Punjab

ਕੈਪਟਨ ਗੁੰਮਸ਼ੁਦਾ! ਮੁੱਖ ਮੰਤਰੀ ਦੇ ਸ਼ਹਿਰ ‘ਚ ਕੀਹਨੇ ਲਾਏ ਫਲੈਕਸ ?

‘ਦ ਖ਼ਾਲਸ ਬਿਊਰੋ:- ਕੈਪਟਨ ਦੇ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਦੇ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਕਾਂਗਰਸ ਵੱਲੋਂ ਦਲਿਤ ਭਾਈਚਾਰੇ ਨੂੰ ਦਿੱਤੀਆਂ ਜਾਣ ਵਾਲੀਆ ਸਹੂਲਤਾਂ ਵਿੱਚ ਕਟੌਤੀ ਕਰਨ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਅਕਾਲੀਆਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਗੁੰਮਸ਼ੁਦਗੀ ਦੇ ਪੋਸਟਰ ਅਤੇ ਫਲੈਕਸਾਂ ਫੜੀਆਂ ਗਈਆਂ ਸਨ।

ਅਕਾਲੀ ਦਲ ਨੇ ਪਹਿਲਾਂ ਪਟਿਆਲਾ ਸ਼ਹਿਰ ਦੇ ਵੱਖ-ਵੱਖ ਚੌਂਕਾਂ ਵਿੱਚ ਪ੍ਰਦਰਸ਼ਨ ਕੀਤਾ ਅਤੇ ਫਿਰ ਰੋਸ ਮਾਰਚ ਕਰਦਿਆਂ ਪਟਿਆਲਾ ਦੇ ਫੁਹਾਰਾ ਚੌਂਕ ਵਿੱਚ ਪਹੁੰਚ ਕੇ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਹਰ ਵਰਗ ਨਾਲ ਧੋਖਾ ਕੀਤਾ ਹੈ ਅਤੇ ਦਲਿਤ  ਭਾਈਚਾਰੇ ਨੂੰ ਵਾਅਦੇ ਮੁਤਾਬਕ ਹੋਰ ਸਹੂਲਤਾਂ ਦੇਣ ਦੀ ਜਗ੍ਹਾ ਅਕਾਲੀ-ਭਾਜਪਾ ਸਰਕਾਰ ਦੇ ਵੇਲੇ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਵਿੱਚ ਵੀ ਕਟੌਤੀ ਕਰ ਦਿੱਤੀ ਹੈ।

ਉਨ੍ਹਾਂ ਕਾਂਗਰਸ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਕੇਂਦਰ ਵੱਲੋਂ ਭੇਜਿਆ ਰਾਸ਼ਨ ਪਹਿਲਾਂ ਸਟੋਰ ਕਰ ਲਿਆ ਅਤੇ ਬਾਅਦ ਵਿੱਚ ਉਸਨੂੰ ਲੋੜਵੰਦਾਂ ਵਿੱਚ ਵੰਡਣ ਦੀ ਜਗ੍ਹਾ ਵੇਚ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਸੰਕਟ ਦੀ ਇਸ ਘੜੀ ਵਿੱਚ ਪਤਾ ਨਹੀਂ ਕਿੱਥੇ ਜਾ ਕੇ ਲੁਕ ਗਏ ਹਨ।  ਉਨ੍ਹਾਂ ਕਿਹਾ ਕਿ ਲੋਕ ਮੁੱਖ ਮੰਤਰੀ ਨੂੰ ਲੱਭ ਰਹੇ ਹਨ ਤਾਂ ਕਿ ਉਹ ਸੂਬੇ ਦੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ, ਨਾ ਕਿ ਵੀਡਿਓ ਕਲਿੱਪਾਂ ਰਾਹੀਂ ਸਰਕਾਰ ਚਲਾਉਣ।

ਇਸ ਮੌਕੇ ਗੋਬਿੰਦ ਬਡੂੰਗਰ, ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਮੰਜੂ ਕੁਰੈਸ਼ੀ, ਹਰਬਖਸ਼ ਚਹਿਲ, ਸ਼ਾਰਦਾ ਦੇਵੀ, ਸਵਰਾਜ ਘੁੰਮਣ, ਸ਼ਾਮ ਸਿੰਘ ਅਬਲੋਵਾਲ, ਸ਼ਾਮ ਨਾਲ ਖੱਤਰੀ, ਰਾਜੀਵ ਅਟਵਾਲ ਜੋਨੀ, ਪ੍ਰਕਾਸ਼ ਸਹੋਤਾ, ਵਿਜੇ ਚੌਹਾਨ, ਰਾਜੇਸ  ਸਭਰਵਾਲ, ਕਾਂਤਾ ਚੌਹਾਨ, ਰਵਿੰਦਰਪਾਲ ਸਿੰਘ ਪਿ੍ਰੰਸ ਲਾਂਬਾ, ਮੁਨੀਸ਼ ਸਿੰਘੀ, ਰਾਜੇਸ਼ ਕਨੋਜੀਆ, ਹਰਮੀਤ ਸਿੰਘ ਬਡੂੰਗਰ, ਅਮਰਿੰਦਰ ਸਿੰਘ, ਨਵਨੀਤ ਵਾਲੀਆ, ਸੰਗੀਤਾ ਰਾਣੀ, ਰਵੀ ਕੁਮਾਰ, ਅਜੀਤ ਪੰਨੂੰ,  ਗਗਨਦੀਪ ਸਿੰਘ ਪੰਨੂੰ, ਬਿੰਦਰ ਸਿੰਘ ਨਿੱਕੂ, ਜੈ ਪ੍ਰਕਾਸ਼ ਯਾਦਵ, ਦੀਪ ਰਾਜਪੂਤ, ਜੈਦੀਪ ਗੋਇਲ, ਜਸਵਿੰਦਰ ਸਿੰਘ, ਬੱਲੀ, ਵਿਨੀਤ ਸਹਿਗਲ, ਅੰਗਰੇਜ਼ ਸਿੰਘ, ਸਰਬਜੀਤ ਗਿੰਨੀ, ਰਿੰਕੂ, ਮੋਂਟੀ ਗਰੋਵਰ, ਹਰਜੀਤ ਸਿੰਘ ਜੀਤੀ ਆਦਿ ਹਾਜ਼ਰ ਸਨ।