Human Rights India Khaas Lekh

ਛੱਤੀਸਗੜ੍ਹ ਦੇ ਪਿੰਡ ’ਚ ਗੰਦੇ ਨਾਲੇ ਦਾ ਪਾਣੀ ਪੀ ਰਹੇ ਲੋਕ, ਇੱਕ ਵੀ ਨਲਕਾ ਨਹੀਂ, ਪਿਛਲੇ ਸਾਲ ਵੀ ਸਾਹਮਣੇ ਆਇਆ ਸੀ ਮਾਮਲਾ

’ਦ ਖ਼ਾਲਸ ਬਿਊਰੋ: ਬੀਜੇਪੀ ਨੂੰ ਸੱਤਾ ਹਾਸਲ ਕੀਤਿਆਂ 7 ਸਾਲ ਬੀਤ ਗਏ ਹਨ। ਮੋਦੀ ਸਰਕਾਰ ਵੱਲੋਂ ਦੇਸ਼ ਅੰਦਰ ‘ਵਿਕਾਸ’ ਬਹੁਤ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ। ਪਰ ਜ਼ਮੀਨੀ ਹਕੀਕਤ ਕੁਝ ਹੋਰ ਅਸਲੀਅਤ ਬਿਆਨ ਕਰਦੀ ਹੈ। ਮੌਜੂਦਾ ਸਮੇਂ ਵਿੱਚ ਦੇਸ਼ ਦੇ ਹਰ ਨਾਗਰਿਕ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਾਉਣਾ ਬੇਹੱਦ ਜ਼ਰੂਰੀ ਹੈ। ਪਰ ਬੀਜੇਪੀ ਸ਼ਾਸਨ ਵਿੱਚ ਦੇਸ਼ ਦੇ ਕਈ ਹਿੱਸਿਆਂ ਅੰਦਰ ਪੀਣ ਵਾਲੇ ਪਾਣੀ ਦੀ ਕਿੱਲਤ ਵੇਖੀ ਜਾ ਸਕਦੀ ਹੈ। ਤਾਜ਼ਾ ਮਾਮਲਾ ਛੱਤੀਸਗੜ ਦਾ ਸਾਹਮਣੇ ਆਇਆ ਹੈ, ਜਿੱਥੇ ਮਹਿਲਾਵਾਂ ਨਾਲੇ ਦਾ ਗੰਦਾ ਪਾਣੀ ਭਰਦੀਆਂ ਵੇਖੀਆਂ ਜਾ ਸਕਦੀਆਂ ਹਨ। 

ਛੱਤੀਸਗੜ੍ਹ ਦੇ ਪਿੰਡ ਕੁੰਦਰੂ ਵਿੱਚ ਇੱਕ ਵੀ ਨਲਕਾ ਜਾਂ ਟੂਟੀ ਨਹੀਂ ਹੈ ਤੇ ਨਾ ਹੀ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਕੀਤਾ ਗਿਆ ਹੈ। ਨਲਕੇ ਦੀ ਘਾਟ ਹੋਣ ਕਰਕੇ ਪਿੰਡ ਵਾਸੀ ਗੰਦੇ ਨਾਲੇ ਦਾ ਪਾਣੀ ਪੀਣ ਹੀ ਲਈ ਮਜਬੂਰ ਹਨ। ਮਹਿਲਾਵਾਂ ਟੋਏ ਪੁੱਟ-ਪੁੱਟ ਤੇ ਗੰਦਾ ਪਾਣੀ ਕੱਢ ਰਹੀਆਂ ਹਨ। ਜ਼ਮੀਨ ’ਚੋਂ ਨਿਕਲੇ ਗੰਦੇ ਪਾਣੀ ਦੀਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਇਲਾਕੇ ਵਿੱਚ ਪਿਛਲੇ ਸਾਲ ਵੀ ਅਜਿਹੀ ਸਮੱਸਿਆ ਸਾਹਮਣੇ ਆਈ ਸੀ ਪਰ ਪ੍ਰਸ਼ਾਸਨ ਅੱਜ ਤਕ ਇਸ ਮਸਲੇ ਨੂੰ ਅਣਦੇਖਿਆ ਕਰ ਰਿਹਾ ਹੈ। 

