Punjab Religion

ਕੋਰੋਨਾਵਾਇਰਸ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਇਆ ਸੁਨੇਹਾ ਸੁਣੋ

ਚੰਡੀਗੜ੍ਹ- ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਮੂਹ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਵਾਇਰਸ ਤੋਂ ਪੂਰੇ ਵਿਸ਼ਵ ਨੂੰ ਬਚਾਉਣ ਲਈ ਸਾਨੂੰ ਵਾਹਿਗੁਰੂ ਤੋਂ ਅਰਦਾਸ ਕਰਨੀ ਚਾਹੀਦੀ ਹੈ ਅਤੇ ਇਸ ਮਹਾਂਮਾਰੀ ਤੋਂ ਬਚਣ ਲਈ ਅਹਿਤਿਆਤ ਕਦਮ ਵੀ ਜ਼ਰੂਰ ਚੁੱਕਣੇ ਚਾਹੀਦੇ ਹਨ।

ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਸਾਲ 2020–21 ਦਾ ਨਾਨਕਸ਼ਾਹੀ ਕੈਲੰਡਰ ਜਾਰੀ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ‘ਮੇਰੀ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਡਾਕਟਰਾਂ ਦੇ ਕਹੇ ਅਨੁਸਾਰ ਇਸ ਮਹਾਮਾਰੀ ਤੋਂ ਬਚਾਅ ਲਈ ਸਾਵਧਾਨੀ ਤੇ ਰੋਕਥਾਮ ਦੇ ਸਾਰੇ ਕਦਮ ਚੁੱਕੋ।’

ਪੱਤਰਕਾਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੁੱਛਿਆ ਕਿ ਕੀ ਕੋਰੋਨਾ ਵਾਇਰਸ ਕਾਰਨ ਕਰਤਾਰਪੁਰ ਸਾਹਿਬ ਗੁਰੂਘਰ ਦੇ ਦਰਸ਼ਨ ਸ਼ਰਧਾਲੂਆਂ ਲਈ ਬੰਦ ਕਰਨ ਦੀ ਕੋਈ ਸੰਭਾਵਨਾ ਹੈ?  ਤਾਂ ਜਵਾਬ ਵਿੱਚ ਜੱਥੇਦਾਰ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਨਹੀਂ ਰੋਕਣਾ ਚਾਹੀਦਾ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇ ਪਾਕਿਸਤਾਨ ਨੂੰ ਜਾਣ ਵਾਲੇ ਸ਼ਰਧਾਲੂਆਂ ‘ਤੇ ਰੋਕ ਲਾਈ ਜਾਂਦੀ ਹੈ, ਤਾਂ ਅਜਿਹੀ ਰੋਕ ਸਾਰੇ ਦੇਸ਼ਾਂ ਨੂੰ ਜਾਣ ਵਾਲੇ ਤੀਰਥ–ਯਾਤਰੀਆਂ ਉੱਤੇ ਵੀ ਲੱਗਣੀ ਚਾਹੀਦੀ ਹੈ। ਸਿਰਫ਼ ਕਰਤਾਰਪੁਰ ਸਾਹਿਬ ਜਾਣ ਵਾਲੇ ਤੀਰਥ–ਯਾਤਰੀਆਂ ਉੱਤੇ ਹੀ ਰੋਕ ਨਹੀਂ ਲੱਗਣੀ ਚਾਹੀਦੀ।

ਕੋਰੋਨਾ ਵਾਇਰਸ ਕਾਰਨ ਇੰਗਲੈਂਡ ਦੇ ਗੁਰਦੁਆਰਾ ਸਾਹਿਬਾਨ ਵੀਕਐਂਡਜ਼ (ਹਫ਼ਤਿਆਂ ਦੇ ਅੰਤ ਭਾਵ ਸਨਿੱਚਰਵਾਰ–ਐਤਵਾਰ) ਮੌਕੇ ਬੰਦ ਰੱਖੇ ਜਾਣ ‘ਤੇ ਪੁੱਛੇ ਸੁਆਲ ਦੇ ਜੁਆਬ ’ਚ ਜੱਥੇਦਾਰ ਨੇ ਕਿਹਾ ਕਿ ਉੱਥੋਂ ਦੇ ਅਧਿਕਾਰੀ ਅਜਿਹੇ ਫ਼ੈਸਲੇ ਲੈਣ ਦੇ ਸਮਰੱਥ ਹਨ। ਉਨ੍ਹਾਂ ਨੇ ਮੌਜੂਦਾ ਹਾਲਾਤ ਮੁਤਾਬਕ ਹੀ ਅਜਿਹਾ ਫ਼ੈਸਲਾ ਲਿਆ ਗਿਆ ਹੈ।