India International Khaas Lekh

ਕੇਂਦਰੀ ਮੰਤਰੀ ਤੇ ਮੀਡੀਆ ਬਾਬਾ ਰਾਮਦੇਵ ਦੀ ਦਵਾਈ ‘ਕੋਰੋਨਿਲ’ ਦਾ ਕਿਉਂ ਕਰ ਰਹੇ ਪ੍ਰਚਾਰ, IMA ਨੇ ਮੰਗਿਆ ਜਵਾਬ- ਖ਼ਾਸ ਰਿਪੋਰਟ

’ਦ ਖ਼ਾਲਸ ਬਿਊਰੋ: ਯੋਗ ਗੁਰੂ ਬਾਬਾ ਰਾਮਦੇਵ ਆਏ ਦਿਨ ਨਵੇਂ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ ਵੱਲੋਂ ਕੋਰੋਨਾ ਮਹਾਂਮਾਰੀ ਦੇ ਟਾਕਰੇ ਲਈ ਬਣਾਈ ਗਈ ਦਵਾਈ ਬਾਰੇ ਵਿਵਾਦ ਹਾਲੇ ਮੱਠਾ ਨਹੀਂ ਪਿਆ ਸੀ ਕਿ ਹੁਣ ਫਿਰ ਉਨ੍ਹਾਂ ਨੂੰ ਇੱਕ ਨਵੇਂ ਵਿਵਾਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੀ ਦਵਾਈ ‘ਕੋਰੋਨਿਲ’ ਇੱਕ ਵਾਰ ਫਿਰ ਤੋਂ ਸਵਾਲਾਂ ਦੀ ਘੇਰੇ ਵਿੱਚ ਹੈ। ਇਸ ਦੇ ਨਾਲ ਹੀ ਕੇਂਦਰੀ ਸਿਹਤ ਮੰਤਰੀ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਚੁੱਕੇ ਜਾ ਰਹੇ ਹਨ। ਇਸ ਵਿਵਾਦ ਵਿੱਚ ਮੁੱਖ ਧਾਰਾ ਦੇ ਮੀਡੀਆ ਦਾ ਵੀ ਨਕਾਰਾਤਮਕ ਰੋਲ ਸਾਹਮਣੇ ਆ ਰਿਹਾ ਹੈ।  

ਦਰਅਸਲ ਬੀਤੇ ਦਿਨੀਂ ਉਨ੍ਹਾਂ ਦੀ ਕੰਪਨੀ ਪਤੰਜਲੀ ਆਯੁਰਵੇਦ ਨੇ ਕਿਹਾ ਸੀ ਕਿ ਉਨ੍ਹਾਂ ਵੱਲੋਂ ਵਿਕਸਿਤ ਕੀਤੀ ਦਵਾਈ ‘ਕੋਰੋਨਿਲ’ ਨੂੰ ਕੋਵਿਡ -19 ਦੇ ਇਲਾਜ ਵਿੱਚ ਸਹਾਇਕ ਦਵਾਈ ਵਜੋਂ ਆਯੂਸ਼ ਮੰਤਰਾਲੇ ਤੋਂ ਇੱਕ ਸਰਟੀਫਿਕੇਟ ਮਿਲਿਆ ਹੈ। ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਕੰਪਨੀ ਦੀ ਇਸ ਦਵਾਈ ਵਿਸ਼ਵ ਸਿਹਤ ਸੰਗਠਨ (WHO) ਦੀ ਪ੍ਰਮਾਣੀਕਰਣ ਸਕੀਮ ਦੇ ਤਹਿਤ ਵੀ ਇੱਕ ਪ੍ਰਮਾਣ ਪੱਤਰ ਮਿਲਿਆ ਹੈ। ਪਤੰਜਲੀ ਨੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦੀ ਹਾਜ਼ਰੀ ਵਿੱਚ ਕੋਰੋਨਿਲ ਲਈ ਆਯੂਸ਼ ਮੰਤਰਾਲੇ ਤੋਂ ਪ੍ਰਮਾਣ ਪੱਤਰ ਮਿਲਣ ਦਾ ਐਲਾਨ ਕੀਤਾ ਸੀ।

