India

ਕੋਰੋਨਾਵਾਇਰਸ:- ਸਾਡੀ ਸਭ ਦੀ ਸੇਵਾ ‘ਚ ਡਟੇ ਇੱਕ ਪ੍ਰਸ਼ਾਸਨਿਕ ਅਧਿਕਾਰੀ ਦੀ ਭਾਵੁਕ ਅਪੀਲ

ਚੰਡੀਗੜ੍ਹ- ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਦੇਸ਼ ਦੇ ਇੱਕ ਪ੍ਰਸ਼ਾਸਨਿਕ ਅਧਿਕਾਰੀ ਨੇ ਤੁਹਾਡੇ ਨਾਂ ਇੱਕ ਭਾਵੁਕ ਸੰਦੇਸ਼ ਭੇਜਿਆ ਹੈ। ਇਹ ਸੰਦੇਸ਼ ਸਾਨੂੰ ਸਭ ਨੂੰ ਪੜਨਾ ਚਾਹੀਦਾ ਹੈ ਅਤੇ ਅੱਗੇ ਸਭ ਨੂੰ ਦੱਸਣਾ ਵੀ ਚਾਹੀਦਾ ਹੈ ਤਾਂ ਕਿ ਜਿਹੜੇ ਲੋਕ ਅਜੇ ਵੀ ਇਸ ਬਿਮਾਰੀ ਨੂੰ ਮਜ਼ਾਕ ਸਮਝ ਰਹੇ ਹਨ,ਉਹ ਗੰਭੀਰ ਹੋ ਜਾਣ। ਪੂਰਾ ਸੰਦੇਸ਼ ਇੰਨ-ਬਿੰਨ ਇੱਥੋਂ ਪੜ੍ਹ ਸਕਦੇ ਹੋ।

”ਪਿਆਰੇ ਦੇਸ਼ ਵਾਸੀਓ, ਅਸੀਂ ਹਮੇਸ਼ਾ ਹੀ ਦੇਸ਼ ਦੇ ਸਾਹਮਣੇ ਆਉਣ ਵਾਲੀ ਹਰ ਸਮੱਸਿਆਵਾਂ ਦਾ ਸਾਹਮਣਾ ਹਮੇਸ਼ਾ ਹੀ ਬਹਾਦਰੀ ਅਤੇ ਸੂਝਬੂਝ ਨਾਲ ਕੀਤਾ ਹੈ ਪਰ ਇਸ ਸਮੇਂ ਨਾ ਸਿਰਫ਼ ਸਾਡੇ ਦੇਸ਼ ਸਾਹਮਣੇ ਬਲਕਿ ਪੂਰੀ ਮਾਨਵਤਾ ਦੇ ਸਾਹਮਣੇ ਵਜੂਦ ਦੀ ਬਹੁਤ ਵੱਡੀ ਚੁਣੌਤੀ ਕੋਰੋਨਾਵਾਇਰਸ ਦੇ ਰੂਪ ਵਿੱਚ ਆਈ ਹੈ ਤੇ ਇਸ ਸਮੇਂ ਸਾਡਾ ਸਾਰਿਆਂ ਦਾ ਇਹ ਪਹਿਲਾ ਫਰਜ਼ ਬਣਦਾ ਹੈ ਕਿ ਅਸੀਂ ਹੇਠ ਲਿਖੀਆਂ ਕੁੱਝ ਗੱਲਾਂ ਦਾ ਧਿਆਨ ਰੱਖੀਏ ਅਤੇ ਇਸ ਨਾ-ਮੁਰਾਦ ਬਿਮਾਰੀ ਤੋਂ ਖ਼ੁਦ ਵੀ ਬਚੀਏ ਅਤੇ ਹੋਰਾਂ ਨੂੰ ਵੀ ਬਚਾਈਏ।

