India

ਛੇ ਮਹੀਨਿਆਂ ਦੀ ਬੰਦੀ ਤੋਂ ਬਾਅਦ ਕਸ਼ਮੀਰ ਦੇ ਸਕੂਲ ਖੁੱਲ੍ਹੇ,ਕੀ ਵਿਦਿਆਰਥੀ ਜਾਣਗੇ ?

ਚੰਡੀਗੜ੍ਹ- ਜੰਮੂ–ਕਸ਼ਮੀਰ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੇ ਮੁਤਾਬਿਕ ਜੰਮੂ–ਕਸ਼ਮੀਰ ਵਿੱਚ ਅੱਜ ਸਕੂਲ ਖੁੱਲ੍ਹਣ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕਸ਼ਮੀਰ ਵਾਦੀ ਵਿੱਚ ਹੁਣ ਲੰਮੇ ਸਮੇਂ ਬਾਅਦ ਸਕੂਲ ਖੁੱਲ੍ਹ ਰਹੇ ਹਨ। ਕਸ਼ਮੀਰ ਵਾਦੀ ਵਿੱਚ ਧਾਰਾ–370 ਹਟਣ ਤੋਂ ਬਾਅਦ ਬੀਤੇ ਵਰ੍ਹੇ ਅਗਸਤ ਮਹੀਨੇ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਸਨ। ਸਰਕਾਰ ਨੇ ਪਿਛਲੇ ਸਾਲ ਦੇ ਅੰਤ ਤੱਕ ਸਕੂਲ ਸੁਚਾਰੂ ਤਰੀਕੇ ਚਲਾਉਣ ਲਈ ਬਹੁਤ ਯਤਨ ਕੀਤੇ ਸਨ ਪਰ ਮਾਪਿਆਂ ਨੇ ਬੱਚਿਆਂ ਨੂੰ ਸਕੂਲ ਨਹੀਂ ਭੇਜਿਆ ਕਿਉਂਕਿ ਉਹ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਫ਼ਿਕਰਮੰਦ ਸਨ।

ਕਸ਼ਮੀਰ ਦੇ ਸਕੂਲੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਮੁਹੰਮਦ ਯੂਨਸ ਮਲਿਕ ਨੇ ਦੱਸਿਆ ਕਿ ਸਕੂਲ ਖੁੱਲ੍ਹਣ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸ਼੍ਰੀਨਗਰ ਨਗਰ ਨਿਗਮ ਅਧੀਨ ਆਉਂਦੇ ਸਕੂਲ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮੀਂ 3 ਵਜੇ ਤੱਕ ਰਹੇਗਾ, ਜਦਕਿ ਬਾਕੀ ਦੇ ਕਸ਼ਮੀਰ ਡਿਵੀਜ਼ਨ ਵਿੱਚ ਸਕੂਲਾਂ ਦਾ ਸਮਾਂ ਸਵੇਰੇ 10:30 ਵਜੇ ਤੋਂ ਸ਼ਾਮੀਂ 3:30 ਵਜੇ ਤੱਕ ਰਹੇਗਾ।

ਅਧਿਆਪਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਪੜ੍ਹਾਈ ਉੱਤੇ ਖ਼ਾਸ ਧਿਆਨ ਦੇਣ। ਵਿਦਿਆਰਥੀਆਂ ਦੀ ਪੜ੍ਹਾਈ ਦਾ ਜੋ ਨੁਕਸਾਨ ਹੋਇਆ ਹੈ, ਉਸ ਨੂੰ ਪੂਰਾ ਕਰਨ ਲਈ ਅਧਿਆਪਕਾਂ ਨੂੰ ਹੋਰ ਵਧੇਰੇ ਜ਼ੋਰ ਦੇਣਾ ਪਵੇਗਾ ਤੇ ਵਿਦਿਆਰਥੀਆਂ ਦਾ ਸਿਲੇਬਸ ਸਮੇਂ–ਸਿਰ ਮੁਕੰਮਲ ਕਰਾਉਣਾ ਹੋਵੇਗਾ। ਫ਼ੀਲਡ ਅਫ਼ਸਰਾਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਉਹ ਸਕੂਲਾਂ ਦਾ ਲਗਾਤਾਰ ਨਿਰੀਖਣ ਕਰਨ ਤੇ ਸਮੇਂ ਸਿਰ ਸਾਰੇ ਪਾਠਕ੍ਰਮ ਮੁਕੰਮਲ ਕੀਤੇ ਜਾਣ ਨੂੰ ਯਕੀਨੀ ਬਣਾਉਣ।