦੇ ਪਿੰਡ ਹਿੰਮਤਪੁਰਾ ਦਾ 47 ਸਾਲਾ ਮਲਕੀਤ ਸਿੰਘ ਵੀ ਉਨ੍ਹਾਂ ਕਿਸਾਨਾਂ ਵਿੱਚ ਸ਼ਾਮਲ ਸੀ। ਮਲਕੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਜੇਲ੍ਹ ਵਿੱਚ ਕੋਈ ਡਰ ਨਹੀਂ, ਬੱਸ ਚਿੰਤਾ ਹੈ। ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਭਾਰਤ ਦੀਆਂ ਕਿਹੜੀਆਂ ਧਾਰਾਵਾਂ ਦੇ ਤਹਿਤ ਉਨ੍ਹਾਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ। ਕਈਆਂ ਨੇ ਗ੍ਰਿਫ਼ਤਾਰੀ ਮਗਰੋਂ ਵਕੀਲ ਨਾਲ ਮੁਲਾਕਾਤ ਵੀ ਨਹੀਂ ਕੀਤੀ।

ਪੁਨੀਆ ਨੇ ਦੱਸਿਆ ਕਿ ਇਹ ਦੋਵੇਂ ਕਿਸਾਨ ਉਨ੍ਹਾਂ 120 ਵਿਅਕਤੀਆਂ ਵਿੱਚੋਂ ਹਨ, ਜਿਨ੍ਹਾਂ ਨੂੰ ਪੁਲਿਸ ਨੇ 13 ਐਫਆਈਆਰ ਦੀਆਂ ਰਿਪੋਰਟਾਂ ਦੇ ਤਹਿਤ 26 ਜਨਵਰੀ ਵਾਲੇ ਦਿਨ ਤੋਂ ਗ੍ਰਿਫ਼ਤਾਰ ਕੀਤਾ ਹੋਇਆ ਹੈ। ਉਸ ਦਿਨ ਅੰਦੋਲਨਕਾਰੀ ਕਿਸਾਨਾਂ ਵੱਲੋਂ ਕੱਢੀ ਟਰੈਕਟਰ ਰੈਲੀ ਦੇ ਨਤੀਜੇ ਵਜੋਂ ਕਿਸਾਨਾਂ ਅਤੇ ਦਿੱਲੀ ਪੁਲਿਸ ਵਿਚਾਲੇ ਝੜਪਾਂ ਹੋਈਆਂ ਸਨ। ਕੁਝ ਕਿਸਾਨ ਰਸਤਾ ਬਦਲ ਕੇ ਲਾਲ ਕਿਲ੍ਹਾ ਪਹੁੰਚ ਗਏ ਜਿੱਥੇ ਨਿਸ਼ਾਨ ਸਾਹਿਬ ਝੁਲਾਉਣ ਨੂੰ ਲੈ ਕੇ ਪੁਲਿਸ ਨੇ ਕਾਫੀ ਕਿਸਾਨਾਂ ’ਤੇ ਪਰਚੇ ਦਰਜ ਕੀਤੇ ਸਨ। 