ਪਤੰਜਲੀ ਦੇ ਇਸ ਉਤਪਾਦ ਨੂੰ ਕੰਪਨੀ ਨੇ ਕੋਵਿਡ-19 ਲਈ ਪਹਿਲੀ ਸਬੂਤ ਅਧਾਰਿਤ ਦਵਾਈ ਕਰਾਰ ਦਿੱਤਾ ਸੀ। ਦਵਾਈ ਦੇ ਲਾਂਚ ਪ੍ਰੋਗਰਾਮ ਦੌਰਾਨ ਜਿੱਥੇ ਬਾਬਾ ਰਾਮਦੇਵ ਅਤੇ ਕੇਂਦਰੀ ਮੰਤਰੀ ਬੈਠੇ ਸਨ, ਉਨ੍ਹਾਂ ਦੇ ਪਿੱਛੇ ਪੋਸਟਰ ’ਤੇ ਲਿਖਿਆ ਸੀ, ਇਹ ਦਵਾਈ CoPP ਤੇ WHO GMP ਦੁਆਰਾ ਪ੍ਰਮਾਣਿਤ ਹੈ, ਯਾਨੀ ਫਾਰਮਾਸਿਊਟੀਕਲ ਉਤਪਾਦ ਦੇ ਪ੍ਰਮਾਣ (CoPP) ਅਤੇ ਵਿਸ਼ਵ ਸਿਹਤ ਸੰਗਠਨ ਦੇ ਗੁਡਜ਼ ਮੈਨਿਊਫੈਕਚਰਿੰਗ ਪ੍ਰੈਟਿਸਿਸ (WHO GMP) ਤੋਂ ਵੀ ਪ੍ਰਮਾਣਿਤ ਹੈ। ਦੱਸ ਦੇਈਏ ਇਹ ਦੋਵੇਂ ਮਾਣਕ ਕਿਸੇ ਵੀ ਮੈਡੀਕਲ ਉਤਪਾਦ ਦੀ ਗੁਣਵੱਤਾ ਨੂੰ ਪ੍ਰਭਾਸ਼ਿਤ ਕਰਦੇ ਹਨ। 

ਪਤੰਜਲੀ ਆਯੁਰਵੈਦ ਉੱਚ ਅਧਿਕਾਰੀਆਂ ਵਿੱਚੋਂ ਇੱਕ, ਰਾਕੇਸ਼ ਮਿੱਤਲ ਨੇ ਵੀ ਟਵੀਟ ਕੀਤਾ ਸੀ ਕਿ ਕੋਰੋਨਿਲ ਨੂੰ WHO ਨੇ ਮਾਨਤਾ ਦੇ ਦਿੱਤੀ ਹੈ। ਪਤੰਜਲੀ ਨੇ ਆਯੁਰਵੈਦ ਦੇ ਖੇਤਰ ਵਿੱਚ ਇਤਿਹਾਸ ਰਚਿਆ ਹੈ, ਕਿਉਂਕਿ ਕੋਰੋਨਿਲ ਨੂੰ ਕੋਰੋਨਾ ਦੇ ਵਿਰੁੱਧ WHO ਦੁਆਰਾ ਮਾਨਤਾ ਪ੍ਰਾਪਤ ਪਹਿਲੀ ਸਬੂਤ ਅਧਾਰਿਤ ਦਵਾਈ ਦਾ ਦਰਜਾ ਮਿਲਿਆ ਹੈ। ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਨੇ ਇਸ ਟਵੀਟ ਨੂੰ ਡਿਲੀਟ ਕਰ ਦਿੱਤਾ ਹੈ। 