  1. ਆਪਣੀ ਅਤੇ ਆਪਣੇ ਆਸ-ਪਾਸ ਦੀ ਸਾਫ਼-ਸਫਾਈ ਰੱਖੋ ਅਤੇ ਖ਼ਾਸ ਕਰਕੇ ਆਪਣੇ ਹੱਥਾਂ ਨੂੰ ਬਾਰ-ਬਾਰ ਸਾਬਣ ਜਾਂ ਫਿਰ ਕਿਸੇ ਅਲਕੋਹਲ ਯੁਕਤ ਤਰਲ ਨਾਲ ਧੋਵੋ ।
  2. ਬਿਨਾਂ ਜ਼ਰੂਰਤ ਤੋਂ ਜਿਆਦਾ ਇੱਕਠ ਵਿੱਚ ਜਾਣ ਤੋਂ ਬਚੋ ।
  3. ਬਜ਼ੁਰਗ ਅਤੇ ਬੱਚਿਆਂ ਦਾ ਖ਼ਾਸ ਧਿਆਨ ਰੱਖੋ ।
  4. ਜਿੱਥੋਂ ਤੱਕ ਹੋ ਸਕੇ ਅਫ਼ਵਾਹਾਂ ਤੋਂ ਬਚੋ।
  5. ਬਾਹਰ ਤੋਂ ਆਏ ਵਿਅਕਤੀਆਂ ਦੇ ਨੇੜੇ ਜਾਣ ਤੋਂ ਲੱਗਭਗ 15 -20 ਦਿਨਾਂ ਤੱਕ ਖ਼ਾਸ ਤੌਰ ‘ਤੇ ਪਰਹੇਜ਼ ਕਰੋ ਅਤੇ ਜੇਕਰ ਕਿਸੇ ਵਿਅਕਤੀ ਵਿੱਚ ਕੋਰੋਨਾ ਦੇ ਲੱਛਣ ਦਿਖਾਈ ਦੇਣ ਤਾਂ ਅਜਿਹੇ ਸਾਰੇ ਵਿਅਕਤੀਆਂ ਦੀ ਜਾਣਕਾਰੀ ਤੁਰੰਤ ਸੰਬੰਧਤ ਸਰਕਾਰੀ ਅਧਿਕਾਰੀਆਂ ਨਾਲ ਸਾਂਝੀ ਵੀ ਕਰੋ।
  6. ਅਜਿਹਾ ਕੋਈ ਵੀ ਵਿਅਕਤੀ ਜੋ ਹੁਣੇ -ਹੁਣੇ ਕਿਸੇ ਵੀ ਬਾਹਰਲੇ ਦੇਸ਼ ਖ਼ਾਸ ਕਰ ਕਿਸੇ ਕੋਰੋਨਾ ਪ੍ਰਭਾਵਤ ਦੇਸ਼ ਦੀ ਯਾਤਰਾ ਕਰਕੇ ਮੁੜਿਆ ਹੈ , ਉਹ ਘੱਟ ਤੋਂ ਘੱਟ 14-15 ਦਿਨ ਤੱਕ ਆਪਣੇ ਘਰ ਵਿੱਚ ਬਿਲਕੁਲ ਇਕੱਲਾ ਰਹੇ ਤਾਂ ਕਿ ਇਹ ਬਿਮਾਰੀ ਪਰਿਵਾਰ ਦੇ ਬਾਕੀ ਮੈਂਬਰਾਂ ਜਾਂ ਸਮਾਜ ਦੇ ਕਿਸੇ ਦੂਜੇ ਵਿਅਕਤੀ ਨੂੰ ਨਾ ਲੱਗੇ ਕਿਉਂਕਿ ਇਹ ਬਿਮਾਰੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀਆਂ ਵਿੱਚ ਬਹੁਤ ਤੇਜ਼ੀ ਨਾਲ ਫੈਲਦੀ ਹੈ ।
  7. ਜੇਕਰ ਕਿਸੇ ਨੂੰ ਖੰਘ, ਬੁਖ਼ਾਰ ਜਾਂ ਸਾਹ ਲੈਣ ਵਿੱਚ ਤਕਲੀਫ਼ ਹੋਵੇ ਤਾਂ ਤੁਰੰਤ ਡਾਕਟਰ ਨੂੰ ਦਿਖਾਓ ।
  8. ਜਿਆਦਾ ਜਾਣਕਾਰੀ ਲਈ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਦਿੱਤੀ ਜਾਣਕਾਰੀ ਉੱਤੇ ਹੀ ਭਰੋਸਾ ਕਰੋ ।
  9. ਸਿਹਤ ਸੰਬੰਧੀ ਮਾਹਿਰਾਂ ਦੇ ਮੁਤਾਬਕ ਇਸ ਬਿਮਾਰੀ ਤੋਂ ਘਬਰਾਉਣ ਦੀ ਨਹੀਂ ਬਲਕਿ ਹਿੰਮਤ, ਸਮਝਦਾਰੀ , ਸਹੀ ਸਮੇਂ ‘ਤੇ ਇਲਾਜ ਅਤੇ ਅਤੀ ਵਿਸ਼ੇਸ਼ ਸਾਵਧਾਨੀ ਦੀ ਲੋੜ ਹੈ ਨਾ ਕਿ ਲਾਪਰਵਾਹੀ ਅਤੇ ਆਪ ਹੁਦਰੇਪਣ ਦੀ ਜੋ ਕਿ ਸਾਡੇ ਲੋਕਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ।
  10. ਜਨਤਾ ਕਰਫਿਊ ਦੀ ਪਾਲਣਾ ਵੀ ਅਸੀਂ ਸਾਰਿਆ ਨੇ ਕਰਨੀ ਹੈ ।