ਪੁਨੀਆ ਨੇ ਦੱਸਿਆ ਕਿ ਜਸਮਿੰਦਰ ਅਤੇ ਮਲਕੀਤ ਤੋਂ ਇਲਾਵਾ, ਉਹ ਜਗਸੀਰ ਸਿੰਘ ਅਤੇ ਜੱਸੀ ਨੂੰ ਵੀ ਮਿਲਿਆ, ਜੋ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਦੇਹਲਾ ਪਿੰਡ ਦੇ ਦੋ ਭਰੋਸੇਮੰਦ ਨੌਜਵਾਨ ਕਿਸਾਨ ਸਨ। ਇਨ੍ਹਾਂ ਨੇ ਕਿਹਾ, ‘ਇਹ ਸ਼ੇਰਾਂ ਦੀ ਕੌਮ ਹੈ, ਕਿਸਾਨਾਂ ਦੀ ਕੌਮ’, ਇਹ ਕਿਸਾਨ ਭਾਈਚਾਰਾ ਸ਼ੇਰਾਂ ਵਿੱਚੋਂ ਇੱਕ ਹੈ। ਜੱਸੀ, ਜੋ ਆਪਣੀ ਉਮਰ ਦੇ ਵੀਹਵੇਂ ਵਰ੍ਹੇ ਦੇ ਅਖੀਰਲੇ ਸਾਲਾਂ ਵਿਚ ਸੀ, ਉਹ ਕਈ ਸਾਲਾਂ ਤੋਂ,ਪ੍ਰਦਰਸ਼ਨਾਂ ਵਿਚ ਸਭ ਤੋਂ ਵੱਡੀ ਯੂਨੀਅਨ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨਾਲ ਕੰਮ ਕਰ ਰਿਹਾ ਸੀ। ਜੱਸੀ ਨੇ ਪੁਨੀਆ ਨੂੰ ਦੱਸਿਆ, ‘ਮੈਂ ਪਹਿਲਾਂ ਵੀ ਕਿਸਾਨਾਂ ਦੇ ਰਾਜ ਦਮਨ ਦਾ ਗਵਾਹ ਰਿਹਾ ਹਾਂ। “ਪੰਜਾਬ ਦਾ ਖੇਤੀਬਾੜੀ ਭਾਈਚਾਰਾ ਇਕ ਮਜ਼ਬੂਤ ਵਿਰੋਧ ਰੋਕਣ ਦੀ ਯੋਗਤਾ ਲਈ ਮਸ਼ਹੂਰ ਹੈ। ਅਸੀਂ ਉਸ ਇਨਕਲਾਬੀ ਲਹਿਰ ਦੇ ਵਾਰਸ ਹਾਂ।’

ਇਸੇ ਵਾਰਡ ਵਿੱਚ ਪੁਨੀਆ ਦੀ ਹਰਿਆਣੇ ਦੇ ਬਾਨੀਆਣੀ ਪਿੰਡ ਦੇ ਇਕ ਗੁਰਦੁਆਰੇ ਵਿੱਚ 70 ਸਾਲਾ ਗ੍ਰੰਥੀ ਬਾਬਾ ਜੀਤ ਸਿੰਘ ਮੁਲਾਕਾਤ ਹੋਈ। ਜੀਤ ਸਿੰਘ ਦਿੱਲੀ ਦੇ ਬਾਹਰੀ ਇਲਾਕੇ ਦੇ ਬੁੜਾਰੀ ਗਰਾਉਂਡ ਵਿੱਚ ਬੈਠੇ ਕਿਸਾਨਾਂ ਲਈ ਲੰਗਰ ਸੇਵਾ ਵਿੱਚ ਕੰਮ ਕਰ ਰਹੇ ਸਨ। ਜਦੋਂ ਨਵੰਬਰ ਦੇ ਅਖੀਰ ਵਿੱਚ ਕਿਸਾਨ ਵੱਡੀ ਗਿਣਤੀ ਵਿਚ ਦਿੱਲੀ ਦੀ ਸਰਹੱਦ ‘ਤੇ ਪਹੁੰਚੇ, ਸਰਕਾਰ ਨੇ ਉਨ੍ਹਾਂ ਨੂੰ ਇਸ ਜ਼ਮੀਨ ਨੂੰ ਸਮਝੌਤੇ ਵਜੋਂ ਵਰਤਣ ਦੀ ਪੇਸ਼ਕਸ਼ ਕੀਤੀ ਸੀ। ਕੁਝ ਕਿਸਾਨ ਉੱਥੇ ਚਲੇ ਗਏ, ਪਰ ਜ਼ਿਆਦਾਤਰਾਂ ਨੇ ਇਨਕਾਰ ਕਰ ਦਿੱਤਾ, ਇਸ ਦੀ ਬਜਾਏ, ਵੱਖ-ਵੱਖ ਥਾਵਾਂ ਨੂੰ ਦਿੱਲੀ ਭੇਜਣ ਦੀ ਚੋਣ ਕੀਤੀ। ਖ਼ਬਰਾਂ ਦੇ ਅਨੁਸਾਰ, ਜਨਵਰੀ ਦੇ ਅਖੀਰ ਵਿੱਚ, ਪੁਲਿਸ ਨੇ ਕੁਝ ਪ੍ਰਦਰਸ਼ਨਕਾਰੀਆਂ ਨੂੰ ਜਗ੍ਹਾ ਖਾਲੀ ਕਰਨ ਲਈ ਮਜਬੂਰ ਕੀਤਾ ਅਤੇ ਹੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਜੀਤ ਸਿੰਘ ਨੇ ਪੁਨੀਆ ਨੁੂੰ ਦੱਸਿਆ ਕਿ ਪਹਿਲਾਂ ਉਨ੍ਹਾਂ ‘ਤੇ ਲਾਠੀਚਾਰਜ ਕੀਤਾ ਗਿਆ ਅਤੇ ਫਿਰ ਚੁੱਕ ਲਿਆ ਗਿਆ। ਇਸੇ ਤਰ੍ਹਾਂ ਪੁਨੀਆ ਦੀ ਹਰਿਆਣਾ ਦੇ ਰੋਹਤਕ ਜ਼ਿਲੇ ਦੇ ਰੀਠਲ ਪਿੰਡ ਦੇ ਇੱਕ 60 ਸਾਲਾ ਕਿਸਾਨ ਜਗਬੀਰ ਸਿੰਘ ਨਾਲ ਮੁਲਾਕਾਤ ਹੋਈ ਜਿਨ੍ਹਾਂ ਨੂੰ ਪੁਲਿਸ ਨੇ ਪੀਰਾਗਾਧੀ ਮੈਟਰੋ ਸਟੇਸ਼ਨ ਨੇੜਿਓਂ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਤਿਹਾੜ ਵਿੱਚ ਜੇਲ੍ਹ ਭੇਜਣ ਲਈ ਗ੍ਰਿਫ਼ਤਾਰ ਕੀਤਾ ਸੀ।