WHO ਨੇ ਖੋਲ੍ਹੀ ਬਾਬਾ ਰਾਮਦੇਵ ਦੇ ਦਾਅਵਿਆਂ ਦੀ ਪੋਲ  

ਬਾਬਾ ਰਾਮਦੇਵ ਦੁਆਰਾ ਕੋਰੋਨਿਲ ਦਵਾਈ ਲਾਂਚ ਕਰਨ ਤੋਂ ਬਾਅਦ WHO ਨੇ ਵੀ ਇੱਕ ਟਵੀਟ ਵਿੱਚ ਸਪੱਸ਼ਟ ਕਰ ਦਿੱਤਾ ਹੈ ਕਿ ਸੰਗਠਨ ਨੇ ਕੋਵਿਡ-19 ਦੇ ਇਲਾਜ ਜਾਂ ਰੋਕਥਾਮ ਲਈ ਕਿਸੇ ਵੀ ਰਵਾਇਤੀ ਦਵਾਈ ਦੀ ਸਮੀਖਿਆ ਨਹੀਂ ਕੀਤੀ ਜਾਂ ਉਸ ਨੂੰ ਪ੍ਰਮਾਣਤ ਨਹੀਂ ਕੀਤਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਬਾਬਾ ਰਾਮਦੇਵ ਸਣੇ ਦੇਸ਼ ਦੇ ਸਿਹਤ ਮੰਤਰੀ ਅਤੇ ਮੁੱਖ ਧਾਰਾ ਮੀਡੀਆ ਕਿਵੇਂ ਜਨਤਾ ਨੂੰ ਝੂਠ ਪਰੋਸ ਰਹੇ ਹਨ ਅਤੇ ਕਿਸ ਤਰ੍ਹਾਂ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤੀ ਜਾ ਰਹੀ ਹੈ। ਜਨਤਾ ਨੂੰ ਇੱਕ ਅਜਿਹੀ ਦਵਾਈ ਲੈਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜਿਸ ਨੂੰ ਹਾਲੇ ਤਕ ਪ੍ਰਮਾਣਿਤ ਵੀ ਨਹੀਂ ਕੀਤਾ ਗਿਆ। 

ਵਿਸ਼ਵ ਸਿਹਤ ਸੰਗਠਨ ਨੇ ਟਵੀਟ ਕਰਕੇ ਸਪੱਸ਼ਟ ਕਰ ਦਿੱਤਾ ਕਿ ਉਸ ਨੇ ਕੋਵਿਡ-19 ਦੀ ਰੋਕਥਾਮ ਜਾਂ ਇਲਾਜ ਨਾਲ ਸਬੰਧਿਤ ਕਿਸੇ ਵੀ ਰਵਾਇਤੀ ਦਵਾਈ ਦੀ ਨਾ ਤਾਂ ਸਮੀਖਿਆ ਕੀਤੀ ਹੈ ਅਤੇ ਨਾ ਹੀ ਉਸ ਨੂੰ ਪ੍ਰਮਾਣਿਤ ਕੀਤਾ ਹੈ। WHO ਦੇ ਦੱਖਣੀ ਪੂਰਬੀ ਏਸ਼ੀਆ ਨੇ ਇਹ ਟਵੀਟ ਕਰਕੇ ਜਾਣਕਾਰੀ ਦਿੱਤੀ। WHO ਨੇ ਟਵੀਟ ਵਿੱਚ ਲਿਖਿਆ, ‘WHO ਨੇ ਕੋਵਿਡ-19 ਦੇ ਇਲਾਜ ਲਈ ਕਿਸੇ ਰਵਾਇਤੀ ਦਵਾਈ ਦੇ ਪ੍ਰਭਾਵ ਦੀ ਸਮੀਖਿਆ ਨਹੀਂ ਕੀਤੀ ਜਾਂ ਪ੍ਰਮਾਣਿਤ ਨਹੀਂ ਕੀਤਾ #COVID19’