ਇਹ ਮਾਮਲਾ ਸਾਹਮਣੇ ਆਉਣ ਪਿੱਛੋਂ ਲੋਕ ਇਸ ਮੁੱਦੇ ਨੂੰ ਮਨੁੱਖੀ ਅਧਿਕਾਰਾਂ ਨਾਲ ਜੋੜ ਕੇ ਵੇਖ ਰਹੇ ਹਨ। ਬਲਰਾਮਪੁਰ ਦੀ ਜ਼ਿਲ੍ਹਾ ਪੰਚਾਇਤ ਦੀ ਸੀਈਓ ਨੇ ਕਿਹਾ ਹੈ ਕਿ ਇਸ ਖੇਤਰ ਵਿਚ ਪੀਣ ਵਾਲੇ ਪਾਣੀ ਲਈ ਖ਼ੂਹ ਵਧੇਰੇ ਢੁਕਵਾਂ ਵਿਕਲਪ ਹੈ। ਜੇ ਲੋਕ ਖੂਹ ਚਾਹੁੰਦੇ ਹਨ, ਤਾਂ ਜ਼ਿਲ੍ਹਾ ਪੱਧਰੀ ਟੀਮ ਭੇਜ ਕੇ ਉਨ੍ਹਾਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੀਣ ਵਾਲੇ ਸਵੱਛ ਪਾਣੀ ਦੇ ਪ੍ਰਬੰਧ ਕਰਨ ਲਈ ਇੱਕ ਟੀਮ ਨੂੰ ਇਲਾਕੇ ਵਿੱਚ ਭੇਜਿਆ ਗਿਆ ਹੈ ਤਾਂ ਜੋ ਲੋਕ ਸਾਫ ਪਾਣੀ ਪੀ ਸਕਣ, ਨਹੀਂ ਤਾਂ ਲੋਕ ਬਿਮਾਰ ਹੋ ਜਾਣਗੇ। 

ਕਾਂਕੇਰ ’ਚ ਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ ਪੀਣ ਵਾਲੇ ਪਾਣੀ ਦਾ ਸੰਕਟ 

ਛੱਤੀਸਗੜ੍ਹ ਦੇ ਕਾਂਕੇਰ ਨਗਰ ਪਾਲਿਕਾ ਖੇਤਰ ਵਿੱਚ ਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੀਣ ਵਾਲੇ ਪਾਣੀ ਦਾ ਸੰਕਟ ਹੋਰ ਗਹਿਰਾ ਹੋ ਗਿਆ ਹੈ। ਇਸ ਖੇਤਰ ਵਿੱਚ ਪਿਛਲੇ ਇੱਕ ਮਹੀਨੇ ਤੋਂ ਪਾਣੀ ਦੀ ਸਪਲਾਈ ਸਹੀ ਤਰੀਕੇ ਨਾਲ ਨਹੀਂ ਹੋ ਰਹੀ, ਜਿਸ ਕਾਰਨ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਭਾਰੀ ਮੁਸ਼ੱਕਤ ਕਰਨੀ ਪੈ ਰਹੀ ਹੈ। 

ਆਮ ਲੋਕ ਇਸ ਸਮੱਸਿਆ ਦਾ ਹੱਲ ਨਾ ਮਿਲਣ ਕਾਰਨ ਬਹੁਤ ਪ੍ਰੇਸ਼ਾਨ ਹਨ। ਇਸ ਮਸਲੇ ਦੇ ਖ਼ਬਰਾਂ ਵਿੱਚ ਆਉਣ ਮਗਰੋਂ ਮਿਊਂਸਪੈਲਟੀ ਦੇ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ ਹੈ। ਪ੍ਰਸ਼ਾਸਨ ਪੀਣ ਵਾਲੇ ਪਾਣੀ ਦੇ ਸੰਕਟ ਨਾਲ ਨਜਿੱਠਣ ਲਈ ਕੋਈ ਢੁਕਵੇਂ ਕਦਮ ਨਹੀਂ ਚੁੱਕ ਰਿਹਾ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਦੋ ਜਾਂ ਤਿੰਨ ਦਿਨਾਂ ਵਿੱਚ ਮਹਿਜ਼ ਇੱਕ ਪਾਣੀ ਦਾ ਟੈਂਕਰ ਆਉਂਦਾ ਹੈ, ਜਿਸ ਨਾਲ ਗੁਜ਼ਾਰਾ ਕਰਨਾ ਸੰਭਵ ਤਾਂ ਨਹੀਂ, ਫਿਰ ਵੀ ਉਹ ਕਿਸੇ ਤਰ੍ਹਾਂ ਘੱਟ ਪਾਣੀ ਵਿੱਚ ਹੀ ਗੁਜ਼ਾਰਾ ਕਰ ਲੈਂਦੇ ਹਨ। 

