Religion

ਜਦੋਂ ਰਬਾਬ ਦੀਆਂ ਤਰੰਗਾਂ ਤੇ ਗੁਰਬਾਣੀ ਦਾ ਸੁਮੇਲ ਹੋਇਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਭਾਈ ਮਰਦਾਨਾ ਜੀ ਨੂੰ ਜੀਵਨ ਭਰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਾਥ ਪ੍ਰਾਪਤ ਹੋਇਆ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਸਦਾ ਆਪਣੇ ਅੰਗ-ਸੰਗ ਰੱਖਿਆ। ਭਾਈ ਮਰਦਾਨਾ ਜੀ ਦਾ ਜਨਮ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਲਗਭਗ 10 ਸਾਲ ਪਹਿਲਾਂ ਹੋਇਆ।

1459 ਈ: ਨੂੰ ਰਾਇ ਭੋਇ ਦੀ ਤਲਵੰਡੀ ਵਿੱਚ ਪਿਤਾ ਬਾਦਰ ਦੇ ਘਰ ਮਾਤਾ ਲੱਖੋ ਜੀ ਦੀ ਕੁੱਖੋਂ ਹੋਇਆ। ਆਪ ਆਪਣੇ ਮਾਤਾ-ਪਿਤਾ ਦੀ ਸੱਤਵੀਂ ਸੰਤਾਨ ਸਨ। ਆਪ ਜੀ ਤੋਂ ਪਹਿਲਾਂ 6 ਬੱਚੇ ਪੈਦਾ ਹੋ ਕੇ ਮਰ ਗਏ ਸਨ। ਇਸੇ ਕਰਕੇ ਆਪ ਜੀ ਨੂੰ ਆਪ ਦੇ ਮਾਤਾ-ਪਿਤਾ ‘ਮਰ ਜਾਣਾ’ ਕਹਿ ਕੇ ਪੁਕਾਰਦੇ ਸਨ। ਪਰ ਜਦੋਂ ਆਪ ਦਾ ਮਿਲਾਪ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਹੋਇਆ ਤਾਂ ਉਨ੍ਹਾਂ ਨੇ ਆਪ ਜੀ ਦਾ ਨਾਮ ਬਦਲ ਕੇ ਮਰਦਾਨਾ ਰੱਖ ਦਿੱਤਾ।

ਭਾਈ ਮਰਦਾਨਾ ਜੀ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਇੱਕ ਹੀ ਪਿੰਡ ਵਿੱਚ ਰਹੇ ਹੋਣ ਕਾਰਨ ਬਚਪਨ ਤੋਂ ਹੀ ਇੱਕ-ਦੂਸਰੇ ਨੂੰ ਜਾਣਦੇ ਸਨ। ਸੁਲਤਾਨਪੁਰ ਲੋਧੀ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮੋਦੀਖਾਨੇ ਦੀ ਨੌਕਰੀ ਛੱਡ ਦਿੱਤੀ। ਤਲਵੰਡੀ ਤੋਂ ਮਹਿਤਾ ਕਾਲੂ ਜੀ ਨੇ ਭਾਈ ਮਰਦਾਨਾ ਜੀ ਨੂੰ ਸੁਲਤਾਨਪੁਰ ਲੋਧੀ ਗੁਰੂ ਜੀ ਦੀ ਖਬਰ ਲੈਣ ਲਈ ਭੇਜਿਆ। ਪਰ ਭਾਈ ਮਰਦਾਨਾ ਜੀ ਨੇ ਜਦੋਂ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਉਹ ਗੁਰੂ ਜੀ ਦੇ ਪ੍ਰੇਮ ਰੰਗ ਵਿੱਚ ਬੱਝ ਗਏ।  ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਆਪਣੇ ਨਾਲ ਉਦਾਸੀਆਂ ‘ਤੇ ਚੱਲਣ ਲਈ ਕਿਹਾ। ਭਾਈ ਮਰਦਾਨਾ ਜੀ ਉਸੇ ਵੇਲੇ ਹੀ ਗੁਰੂ ਜੀ ਨਾਲ ਚੱਲਣ ਲਈ ਤਿਆਰ ਹੋ ਗਏ।

ਭਾਈ ਮਰਦਾਨਾ ਜੀ ਮਰਾਸੀ ਭਾਈਚਾਰਕ ਸ਼੍ਰੇਣੀ ਨਾਲ ਸਬੰਧਿਤ ਹੋਣ ਕਰਕੇ ਰਬਾਬ ਦੇ ਚੰਗੇ ਵਜੰਤ੍ਰੀ ਸਨ। ਇਹ ਕਲਾ ਉਨ੍ਹਾਂ ਨੂੰ ਵਿਰਾਸਤ ਵਿੱਚੋਂ ਹੀ ਮਿਲੀ ਸੀ। ਗੁਰੂ ਜੀ ਉਨ੍ਹਾਂ ਦੀ ਇਸ ਕਲਾ ਦੇ ਪ੍ਰਸ਼ੰਸਕ ਸਨ। ਇੱਧਰ ਧੁਰ ਕੀ ਬਾਣੀ ਆਉਂਦੀ,ਉੱਧਰ ਭਾਈ ਮਰਦਾਨਾ ਜੀ ਦੀ ਰਬਾਬ ਦੀਆਂ ਤਾਰਾਂ ਦੀ ਰਸਵਾਦੀ ਧੁਨ ਸ਼ੁਰੂ ਹੋ ਜਾਂਦੀ। ਧੁਰ ਦਾ ਸ਼ਬਦ ਸੱਚਖੰਡ ਵਿੱਚੋਂ ਅਗੰਮੀ ਧੁਨੀ ਲਹਿਰਾਂ ਉੱਪਰ ਬਿਰਾਜਮਾਨ ਹੋ ਕੇ ਗੁਰੂ ਜੀ ਦੇ ਅਧਿਆਤਮ ਵਿੱਚ ਉੱਤਰਦਾ ਤਾਂ ਗੁਰੂ ਜੀ ਉਸ ਸ਼ਬਦ ਨੂੰ ਮੁੜ ਉਚਾਰਿਤ ਕਰਦੇ। ਇਹ ਬਾਣੀ ਫਿਰ ਭਾਈ ਮਰਦਾਨਾ ਜੀ ਦੀ ਰਬਾਬ ਦੀਆਂ ਤਰੰਗਾਂ ਵਿੱਚੋਂ ਹੋ ਕੇ ਸਮਾਜ ਦੀ ਅੱਗ ਵਿੱਚ ਤੱਪਦੀ ਹੋਈ ਲੋਕਾਈ ਨੂੰ ਪਰਮਾਤਮਾ ਨਾਲ ਜੋੜ ਕੇ ਠੰਢ ਵਰਤਾਈ।

ਭਾਈ ਮਰਦਾਨਾ ਜੀ ਨੇ ਖੁਦ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਰੂਹਾਨੀ ਮਿਸ਼ਨ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਦੀ ਦੂਰ-ਦ੍ਰਿਸ਼ਟੀ ਅਤੇ ਕਲਿਆਣਕਾਰੀ ਨਜ਼ਰ ਨੇ ਗੁਰੂ ਸਾਹਿਬ ਜੀ ਨਾਲ ਸਮਾਜ ਨੂੰ ਤਾਰਨ ਦੇ ਮਹਾਨ ਉਦੇਸ਼ ‘ਚ ਨਾਲ ਚੱਲਣ ਦਾ ਫ਼ੈਸਲਾ ਕੀਤਾ।