ਇਸ ਤੋਂ ਬਾਅਦ ਸ਼ਿਵ ਸੈਨਾ ਦੀ ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਟਵੀਟ ਕੀਤਾ, ‘ਮੈਨੂੰ ਉਮੀਦ ਹੈ ਕਿ ਕੋਰੋਨਿਲ ਨੂੰ ਉਤਸ਼ਾਹਿਤ ਕਰਨ ਦੇ ਅਜਿਹੇ ਦਾਅਵਿਆਂ ਤੋਂ ਨਾਲ ਸਿਹਤ ਮੰਤਰੀ ਦੇਸ਼ ਦੀ ਬਦਨਾਮੀ ਹੋਣ ਤੋਂ ਬਚਾਉਣਗੇ। ਮੈਨੂੰ ਆਯੁਰਵੇਦ ’ਤੇ ਯਕੀਨ ਹੈ, ਪਰ ਇਹ ਦਾਅਵਾ ਕਰਨਾ ਕਿ ਇਹ ਕੋਵਿਡ ਦੇ ਖ਼ਿਲਾਫ਼ ਗਰੰਟੀਸ਼ੁਦਾ ਇਲਾਜ ਹੈ, ਇਹ ਧੋਖਾਧੜੀ ਅਤੇ ਦੇਸ਼ ਨੂੰ ਭਰਮਾਉਣ ਦੀ ਕੋਸ਼ਿਸ਼ ਤੋਂ ਇਲਾਵਾ ਕੁਝ ਵੀ ਨਹੀਂ ਹੈ।’


ਪਤੰਜਲੀ ਦੇ ਦਾਅਵੇ ’ਤੇ IMA ਦੇ ਸਵਾਲ

ਇਸ ਤੋਂ ਬਾਅਦ ਹੁਣ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੇ ਇਸ ਦੀ ਨਿਖੇਧੀ ਕੀਤੀ ਹੈ। ਆਈਐਮਏ ਦਾ ਕਹਿਣਾ ਹੈ ਕਿ ਉਸ ਨੇ ਪਤੰਜਲੀ ਨੂੰ ਕੋਈ ਪ੍ਰਮਾਣ ਪੱਤਰ ਨਹੀਂ ਦਿੱਤਾ। ਇਸ ਦੇ ਨਾਲ ਹੀ ਆਈਐਮਏ ਨੇ ਕੇਂਦਰੀ ਸਿਹਤ ਮੰਤਰੀ ’ਤੇ ਵੀ ਸਵਾਲ ਚੁੱਕੇ ਕਿ ਉਹ ਦੇਸ਼ ਦੇ ਸਾਹਮਣੇ ਗ਼ਲਤ ਤਰੀਕੇ ਨਾਲ ਕਿਸੇ ਅਵਿਗਿਆਨਿਕ ਉਤਪਾਦ ਦਾ ਪ੍ਰਚਾਰ ਕਿਵੇਂ ਕਰ ਸਕਦੇ ਹਨ।

ਆਈਐਮਏ ਨੇ ਕਿਹਾ ਹੈ ਕਿ ਸਿਹਤ ਮੰਤਰੀ ਖ਼ੁਦ ਇੱਕ ਡਾਕਟਰ ਹਨ, ਉਨ੍ਹਾਂ ਦੀ ਹਾਜ਼ਰੀ ਵਿੱਚ ਲਾਂਚ ਕੀਤੀ ਗਈ ਇੱਕ ਦਵਾਈ ਲਈ WHO ਦੇ ਸਰਟੀਫਿਕੇਟ ਬਾਰੇ ਬੋਲਿਆ ਗਿਆ ਝੂਠ ਹੈਰਾਨ ਕਰਨ ਵਾਲਾ ਹੈ। ਆਈਐਮਏ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਸਿਹਤ ਮੰਤਰੀ ਨੂੰ ਦੇਸ਼ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ।

