Punjab

ਕਿੱਥੇ ਗਾਇਬ ਹੋ ਗਏ ਸਿੱਧੂ, ਬਿਹਾਰ ਪੁਲਿਸ ਨੇ ਘਰ ਦੇ ਬਾਹਰ ਲਾਇਆ ਸੰਮਨ ਦਾ ਨੋਟਿਸ

‘ਦ ਖ਼ਾਲਸ ਬਿਊਰੋ:- ਬਿਹਾਰ ਪੁਲਿਸ ਵੱਲੋਂ ਨਵਜੋਤ ਸਿੰਘ ਸਿੱਧੂ ਖਿਲਾਫ਼ 16 ਅਪ੍ਰੈਲ 2019 ਨੂੰ ਲੋਕ ਸਭਾ ਚੋਣਾਂ ਦੇ ਪ੍ਰਚਾਰ ਸਮੇਂ ਬਿਹਾਰ ਦੇ ਕਟਿਹਾਰ ਜਿਲ੍ਹੇ ਦੇ ਠਾਣੇ ਵਰਸੋਈ ਵਿੱਚ ਕੇਸ ਦਰਜ ਕੀਤਾ ਗਿਆ ਸੀ। ਜਿਸਦੇ ਸੰਬੰਧ ਵਿੱਚ ਬਿਹਾਰ ਪੁਲਿਸ ਪਿਛਲੇ ਕਈ ਦਿਨਾਂ ਤੋਂ ਨਵਜੋਤ ਸਿੰਘ ਸਿੱਧੂ ਨੂੰ ਲੱਭ ਰਹੀ ਹੈ।

ਦਰਅਸਲ ਚੋਣ ਜਾਬਤੇ ਦੀ ਉਲੰਘਣਾ ਦੇ ਤਹਿਤ ਸਿੱਧੂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਜਿਸਦਾ ਨੋਟਿਸ ਦੇਣ ਲਈ ਬਿਹਾਰ ਪੁਲਿਸ ਦੇ ਦੋ ਸਬ-ਇੰਸਪੈਕਟਰ ਜਨਾਰਦਨ ਰਾਮ ਅਤੇ ਜਾਵੇਦ ਅਹਿਮਦ ਪਿਛਲੇ ਪੰਜ ਦਿਨਾਂ ਤੋਂ ਅੰਮ੍ਰਿਤਸਰ ਸਾਹਿਬ ਆਏ ਹੋਏ ਹਨ ਅਤੇ ਲਗਾਤਾਰ ਸਿੱਧੂ ਦੇ ਘਰ ਦੇ ਬਾਹਰ ਚੱਕਰ ਮਾਰ ਰਹੇ ਹਨ, ਪਰ ਅਜੇ ਤੱਕ ਉਹਨਾਂ ਦੀ ਮੁਲਾਕਾਤ ਨਵਜੋਤ ਸਿੰਘ ਸਿੱਧੂ ਨਾਲ ਨਹੀਂ ਹੋ ਸਕੀ ਹੈ।

ਨਵਜੋਤ ਸਿੰਘ ਸਿੱਧੂ ਵੱਲੋਂ ਨੋਟਿਸ ਨਾ ਲਏ ਜਾਣ ਕਾਰਨ ਬਿਹਾਰ ਪੁਲਿਸ ਨੇ ਇਹ ਨੋਟਿਸ ਸਿੱਧੂ ਦੇ ਘਰ ਦੇ ਬਾਹਰ ਚਿਪਕਾ ਦਿੱਤਾ। ਉਹਨਾਂ ਆਖਿਆ ਕਿ ਇਹ ਨੋਟਿਸ ਕੰਧ ‘ਤੇ ਚਿਪਕਾਉਣ ਤੋਂ ਬਾਅਦ ਸਿੱਧੂ ਨੂੰ ਇਸ ਕੇਸ ਸੰਬੰਧੀ ਜ਼ਮਾਨਤ ਅਦਾਲਤ ਤੋਂ ਕਰਵਾਉਣੀ ਪਵੇਗੀ।

ਸਿੱਧੂ ਨੂੰ ਨੋਟਿਸ ਦੇਣ ਆਏ ਇਹਨਾਂ ਕਰਮਚਾਰੀਆਂ ਦਾ ਕਹਿਣਾ ਹੈ ਕਿ ਸਾਡੀ ਸਿੱਧੂ ਨਾਲ ਮੁਲਾਕਾਤ ਨਹੀਂ ਹੋ ਰਹੀ ਹੈ ਅਤੇ ਨਾ ਹੀ ਸਿੱਧੂ ਦੇ ਦਫ਼ਤਰੀ ਕਰਮਚਾਰੀ ਇਹ ਨੋਟਿਸ ਲੈ ਰਹੇ ਹਨ। ਪੁਲਿਸ ਅਧਿਕਾਰੀਆਂ ਨੇ ਵਾਪਸ ਜਾਣ ਬਾਰੇ ਦੱਸਦਿਆਂ ਕਿਹਾ ਕਿ ਉਹ ਸਿਰਫ਼ ਉੱਚ-ਅਧਿਕਾਰੀਆਂ ਦੇ ਆਦੇਸ਼ ਮਿਲਣ ਮਗਰੋਂ ਹੀ ਵਾਪਸ ਜਾਣਗੇ।