ਜੀਤ ਸਿੰਘ ਨੇ ਪੁਨੀਆ ਨੂੰ ਨਰਿੰਦਰ ਗੁਪਤਾ ਨਾਲ ਮਿਲਵਾਇਆ, ਜਿਨ੍ਹਾਂ ਨੂੰ ਜੀਤ ਸਿੰਘ ਦੇ ਨਾਲ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਉਹ ਤਾਂ ਕਿਸਾਨ ਵੀ ਨਹੀਂ ਹਨ। ਉਹ ਤਾਂ ਚੁੱਪ-ਚਾਪ ਆਪਣੇ ਘਰ ਵੱਲ ਨੂੰ ਜਾ ਰਹੇ ਸਨ, ਪਰ ਅਚਾਨਕ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਤਿਹਾੜ ਜੇਲ੍ਹ ਵਿੱਚ ਬੰਦ ਕਰ ਦਿੱਤਾ। ਇਸ ਤੋਂ ਇਲਾਵਾ ਪੁਨੀਆ ਨੇ ਜੇਲ੍ਹ ਵਿੱਚ ਰਹਿਣ ਦੌਰਾਨ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਕਸਬੇ ਦੇ ਨੌਜਵਾਨ ਕਿਸਾਨਾਂ ਨਾਲ ਗੱਲਬਾਤ ਕੀਤੀ। 

ਪੁਨੀਆ ਨੇ ਦੱਸਿਆ ਕਿ ਜੇਲ੍ਹ ਵਿੱਚ ਬੰਦ ਕਿਸਾਨ ਉਸ ਨੂੰ ਮੈਨੂੰ ਪੰਜਾਬ ਦੀ ਲੋਕਧਾਰਾ ਵੀ ਦੱਸਦੇ ਸਨ, ਜਿਸ ਵਿੱਚ ਕਿਸਾਨਾਂ ਦੇ ਸੰਘਰਸ਼ ਦੀ ਕਹਾਣੀ ਸੀ। ਦੁੱਲਾ ਭੱਟੀ ਨੇ ਕਿਸਾਨਾਂ ਲਈ ਬਹੁਤ ਕੁਝ ਕੀਤਾ। ਕਿਸਾਨ ਆਪਣੇ ਆਪ ਨੂੰ ਕਦੇ ਵੀ ‘ਵਿਚਾਰਾ’ ਕਹਿ ਕੇ ਪੇਸ਼ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਇਹ ਲੜਾਈ ਹੈ, ਅਸੀਂ ਮਜ਼ਬੂਤੀ ਨਾਲ ਲੜਾਂਗੇ।