ਆਈਐਮਏ ਨੇ ਪੁੱਛਿਆ ਹੈ ਕਿ ਭਾਰਤ ਦੇ ਸਿਹਤ ਮੰਤਰੀ ਹੋਣ ਦੇ ਨਾਤੇ ਪੂਰੇ ਦੇਸ਼ ਨੂੰ ਅਜਿਹੇ ਝੂਠੇ ਅਨੁਮਾਨ ਜਾਰੀ ਕਰਨਾ ਕਿੰਨਾ ਵਾਜਬ ਅਤੇ ਤਰਕਸੰਗਤ ਹੈ? ਸਿਹਤ ਮੰਤਰੀ ਹੋਣ ਦੇ ਨਾਤੇ ਪੂਰੇ ਦੇਸ਼ ਦੇ ਲੋਕਾਂ ਲਈ ਅਜਿਹੇ ਝੂਠੇ ਮਨਘੜਤ ਅਵਿਗਿਆਨਕ ਉਤਪਾਦ ਜਾਰੀ ਕਰਨਾ ਕਿੰਨਾ ਉਚਿਤ ਹੈ? ਸਿਹਤ ਮੰਤਰੀ ਹੋਣ ਦੇ ਨਾਤੇ, ਇਹ ਪੂਰੇ ਦੇਸ਼ ਵਿੱਚ ਅਨੈਤਿਕ, ਗ਼ਲਤ ਅਤੇ ਗਲਤ ਤਰੀਕਿਆਂ ਨਾਲ ਉਤਪਾਦ ਨੂੰ ਉਤਸ਼ਾਹਿਤ ਕਰਨਾ ਕਿੰਨਾ ਕੁ ਨੈਤਿਕ ਹੈ?

https://twitter.com/IMAIndiaOrg/status/1363717107490435072

ਆਈਐਮਏ ਨੇ ਕਿਹਾ ਕਿ ਸਿਹਤ ਮੰਤਰੀ ਦੁਆਰਾ ਦੇਸ਼ ਭਰ ਵਿੱਚ ਇੱਕ ਗੈਰ-ਵਿਗਿਆਨਕ ਦਵਾਈ ਦੀ ਗਲਤ ਅਤੇ ਮਨਘੜਤ ਦਾਅਵੇ, ਜਿਸ ਨੂੰ ਵਿਸ਼ਵ ਸਿਹਤ ਸੰਮਗਠਨ ਨੇ ਵੀ ਰੱਦ ਕਰ ਦਿੱਤਾ ਹੈ, ਇਹ ਦੇਸ਼ ਦੇ ਲੋਕਾਂ ਲਈ ਅਪਮਾਨਜਨਕ ਹੈ ਅਤੇ ਇਹ ਦੇਸ਼ ਦੇ ਲੋਕਾਂ ਨੂੰ ਧੋਖਾ ਦੇਣਾ ਹੈ। ਆਈਐਮਏ ਨੇ ਪੁੱਛਿਆ ਕਿ ਜੇ ਕੋਰੋਨਿਲ ਸੱਚਮੁੱਚ ਕੋਰੋਨਾ ਦੀ ਰੋਕਥਾਮ ਲਈ ਪ੍ਰਭਾਵਸ਼ਾਲੀ ਹੈ ਤਾਂ ਸਰਕਾਰ ਇਸ ਦੇ ਟੀਕਾਕਰਨ ’ਤੇ 35 ਹਜ਼ਾਰ ਕਰੋੜ ਰੁਪਏ ਕਿਉਂ ਖ਼ਰਚ ਕਰ ਰਹੀ ਹੈ?


WHO ਤੇ IMA ਦੇ ਸਵਾਲਾਂ ਪਿੱਛੋਂ ਪਤੰਜਲੀ ਦਾ ਸਪੱਸ਼ਟੀਕਰਨ

WHO ਦੇ ਬਿਆਨ ਅਤੇ IMA ਦੀ ਝਾੜ ਮਗਰੋਂ ਪਤੰਜਲੀ ਦੇ ਐੱਮਡੀ ਆਚਾਰਿਆ ਬਾਲਾਕ੍ਰਿਸ਼ਨ ਨੇ ਇਸ ਬਾਰੀ ਸਪੱਸ਼ਟੀਕਰਨ ਦਿੰਦਿਆਂ ਟਵੀਟ ਕੀਤਾ ਹੈ। 