ਇਸ ਸਭ ਤੋਂ ਇਲਾਵਾ ਸਾਡਾ ਸਾਰਿਆਾਂ ਦਾ ਇਹ ਵੀ ਕਰਤੱਵ ਬਣਦਾ ਹੈ ਕਿ ਅਸੀਂ ਉਹਨਾਂ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ , ਡਾਕਟਰਾਂ, ਪੁਲਿਸ ਬਲਾਂ, ਸਿਹਤਕਰਮੀਆਂ ਅਤੇ ਇਸ ਚੁਣੌਤੀ ਨਾਲ ਟਾਕਰਾ ਕਰ ਰਹੇ ਹੋਰ ਸਾਰੇ ਵਿਅਕਤੀਆਂ ਦਾ ਵੀ ਹੌਂਸਲਾ ਵਧਾਈਏ ਜੋ ਲੋਕਾਂ ਦੇ ਰੁੱਖੇ ਅਤੇ ਅੜੀਅਲ ਵਿਵਹਾਰ ਦੇ ਬਾਵਜੂਦ ਆਪਣੇ ਪਰਿਵਾਰਾਂ ਦਾ ਖਿਆਲ ਕੀਤੇ ਬਿਨਾਂ ਸਾਡੇ ਸਾਰਿਆਂ ਦੀ ਕੋਰੋਨਾ ਜਿਹੀ ਅਜਿਹੀ ਨਾ-ਮੁਰਾਦ ਬਿਮਾਰੀ ਨਾਲ ਟਾਕਰਾ ਕਰਨ ਲਈ ਸੀਮਤ ਸਾਧਨਾਂ ਦੇ ਬਾਵਜੂਦ ਪੂਰੀ ਮਦਦ ਉਸ ਬਿਮਾਰੀ ਨਾਲ ਲੜਨ ਲਈ ਕਰ ਰਹੇ ਹਨ ਜਿਸ ਨੇ ਚੀਨ, ਇਟਲੀ , ਫਰਾਂਸ , ਅਮਰੀਕਾ , ਸਪੇਨ ਜਿਹੇ ਵਿਕਸਿਤ ਦੇਸ਼ਾਂ ਦੇ ਸਾਧਨਾਂ ਨੂੰ ਵੀ ਨਿਗੂਣੇ ਸਾਬਤ ਕਰ ਕੇ ਰੱਖ ਦਿੱਤਾ ਹੈ। ਇਸ ਲਈ ਆਓ ਸਾਰੇ ਮਿਲ ਕੇ ਇਸ ਮੁਸੀਬਤ ਦਾ ਸਾਹਮਣਾ ਕਰੀਏ, ਨਾ ਕਿ ਇਸ ਨਾਜ਼ੁਕ ਸਮੇਂ ‘ਤੇ ਆਪਣੇ ਹੀ ਉਹਨਾਂ ਰਖਵਾਲਿਆਂ ਦੇ ਰਾਹ ਦੇ ਰੋੜੇ ਨਾ ਬਣੀਏ ਜੋ ਸਾਡੇ ਸੁਰੱਖਿਅਤ ਭਵਿੱਖ ਦੀ ਖਾਤਰ ਆਪਣੇ ਪਰਿਵਾਰਾਂ ਅਤੇ ਘਰਾਂ ਵਿੱਚ ਬੈਠੇ ਬਜ਼ੁਰਗਾਂ ਅਤੇ ਬੱਚਿਆਂ ਦੀ ਪਰਵਾਹ ਕੀਤੇ ਬਗੈਰ ਇਸ ਬਿਮਾਰੀ ‘ਤੇ ਕਾਬੂ ਪਾਉਣ ਲਈ ਜੂਝ ਰਹੇ ਹਨ ।

ਸੋ ਮੇਰੇ ਪਿਆਰੇ ਦੋਸਤੋ, ਭੈਣੋ ਤੇ ਭਰਾਵੋ, ਇਸ ਸਮੇਂ ਸਭ ਤੋਂ ਵੱਡੀ ਲੋੜ ਹੈ ਕਿ ਜ਼ਿੰਦਗੀ ਦੇ ਇਹ ਸਾਰੇ ਰੰਗ ਜੋ ਅੱਜ ਅਸੀਂ ਮਾਣ ਰਹੇ ਹਾਂ, ਉਹਨਾਂ ਨੂੰ ਕੁੱਝ ਸਮੇਂ ਲਈ ਰੋਕ ਕਿ ਆਪੋ-ਆਪਣੇ ਘਰਾਂ ਵਿੱਚ ਬੈਠੀਏ ਅਤੇ ਸਰਕਾਰ ਦੁਆਰਾ ਚੁੱਕੇ ਜਾ ਰਹੇ ਕਦਮਾਂ ਦਾ ਸਾਥ ਦਈਏ ਤਾਂ ਕਿ ਅਸੀਂ ਜ਼ਿੰਦਗੀ ਦੇ ਇਹ ਰੰਗ ਅੱਗੇ ਵੀ ਮਾਣ ਸਕੀਏ ।

ਬਹੁਤ ਧੰਨਵਾਦ

ਪਰਹੇਜ਼ ਰੱਖੋ, ਸੁਰੱਖਿਅਤ ਰਹੋ।”

ਅਸੀਂ ਵੀ ‘ਦ ਖਾਲਸ ਟੀਵੀ ਰਾਹੀਂ ਤੁਹਾਨੂੰ ਸਭ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਇਸ ਮਹਾਂਮਾਰੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਨਾਂ ਗੱਲਾਂ ‘ਤੇ ਅਮਲ ਜ਼ਰੂਰ ਕਰੋਗੇ।