‘ਪੱਤਰਕਾਰ ਨੂੰ ਡਰਨਾ ਨਹੀਂ ਚਾਹੀਦਾ’

ਤਿਹਾੜ ਜੇਲ੍ਹ ਵਿੱਚੋਂ ਬਾਹਰ ਆ ਕੇ ਮਨਦੀਪ ਪੁਨੀਆ ਨੇ ਕਿਹਾ ਕਿ ਇੱਕ ਪੱਤਰਕਾਰ ਨੂੰ ਕਦੀ ਵੀ ਡਰਨਾ ਨਹੀਂ ਚਾਹੀਦਾ। ਉਸ ਨੇ ਕਿਹਾ ਕਿ ਉਹ ਗਰਾਉਂਡ ਜ਼ੀਰੋ ਤੋਂ ਰਿਪੋਰਟ ਕਰ ਰਿਹਾ ਸੀ, ਸਰਕਾਰ ਦੁਆਰਾ ਬਹੁਤ ਸਾਰੇ ਲੋਕਾਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ। ਉਸ ਨੇ ਸਾਰਿਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਉਸ ਨੇ ਆਪਣੇ ਵਰਗੇ ਹੋਰ ਪੱਤਰਕਾਰਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਜਿਨ੍ਹਾਂ ਨੂੰ ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ। ਕੁੱਟਮਾਰ ਮਗਰੋਂ ਵੀ ਪੁਨੀਆ ਨੇ ਹਿੰਮਤ ਦਿਖਾਉਂਦਿਆਂ ਕਿਹਾ ਕਿ ਉਹ ਨਿਸ਼ਚਤ ਤੌਰ ’ਤੇ ਸਿੰਘੂ ਬਾਰਡਰ ਜਾਵੇਗਾ। ਜਿਸ ਸੰਵੇਦਨਸ਼ੀਲਤਾ ਨਾਲ ਕਿਸਾਨ ਅੰਦੋਲਨ ਨੂੰ ਕਵਰ ਕਰਨ ਦੀ ਲੋੜ ਹੈ, ਉਹ ਕਰੇਗਾ।

ਉਸ ਨੇ ਕਿਹਾ ਕਿ ਜੋ ਵੀ ਸੱਤਾ ਦੀ ਕਮਜ਼ੋਰੀ ਨੂੰ ਉਜਾਗਰ ਕਰਦਾ ਹੈ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ। ਚਾਹੇ ਉੱਤਰ ਪ੍ਰਦੇਸ਼ ਵਿੱਚ ਮਿਡ ਡੇਅ ਮੀਲ ਵਿੱਚ ਲੂਣ-ਰੋਟੀ ਦੇਣ ਦੀ ਘਟਨਾ ਹੋਵੇ ਜਾਂ ਹਾਥਰਸ ਵਿੱਚ ਬਲਾਤਕਾਰ ਪੀੜਤਾ ਦੀ ਰਿਪੋਰਟ ਲਿਖਣ ਦਾ ਮਾਮਲਾ, ਪੱਤਰਕਾਰਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। ਉਸ ਨੇ ਕਿਹਾ ਕਿ ਪੱਤਰਕਾਰ ਨੂੰ ਡਰਨਾ ਨਹੀਂ ਚਾਹੀਦਾ, ਜਿੰਨਾ ਸਰਕਾਰ ਦਬਾਉਂਦੀ ਹੈ, ਪੱਤਰਕਾਰ ਨੂੰ ਓਨੀ ਤੇਜ਼ੀ ਨਾਲ ਉਛਲ ਕੇ ਕੰਮ ਕਰਨਾ ਚਾਹੀਦਾ ਹੈ। 

ਸਰਕਾਰ ਪੱਤਰਕਾਰਾਂ ਦੀ ਕਲਮ ਤੋਂ ਡਰਦੀ ਹੈ, ਇਸ ਲਈ ਕਲਮ ਰੁਕਣੀ ਨਹੀਂ ਚਾਹੀਦੀ। 

     – ਮਨਦੀਪ ਪੁਨੀਆ 

ਅੱਜ ਦਾ ਵਿਸ਼ੇਸ਼ ਬੁਲੇਟਿਨ