ਪਿਛਲੇ ਸਾਲ ਵੀ ਆਈ ਸੀ ਪਾਣੀ ਦੀ ਕਿੱਲਤ, ਸਰਕਾਰ ਨੇ ਨਹੀਂ ਲਿਆ ਸਬਕ 

ਦੱਸ ਦੇਈਏ ਕਿ ਇਸਤੋਂ ਪਹਿਲਾਂ ਵੀ ਬਲਰਾਮਪੁਰ ਜ਼ਿਲ੍ਹੇ ਦੇ ਹੋਰਨਾਂ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਵੱਡੀ ਕਿੱਲਤ ਸਾਹਮਣੇ ਆਈ ਸੀ। ਮੀਡੀਆ ਦੀਆਂ ਖ਼ਬਰਾਂ ਮੁਤਾਬਕ ਪਿਛਲੇ ਸਾਲ ਬਲਰਾਮਪੁਰ ਜ਼ਿਲ੍ਹੇ ਦੇ ਪਿੰਡ ਸੁਰਸਾ ਵਿੱਚ ਸਾਫ ਪਾਣੀ ਕਿੱਲਤ ਸੀ। ਪਿੰਡ ਦੇ ਵਸਨੀਕਾਂ ਨੇ ਦੱਸਿਆ ਕਿ ਉਹ ਨਹਾਉਣ, ਬਰਤਨ ਸਾਫ਼ ਕਰਨ, ਕੱਪੜੇ ਧੋਣ, ਖਾਣਾ ਬਣਾਉਣ ਤੇ ਪੀਣ ਲਈ ਵੀ ਇੱਕੋ ਪਾਣੀ ਵਰਤਦੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਉੱਥੇ ਨਾ ਤਾਂ ਕੋਈ ਖੂਹ ਹੈ ਅਤੇ ਨਾ ਹੀ ਕੋਈ ਤਲਾਅ, ਜਿੱਥੋਂ ਉਹ ਪੀਣ ਵਾਲਾ ਪਾਣੀ ਲੈ ਸਕਣ।

ਹੁਣ ਇਸ ਸਾਲ ਫਿਰ ਇਹ ਮਸਲਾ ਸਾਹਮਣੇ ਆਉਣ ਤੋਂ ਬਾਅਦ ਸੂਬੇ ਦੇ ਵਡਰਾਫਰ ਨਗਰ ਦੇ ਸਬ-ਡਿਵੀਜ਼ਨਲ ਮੈਜਿਸਟਰੇਟ (ਐਸ.ਡੀ.ਐਮ.) ਨੇ ਕਿਹਾ ਹੈ ਕਿ ਜਲਦੀ ਹੀ ਸੁਰਸਾ ਪਿੰਡ ਵਿੱਚ ਇੱਕ ਹੈਂਡ ਪੰਪ ਦਾ ਪ੍ਰਬੰਧ ਕੀਤਾ ਜਾਵੇਗਾ।

ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ 

ਇਸ ਮਾਮਲੇ ਸਬੰਧੀ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕਈ ਦਿਨਾਂ ਤਕ ਨਗਰ ਨਿਗਮ ਪ੍ਰਸ਼ਾਸਨ ਨੇ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਕੋਈ ਖ਼ਾਸ ਪਹਿਲ ਨਹੀਂ ਕੀਤੀ। ਇਸ ਤੋਂ ਨਾਰਾਜ਼ ਲੋਕਾਂ ਨੇ ਟੇਪਨਲ ਦਾ ਕੁਨੈਕਸ਼ਨ ਕੱਟਣ ਦੀ ਚੇਤਾਵਨੀ ਦਿੱਤੀ ਸੀ। ਪਾਣੀ ਦੇ ਸੰਕਟ ਕਾਰਨ ਵਿਵਾਦ ਦੀ ਸਥਿਤੀ ਬਣ ਰਹੀ ਹੈ। ਇਸ ਦੇ ਬਾਵਜੂਦ ਨਗਰ ਪਾਲਿਕਾ ਦੇ ਜ਼ਿੰਮੇਵਾਰ ਅਧਿਕਾਰੀ ਇਸ ਸਮੱਸਿਆ ਨਾਲ ਨਜਿੱਠਣ ਲਈ ਗੰਭੀਰ ਨਜ਼ਰ ਨਹੀਂ ਆ ਰਹੇ।

ਸੋਸ਼ਲ ਮੀਡੀਆ ’ਤੇ ਗਰਮਾਇਆ ਮੁੱਦਾ

ਮਹਿਲਾਵਾਂ ਦੀਆਂ ਗੰਦੇ ਨਾਲੇ ਵਿੱਚੋਂ ਪਾਣੀ ਭਰਨ ਦੀਆਂ ਤਸਵੀਰਾਂ ਵਾਇਰਲ ਹੋਣ ਮਗਰੋਂ ਇਹ ਮੁੱਦਾ ਸੋਸ਼ਲ ਮੀਡੀਆ ’ਤੇ ਕਾਫੀ ਗਰਮਾ ਗਿਆ। ਲੋਕ ਸੂਬੇ ਦੇ ਮੁੱਖ ਮੰਤਰੀ ਨੂੰ ਟੈਗ ਕਰ ਕੇ ਸਵਾਲ ਪੁੱਛਣ ਲੱਗੇ। ਸਾਫ਼ ਪਾਣੀ ਹਰ ਨਾਗਰਿਕ ਦਾ ਅਧਿਕਾਰ ਹੈ, ਇਸ ਲਈ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਕਾਰਕੁੰਨ ਵੀ ਇਸ ਮਾਮਲੇ ’ਤੇ ਸਰਗਰਮੀ ਨਾਲ ਆਵਾਜ਼ ਚੁੱਕ ਰਹੇ ਹਨ। ਕੁਝ ਕਾਰਕੁੰਨਾਂ ਨੇ ਇਸ ਸਬੰਧੀ ਟਵੀਟ ਕਰਕੇ ਮੁੱਖ ਮੰਤਰੀ ਨੂੰ ਸਵਾਲ ਕੀਤੇ ਹਨ। 

Comments are closed.