ਉਨ੍ਹਾਂ ਲਿਖਿਆ, ‘ਅਸੀਂ ਭੁਲੇਖਿਆਂ ਨੂੰ ਦੂਰ ਕਰਨ ਲਈ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਕੋਰੋਨਿਲ ਨੂੰ ਸਾਡਾ WHO GMP ਦੀ ਪਾਲਣਾ ਕਰਨ ਵਾਲਾ COPP ਸਰਟੀਫਿਕੇਟ DCGI, ਭਾਰਤ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਹੈ। ਇਹ ਸਪੱਸ਼ਟ ਹੈ ਕਿ ਵਿਸ਼ਵ ਸਿਹਤ ਸੰਗਠਨ ਕੋਈ ਵੀ ਦਵਾਈ ਦੀ ਮਨਜ਼ੂਰੀ ਜਾਂ ਨਾਮਨਜ਼ੂਰੀ ਨਹੀਂ ਦਿੰਦਾ। ਵਿਸ਼ਵ ਸਿਹਤ ਸੰਗਠਨ ਦੁਨੀਆਂ ਭਰ ਦੇ ਲੋਕਾਂ ਲਈ ਬਿਹਤਰ ਅਤੇ ਸਿਹਤਮੰਦ ਭਵਿੱਖ ਲਈ ਕੰਮ ਕਰਦਾ ਹੈ।’


ਬਾਬਾ ਰਾਮਦੇਵ ਦੀ ਦਵਾਈ ’ਤੇ ਮੁੱਖ ਧਾਰਾ ਦੇ ਮੀਡੀਆ ਦਾ ਰੁਖ਼

ਦੇਸ਼ ਦੇ ਲੋਕਾਂ ਦਾ ਮੇਨ ਸਟ੍ਰੀਮ ਮੀਡੀਆ ਤੋਂ ਭਰੋਸਾ ਉੱਠਦਾ ਜਾ ਰਿਹਾ ਹੈ। ਬਾਬਾ ਰਾਮਦੇਵ ਦੇ ਦਾਅਵਿਆਂ ’ਤੇ ਬਿਨਾ ਪੜਚੋਲ ਕੀਤੇ ਮੁੱਖ ਧਾਰਾ ਦੇ ਮੀਡੀਆ ਚੈਨਲਾਂ ਨੇ ਧੜਾਧੜ ਖ਼ਬਰਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਥੋਂ ਤਕ ਕੇ ਇੰਟਰਵਿਊ ਵੀ ਕੀਤੇ ਗਏ। ਪਰ ਬਾਅਦ ਵਿੱਚ ਜਦੋਂ ਬਾਬਾ ਰਾਮਦੇਵ ਦੇ ਦਾਅਵਿਆਂ ਦੀ ਪੋਲ ਖੁੱਲ੍ਹੀ ਤਾਂ ਇਸ ਤੇ ਮੀਡੀਆ ਦਾ ਕੋਈ ਸਪਸ਼ਟੀਕਰਨ ਨਹੀਂ ਆਇਆ। 

ਕੁਝ ਪੱਤਰਕਾਰਾਂ ਨੇ ਤਾਂ ਬਾਬਾ ਰਾਮਦੇਵ ਤੇ ਕੋਰੋਨਿਲ ਦੀ ਸ਼ਲਾਘਾ ਕਰਦਿਆਂ ਟਵੀਟ ਵੀ ਕੀਤੇ, ਜਿਨ੍ਹਾਂ ਨੂੰ ਬਾਅਦ ਵਿੱਚ ਨਾ ਹੀ ਡਿਲੀਟ ਕੀਤਾ ਗਿਆ ਅਤੇ ਨਾ ਹੀ ਉਨ੍ਹਾਂ ਬਾਰੇ ਕੋਈ ਸਪਸ਼ਟੀਕਰਨ ਦਿੱਤਾ ਗਿਆ। ਹਾਲਾਂਕਿ ਟਵਿੱਚਰ ਵੱਲੋਂ ਆਪ ਹੀ ਅਜਿਹੇ ਟਵੀਟ ਨੂੰ ਡਿਲੀਟ ਕਰ ਦਿੱਤਾ ਗਿਆ। 


