International

ਔਮੀਕਰੌਨ ਦਾ ਖੌਫ਼ : 30 ਤੋਂ ਵੱਧ ਦੇਸ਼ਾਂ ਨੇ ਟਰੈਵਲ ਨੂੰ ਲੈ ਕੇ ਬਾਰਡਰ ਕੀਤੇ ਸੀਲ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕੋਰੋਨਾ ਵਾਇਰਸ ਦਾ ਨਵਾਂ ਵੈਰੀਅੰਟ ਓਮੀਕਰੌਨ ਦੁਨੀਆ ਭਰ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਪਿਛਲੇ ਹਫਤੇ ਵਿਚ ਹੀ ਇਹ ਦੱਖਣੀ ਅਫ਼ਰੀਕਾ ਤੋਂ ਲੈ ਕੇ 24 ਦੇਸ਼ਾਂ ਵਿਚ ਪਹੁੰਚ ਚੁੱਕਾ ਹੈ। ਦੇਰ ਰਾਤ ਅਮਰੀਕਾ ਵਿਚ ਵੀ ਇਸ ਦੇ ਇੱਕ ਕੇਸ ਦੀ ਪੁਸ਼ਟੀ ਹੋਈ। ਹੁਣ ਤੱਕ ਕੁੱਲ 30 ਤੋਂ ਜ਼ਿਆਦਾ ਦੇਸ਼ਾਂ ਨੇ ਇਸ ਵੈਰੀਅੰਟ ਨੂੰ ਰੋਕਣ ਦੇ ਲਈ ਟਰੈਵਲ ਬੈਨ ਸਣੇ ਅਪਣੇ ਬਾਰਡਰ ਸੀਲ ਕਰ ਦਿੱਤੇ ਹਨ।

ਔਮੀਕਰੌਨ ਹੁਣ ਤੱਕ ਆਸਟ੍ਰੇਲੀਆ, ਆਸਟ੍ਰੀਆ, ਬੈਲਜੀਅਮ, ਬੋਤਸਵਾਨਾ, ਕੈਨੇਡਾ, ਚੈਕ ਗਣਰਾਜ, ਡੈਨਮਾਰਕ, ਜਰਮਨੀ, ਹਾਂਗਕਾਂਗ, ਇਜ਼ਰਾਈਲ, ਇਟਲੀ, ਜਪਾਨ, ਨੀਦਰਲੈਂਡ, ਨਾਈਜੀਰਿਆ, ਪੁਰਤਗਾਲ,ਰੀਯੂਨੀਅਨ, ਸਾਊਦੀ ਅਰਬ, ਦੱਖਣੀ ਅਫ਼ਰੀਕਾ, ਸਪੇਨ, ਸਵੀਡਨ, ਸਵਿਟਜ਼ਰਲੈਂਡ, ਬ੍ਰਿਟੇਨ, ਦੱਖਣੀ ਕੋਰੀਆ ਅਤੇ ਅਮਰੀਕਾ ਤੱਕ ਪਹੁੰਚ ਗਿਆ।

ਯੂਐਨ ਦੇ ਜਨਰਲ ਸਕੱਤਰ ਐਂਟੋਨਿਓ ਨੇ ਦੁਨੀਆ ਭਰ ਦੇ ਦੇਸ਼ਾਂ ਵਿਚ ਨਵੇਂ ਵੈਰੀਅੰਟ ਨੂੰ ਰੋਕਣ ਦੇ ਲਈ ਲਗਾਏ ਗਏ ਟਰੈਵਲ ਬੈਨ ਨੂੰ ਗਲਤ ਦੱਸਿਆ। ਉਨ੍ਹਾਂ ਨੇ ਬੁਧਵਾਰ ਨੂੰ ਕਿਹਾ ਕਿ ਨਵੇਂ ਸਟਰੇਨ ਨੂੰ ਰੋਕਣ ਦੇ ਲਈ ਟਰੈਵਲ ਬੈਨ ਲਾਉਣਾ ਇੱਕ ਅਣਉਚਿਤ ਕਦਮ ਹੈ।