ਪਹਿਲਾਂ ਵੀ ਕੋਰੋਨਿਲ ਸਬੰਧੀ ਕੀਤੇ ਦਾਅਵਿਆ ਤੋਂ ਪਲਟੇ ਸੀ ਰਾਮਦੇਵ 

ਯਾਦ ਰਹੇ ਪਹਿਲਾਂ ਵੀ ਪਤੰਜਲੀ ਨੇ ਐਲਾਨ ਕੀਤਾ ਸੀ ਕਿ ਕੋਰੋਨਿਲ ਕੋਰੋਨਾ ਬਿਮਾਰੀ ਦੇ ਇਲਾਜ ਲਈ ਕਾਰਗਰ ਦਵਾਈ ਹੈ। ਪਰ ਮਾਮਲਾ ਸਾਹਮਣੇ ਆਉਣ ਮਗਰੋਂ ਜਦੋਂ IMA ਨੇ ਨੋਟਿਸ ਲਿਆ ਤਾਂ ਪਤੰਜਲੀ ਆਪਣੇ ਦਾਅਵੇ ਤੋਂ ਮੁਕਰ ਗਈ ਸੀ। ਕੰਪਨੀ ਵੱਲੋਂ ਕਿਹਾ ਗਿਆ ਸੀ ਕਿ ਕੋਰੋਨਿਲ ਕੋਰੋਨਾ ਦੇ ਇਲਾਜ ਦੀ ਦਵਾਈ ਨਹੀਂ, ਬਲਕਿ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਵਾਲੀ ਦਵਾਈ ਹੈ। 

ਪਤੰਜਲੀ ਦੇ ਐਲਾਨ ਦੇ ਕੁਝ ਘੰਟਿਆਂ ਬਾਅਦ ਹੀ ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਨੇ ਇਸ ‘ਤੇ ਨੋਟਿਸ ਲਿਆ ਅਤੇ ਕਿਹਾ ਕਿ ਮੰਤਰਾਲੇ ਨੂੰ ਇਸ ਸਬੰਧ ਵਿੱਚ ਕੋਈ ਜਾਣਕਾਰੀ ਨਹੀਂ ਹੈ। ਪਤੰਜਲੀ ਆਯੁਰਵੇਦ ਲਿਮਟਿਡ ਨੂੰ ਦਵਾਈ ਦਾ ਨਾਮ ਅਤੇ ਉਸ ਦੇ ਘਟਕ ਦੱਸਣ ਲਈ ਕਿਹਾ ਗਿਆ ਸੀ।

ਪਤੰਜਲੀ ਤੋਂ ਸੈਂਪਲ ਸਾਈਜ਼, ਉਹ ਲੈਬ ਜਾਂ ਹਸਪਤਾਲ ਜਿੱਥੇ ਟੈਸਟ ਕੀਤਾ ਗਿਆ ਅਤੇ ਨੈਤਿਕਤਾ ਕਮੇਟੀ ਦੀ ਮਨਜ਼ੂਰੀ ਸਣੇ ਦੂਜੀਆਂ ਮਹੱਤਵਪੂਰਨ ਜਾਣਕਾਰੀਆਂ ਵੀ ਦੇਣ ਲਈ ਕਿਹਾ ਗਿਆ। ਮੰਤਰਾਲੇ ਨੇ ਪਤੰਜਲੀ ਦੀ ਇਸ ਦਵਾਈ ਦੇ ਪ੍ਰਚਾਰ-ਪ੍ਰਸਾਰ ‘ਤੇ ਰੋਕ ਲਗਾ ਦਿੱਤੀ ਸੀ।